PTC News
Search
🔍 Search

Diljit Dosanjh: ਇੰਦੌਰ ਕੰਸਰਟ ਰੱਦ ਹੋਣ ਦੀਆਂ ਅਫ਼ਵਾਹਾਂ ’ਤੇ ਦਿਲਜੀਤ ਦੋਸਾਂਝ ਦਾ ਵੱਡਾ ਬਿਆਨ

Diljit Dosanjh: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਮੰਗਲਵਾਰ ਨੂੰ ਇੰਸਟਾਗ੍ਰਾਮ ’ਤੇ ਲਾਈਵ ਹੋ ਕੇ ਉਨ੍ਹਾਂ ਅਫ਼ਵਾਹਾਂ ਨੂੰ ਖਾਰਜ ਕੀਤਾ ਹੈ,

By  Amritpal Singh November 10th 2026 01:10 PM

Diljit Dosanjh: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਮੰਗਲਵਾਰ ਨੂੰ ਇੰਸਟਾਗ੍ਰਾਮ ’ਤੇ ਲਾਈਵ ਹੋ ਕੇ ਉਨ੍ਹਾਂ ਅਫ਼ਵਾਹਾਂ ਨੂੰ ਖਾਰਜ ਕੀਤਾ ਹੈ, ਜਿਨ੍ਹਾਂ ਵਿੱਚ ਕਿਹਾ ਜਾ ਰਿਹਾ ਸੀ ਕਿ ਸੁਰੱਖਿਆ ਚਿੰਤਾਵਾਂ ਦੇ ਚਲਦਿਆਂ ਉਨ੍ਹਾਂ ਦਾ ਆਗਾਮੀ ਇੰਦੌਰ ਕੰਸਰਟ ਰੱਦ ਹੋ ਸਕਦਾ ਹੈ।

ਆਪਣੇ ਮਜ਼ਾਕੀਆ ਅੰਦਾਜ਼ ਵਿੱਚ ਦਿਲਜੀਤ ਨੇ ਖ਼ਬਰਾਂ ਨੂੰ ਸਨਸਨੀਖੇਜ਼ ਬਣਾ ਕੇ ਪੇਸ਼ ਕਰਨ ਲਈ ਨਿਊਜ਼ ਚੈਨਲਾਂ ’ਤੇ ਤਨਜ਼ ਕੱਸਦਿਆਂ ਕਿਹਾ ਕਿ ਉਨ੍ਹਾਂ ਨੇ ਕਹਾਣੀ ਵਿੱਚ ਆਪਣਾ "ਮਸਾਲਾ" ਜੋੜਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਭਰੋਸਾ ਦਿਵਾਇਆ ਕਿ ਉਹ 15 ਨਵੰਬਰ ਨੂੰ ਇੰਦੌਰ ’ਚ ਜ਼ਰੂਰ ਸ਼ੋਅ ਕਰਨਗੇ।

ਦਿਲਜੀਤ ਨੇ ਕਿਹਾ, "15 ਤਾਰੀਖ਼ ਕੋ ਇੰਦੌਰ ਆ ਰਹੇ ਹੈਂ, 101 ਪਰਸੈਂਟ ਆ ਰਹੇ ਹੈਂ! ਸਬਸੇ ਪਹਿਲੇ ਆਕਰ ਪੋਹਾ ਖਾਏਂਗੇ, ਫਿਰ ਐਨਰਜੀ ਲੇਕਰ ਫਿਰ ਚੱਕ ਦੇ ਫੱਟੇ।" ਉਨ੍ਹਾਂ ਅੱਗੇ ਕਿਹਾ, "ਕੋਈ ਜੋ ਮਰਜ਼ੀ ਬੋਲੇ, ਮੈਂ 15 ਤਾਰੀਖ਼ ਕੋ ਜ਼ਰੂਰ ਮਿਲੂੰਗਾ। ਆਪ ਬਸ ਮੇਰੀ ਬਾਤ ਪਰ ਵਿਸ਼ਵਾਸ ਰੱਖੋ।"


ਉਨ੍ਹਾਂ ਦਾ ਆਗਾਮੀ ਇੰਦੌਰ ਕੰਸਰਟ ਉਨ੍ਹਾਂ ਰਿਪੋਰਟਾਂ ਤੋਂ ਬਾਅਦ ਵੀ ਸੁਰਖੀਆਂ ਵਿੱਚ ਆਇਆ ਹੈ, ਜਿਨ੍ਹਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਪ੍ਰਬੰਧਕਾਂ ਅਤੇ ਸਮਾਗਮ ਵਾਲੀ ਥਾਂ ਦੇ ਅਧਿਕਾਰੀਆਂ ਨੂੰ ਕਥਿਤ ਤੌਰ ’ਤੇ ਇਹ ਹਦਾਇਤ ਕੀਤੀ ਗਈ ਹੈ ਕਿ ਦਿਲਜੀਤ ਅਜਿਹੇ ਗਾਣੇ ਨਾ ਗਾਉਣ ਜੋ ਬੱਚਿਆਂ ’ਤੇ ਮਾੜਾ ਪ੍ਰਭਾਵ ਪਾ ਸਕਦੇ ਹਨ।


ਇਨ੍ਹਾਂ ਹਦਾਇਤਾਂ ਬਾਰੇ ਗੱਲ ਕਰਦਿਆਂ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੇ ਜ਼ਿਲ੍ਹਾ ਅਧਿਕਾਰੀ ਰਜਨੀਸ਼ ਸਿਨਹਾ ਨੇ ਕਿਹਾ, "...21 ਬਿਜ਼ਨਸ ਪਾਰਕ ਵਿਖੇ 15 ਨਵੰਬਰ ਨੂੰ ਦਿਲਜੀਤ ਦੋਸਾਂਝ ਦਾ ਇੱਕ ਕੰਸਰਟ ਹੋਣਾ ਤੈਅ ਹੈ। ਸਾਨੂੰ ਚੰਡੀਗੜ੍ਹ ਤੋਂ ਨਸ਼ਿਆਂ, ਸ਼ਰਾਬ ਜਾਂ ਹਥਿਆਰਾਂ ਨੂੰ ਬੜਾਵਾ ਦੇਣ ਵਾਲੇ ਗਾਣਿਆਂ ਸਬੰਧੀ ਇੱਕ ਪੱਤਰ ਮਿਲਿਆ ਸੀ... ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ, ਅਸੀਂ ਪ੍ਰਬੰਧਕਾਂ ਨੂੰ ਲਿਖ ਕੇ ਅਜਿਹੇ ਗਾਣੇ ਨਾ ਗਾਏ ਜਾਣ ਨੂੰ ਯਕੀਨੀ ਬਣਾਉਣ ਲਈ ਕਿਹਾ ਹੈ, ਕਿਉਂਕਿ ਇਹ ਬੱਚਿਆਂ ’ਤੇ ਨਕਾਰਾਤਮਕ ਪ੍ਰਭਾਵ ਪਾ ਸਕਦੇ ਹਨ..."


30 ਅਕਤੂਬਰ ਨੂੰ ਦਿਲਜੀਤ ਨੇ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ’ਚ ਇੱਕ ਖਚਾਖਚ ਭਰੇ ਸ਼ੋਅ ਨਾਲ ਆਪਣੇ 'ਔਰਾ ਟੂਰ' (Aura Tour) ਦੇ ਭਾਰਤੀ ਗੇੜ ਦੀ ਸ਼ੁਰੂਆਤ ਕੀਤੀ ਸੀ।


'ਜੀ.ਓ.ਏ.ਟੀ.' (G.O.A.T.), 'ਇੱਕ ਕੁੜੀ', 'ਲਲਕਾਰਾ', 'ਇਸ਼ਕ ਦੀ ਬਾਜ਼ੀਆਂ', 'ਨੈਣਾ' ਅਤੇ 'ਕਿੰਨੀ ਕਿੰਨੀ' ਤੋਂ ਲੈ ਕੇ 'ਕੇਸ', 'ਪੰਜਤਾਰਾ', 'ਹੱਸ ਹੱਸ' ਅਤੇ 'ਵਾਟਰ' ਤੱਕ, ਦਿਲਜੀਤ ਨੇ ਦਰਸ਼ਕਾਂ ਨੂੰ ਆਪਣੇ ਮਕਬੂਲ ਗੀਤਾਂ ਦੀ ਸੰਗੀਤਮਈ ਯਾਤਰਾ ਕਰਵਾਈ। ਸ਼ਾਮ ਦੇ ਸਭ ਤੋਂ ਵੱਧ ਉਡੀਕੇ ਜਾਣ ਵਾਲੇ ਪਲਾਂ ਵਿੱਚੋਂ ਇੱਕ ਤਦ ਆਇਆ ਜਦੋਂ ਉਨ੍ਹਾਂ ਨੇ 'ਸਾਂਸੋਂ ਕੀ ਮਾਲਾ' ਗਾਇਆ, ਜਿਸ 'ਤੇ ਭੀੜ ਵੱਲੋਂ ਭਰਵਾਂ ਹੁੰਗਾਰਾ ਮਿਲਿਆ।

Related Post