SIR ਕਰਵਾਓ, 20-25 ਹਜ਼ਾਰ ਵੋਟਾਂ ਕਟਵਾਓ ਤੇ ਆਪਣਾ MLA ਬਣਾਓ , BJP ਆਗੂ ਰੇਣੂ ਕਸ਼ਯਪ ਨੇ ਦਿੱਤਾ ਵਿਵਾਦਿਤ ਬਿਆਨ

ਵੀਡੀਓ ਵਾਇਰਲ ਹੋਣ ਮਗਰੋਂ ਰੇਣੂ ਕਸ਼ਯਪ ਨੇ ਮੀਡੀਆ ਸਾਹਮਣੇ ਆਪਣਾ ਪੱਖ ਰੱਖਿਆ ਹੈ। ਉਨ੍ਹਾਂ ਨੇ ਵਿਰੋਧੀ ਧਿਰਾਂ ਅਤੇ ਸੋਸ਼ਲ ਮੀਡੀਆ 'ਤੇ ਸ਼ਰਾਰਤੀ ਅਨਸਰਾਂ ਵੱਲੋਂ ਚਲਾਈ ਜਾ ਰਹੀ ਇਸ ਵੀਡੀਓ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦੀ ਗੱਲ ਆਖੀ ਗਈ।

By  Aarti July 14th 2026 03:06 PM -- Updated: July 14th 2026 03:27 PM

Dinanagar BJP leader Renu Kashyap ਸੋਸ਼ਲ ਮੀਡੀਆ 'ਤੇ ਪਿਛਲੇ ਕੁਝ ਦਿਨਾਂ ਤੋਂ ਵਾਇਰਲ ਹੋ ਰਹੀ ਇੱਕ ਵੀਡੀਓ, ਜਿਸ ਵਿੱਚ ਭਾਰਤੀ ਜਨਤਾ ਪਾਰਟੀ ਦੀ ਸੂਬਾ ਸਕੱਤਰ ਅਤੇ ਦੀਨਾਨਗਰ ਹਲਕੇ ਦੀ ਇੰਚਾਰਜ ਰੇਣੂ ਕਸ਼ਯਪ ਵੱਲੋਂ "ਐਸ.ਆਈ.ਆਰ. ਕਰਵਾਓ, 20-25 ਹਜ਼ਾਰ ਵੋਟਾਂ ਕਟਵਾਓ ਅਤੇ ਆਪਣਾ ਐੱਮ.ਐੱਲ.ਏ. ਬਣਾਓ" ਬਿਆਨ  ਦਿੱਤਾ ਗਿਆ ਸੀ। ਵੀਡੀਓ ਵਾਇਰਲ ਹੋਣ ਮਗਰੋਂ ਰੇਣੂ ਕਸ਼ਯਪ ਨੇ ਮੀਡੀਆ ਸਾਹਮਣੇ ਆਪਣਾ ਪੱਖ ਰੱਖਿਆ ਹੈ। ਉਨ੍ਹਾਂ ਨੇ ਵਿਰੋਧੀ ਧਿਰਾਂ ਅਤੇ ਸੋਸ਼ਲ ਮੀਡੀਆ 'ਤੇ ਸ਼ਰਾਰਤੀ ਅਨਸਰਾਂ ਵੱਲੋਂ ਚਲਾਈ ਜਾ ਰਹੀ ਇਸ ਵੀਡੀਓ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦੀ ਗੱਲ ਆਖੀ ਗਈ। 

ਰੇਣੂ ਕਸ਼ਯਪ ਦਾ ਸਪਸ਼ਟੀਕਰਨ 

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਜਪਾ ਆਗੂ ਰੇਣੂ ਕਸ਼ਯਪ ਨੇ ਕਿਹਾ ਕਿ ਜੋ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਉਹ ਕੋਈ ਜਨਤਕ ਬਿਆਨ ਨਹੀਂ ਸੀ। ਇਹ ਪਾਰਟੀ ਦੇ ਅੰਦਰੂਨੀ ਵਰਕਰਾਂ ਅਤੇ ਭੈਣ-ਭਰਾਵਾਂ ਦੀ ਇੱਕ ਨਿੱਜੀ ਬੈਠਕ ਦੀ ਗੱਲਬਾਤ ਹੈ। ਜਿਸ ਵਿੱਚ ਉਹ ਹਮੇਸ਼ਾ ਦੀ ਤਰ੍ਹਾਂ ਆਪਣੇ ਇਲਾਕੇ ਦੇ ਲੋਕਾਂ ਦੇ ਹੱਕਾਂ ਦੀ ਗੱਲ ਕਰ ਰਹੇ ਸੀ।

ਲੋਕਾਂ ਨੂੰ ਜਾਗਰੂਕ ਕਰਨ ਲਈ ਕੀਤੀ ਗਈ ਸੀ ਬੈਠਕ 

ਉਨ੍ਹਾਂ ਨੇ ਕਿਹਾ ਕਿ ਇਸ ਬੈਠਕ ਦਾ ਮੁੱਖ ਮਕਸਦ ਸਿਰਫ ਆਪਣੇ ਹਲਕੇ ਦੇ ਨਿਵਾਸੀਆਂ ਨੂੰ ਸਹੀ ਤਰੀਕੇ ਨਾਲ ਵੋਟ ਬਣਾਉਣ ਦੀ ਪ੍ਰਕਿਰਿਆ ਅਤੇ ਵੋਟ ਦੀ ਰੱਖਿਆ ਕਰਨ ਬਾਰੇ ਜਾਗਰੂਕ ਕਰਨਾ ਸੀ, ਤਾਂ ਜੋ ਆਉਣ ਵਾਲੀਆਂ ਚੋਣਾਂ ਵਿੱਚ ਦੀਨਾਨਗਰ ਦੇ ਕਿਸੇ ਵੀ ਜਾਇਜ਼ ਨਾਗਰਿਕ ਦੀ ਵੋਟ ਬਣਨ ਤੋਂ ਰਹਿ ਨਾ ਜਾਵੇ। 

ਰੇਣੂ ਕਸ਼ਯਪ ਨੇ ਕਿਹਾ ਮੇਰੇ ਕਹਿਣ 'ਤੇ ਨਾ ਤਾਂ ਵੋਟਾਂ ਕੱਟੀਆਂ ਜਾ ਸਕਦੀਆਂ ਹਨ ਅਤੇ ਨਾ ਹੀ ਬਣਾਈਆਂ ਜਾ ਸਕਦੀਆਂ ਹਨ। ਇਹ ਸਾਰਾ ਕੰਮ ਚੋਣ ਕਮਿਸ਼ਨ ਅਤੇ ਕਾਨੂੰਨੀ ਪ੍ਰਕਿਰਿਆ ਦੇ ਤਹਿਤ ਹੁੰਦਾ ਹੈ। ਮੈਂ ਸਿਰਫ ਨਾਜਾਇਜ਼ ਅਤੇ ਫਰਜ਼ੀ ਵੋਟਾਂ ਖਿਲਾਫ ਕਾਰਵਾਈ ਦੀ ਗੱਲ ਕੀਤੀ ਸੀ। 

ਵੋਟਾਂ ਕਟਵਾਉਣ ਦੇ  ਬਿਆਨ 'ਤੇ ਡੂੰਘਾਈ ਨਾਲ ਸਪੱਸ਼ਟੀਕਰਨ ਦਿੰਦੇ ਹੋਏ ਰੇਣੂ ਕਸ਼ਯਪ ਨੇ ਕਿਹਾ ਕਿ ਉਨ੍ਹਾਂ ਦਾ ਇਸ਼ਾਰਾ ਸਿਰਫ਼ ਉਨ੍ਹਾਂ ਵੋਟਾਂ ਵੱਲ ਸੀ ਜੋ ਗਲਤ ਜਾਂ ਨਾਜਾਇਜ਼ ਤਰੀਕੇ ਨਾਲ, ਨਿਯਮਾਂ ਦੀ ਉਲੰਘਣਾ ਕਰਕੇ ਬਣਾਈਆਂ ਗਈਆਂ ਹਨ।  

ਫਰਜ਼ੀ ਵੋਟਾਂ ਕੱਟੀਆਂ ਜਾਣੀਆਂ ਚਾਹੀਦੀਆਂ ਹਨ- ਰੇਣੂ ਕਸ਼ਯਪ 

ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੇ ਇੱਕ ਤੋਂ ਵੱਧ ਥਾਵਾਂ 'ਤੇ ਫਰਜ਼ੀ ਵੋਟਾਂ ਬਣਾਈਆਂ ਹਨ, ਤਾਂ ਉਹ ਬਿਲਕੁਲ ਕੱਟੀਆਂ ਜਾਣੀਆਂ ਚਾਹੀਦੀਆਂ ਹਨ। ਉਨ੍ਹਾਂ 20-25 ਹਜ਼ਾਰ ਵੋਟਾਂ ਕਟਵਾਉਣ ਦੇ ਅੰਕੜੇ ਨੂੰ ਪੂਰੀ ਤਰ੍ਹਾਂ ਨਕਾਰਦਿਆਂ ਕਿਹਾ ਕਿ ਅਜਿਹੀ ਬਿਆਨਬਾਜ਼ੀ ਵਿੱਚ ਆਧੁਨਿਕ ਤਕਨਾਲੋਜੀ (AI) ਜਾਂ ਵੀਡੀਓ ਐਡੀਟਿੰਗ ਰਾਹੀਂ ਬਿਆਨਾਂ ਨੂੰ ਕੱਟ-ਵੱਢ ਕੇ ਛੇੜਛਾੜ ਕੀਤੇ ਜਾਣ ਦਾ ਪੂਰਾ ਖ਼ਦਸ਼ਾ ਹੈ।ਜਿਸ ਦੀ ਉਹ ਜਾਂਚ ਵੀ ਕਰਵਾਉਣਗੇ।

ਐਸ.ਡੀ.ਐਮ. ਗਗਨਦੀਪ ਸਿੰਘ ਦਾ ਬਿਆਨ 

ਦੂਜੇ ਪਾਸੇ ਜਦੋਂ ਇਸ ਸਾਰੇ ਮਾਮਲੇ ਸਬੰਧੀ ਦੀਨਾਨਗਰ ਦੇ ਐਸ.ਡੀ.ਐਮ. ਗਗਨਦੀਪ ਸਿੰਘ ਨੇ ਇਸ ਮਾਮਲੇ 'ਤੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਇਹ ਵੀਡੀਓ ਉਨ੍ਹਾਂ ਦੇ ਧਿਆਨ ਵਿੱਚ ਆਈ ਹੈ। ਪ੍ਰਸ਼ਾਸਨ ਇਸ ਵੀਡੀਓ ਦੀ ਸੱਚਾਈ ਦੀ ਜਾਂਚ ਕਰ ਰਿਹਾ ਹੈ ਕਿ ਇਹ ਅਸਲੀ ਹੈ ਜਾਂ ਇਸ ਨਾਲ ਕੋਈ ਛੇੜਛਾੜ ਕੀਤੀ ਗਈ ਹੈ। 

ਜਾਂਚ ਮਗਰੋਂ ਹੀ ਸਾਹਮਣੇ ਆਉਣਗੇ ਅਸਲ ਤੱਥ - ਐਸ.ਡੀ.ਐਮ. ਗਗਨਦੀਪ ਸਿੰਘ

ਇਸ ਤੋਂ ਇਲਾਵਾ ਪ੍ਰਸ਼ਾਸਨ ਵੱਲੋਂ ਵੀਡੀਓ ਬਾਰੇ ਰੇਣੂ ਕਸ਼ਯਪ ਤੋਂ ਜਵਾਬ ਵੀ ਮੰਗਿਆ ਗਿਆ ਹੈ, ਤਾਂ ਜੋ ਇਸ ਦੇ ਅਸਲ ਅਰਥ ਸਮਝੇ ਜਾ ਸਕਣ। ਉਨ੍ਹਾਂ ਇਹ ਵੀ ਕਿਹਾ ਕਿ ਇਸ ਮਾਮਲੇ 'ਤੇ ਉਨ੍ਹਾਂ ਨੂੰ ਕੋਈ ਲਿਖਤੀ ਸ਼ਿਕਾਇਤ ਨਹੀਂ ਮਿਲੀ ਹੈ। ਪਰ ਉਹ ਇਸ ਮਾਮਲੇ ਦਾ ਸੂ-ਮੋਟੋ ਨੋਟਿਸ ਲੈ ਕੇ ਜਾਂਚ ਕਰ ਰਹੇ ਹਨ। ਜਾਂਚ ਤੋਂ ਬਾਅਦ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ  : CBSE 3 Language Policy : ਜੇਕਰ ਤੀਜੀ ਭਾਸ਼ਾ ’ਚ ਹੋ ਗਏ ਫੇਲ੍ਹ ਤਾਂ ਸੀਬੀਐਸਈ ਪਾਸ ਸਰਟੀਫਿਕੇਟ ਨਹੀਂ ਕਰੇਗਾ ਜਾਰੀ ! ਪੜ੍ਹੋ ਨਵੇਂ ਨਿਯਮ

Related Post