Amritsar : ਅੰਮ੍ਰਿਤਸਰ ਦੀ ਇੰਦਰਾ ਕਾਲੋਨੀ ਚ ਬਜ਼ੁਰਗ ਮਹਿਲਾ ਦਾ ਕਤਲ, ਕਿਰਾਏਦਾਰ ਫ਼ਰਾਰ

Amritsar News : ਮ੍ਰਿਤਕ ਮਹਿਲਾ ਦੇ ਰਿਸ਼ਤੇਦਾਰ ਨਵਲ ਚਰਨ, ਜੋ ਕਿ ਲੁਧਿਆਣਾ ਦੇ ਰਹਿਣ ਵਾਲੇ ਹਨ, ਨੇ ਦੱਸਿਆ ਕਿ ਰਾਣੀ, ਉਨ੍ਹਾਂ ਦੀ ਭੂਆ ਸੱਸ ਸੀ। ਉਨ੍ਹਾਂ ਕਿਹਾ ਕਿ ਰਾਤ ਸਮੇਂ ਘਰ ਵਿੱਚ ਰਹਿੰਦੇ ਕਿਰਾਏਦਾਰਾਂ ਵੱਲੋਂ ਘਟਨਾ ਨੂੰ ਅੰਜਾਮ ਦਿੱਤਾ ਗਿਆ।

By  KRISHAN KUMAR SHARMA January 29th 2026 12:38 PM -- Updated: January 29th 2026 12:39 PM

Amritsar News : ਅੰਮ੍ਰਿਤਸਰ ਦੇ ਮਜੀਠਾ ਰੋਡ ਸਥਿਤ ਇੰਦਰਾ ਕਲੋਨੀ ਇਲਾਕੇ ਤੋਂ ਇੱਕ ਰੂਹ ਕੰਬਾਊ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ 67 ਸਾਲਾ ਬਜ਼ੁਰਗ ਮਹਿਲਾ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਮਹਿਲਾ ਦੀ ਪਛਾਣ ਬਿਨਾ ਰਾਣੀ ਵਜੋਂ ਹੋਈ ਹੈ। ਇਲਜ਼ਾਮ ਹੈ ਕਿ ਮਹਿਲਾ ਨੂੰ ਮਾਰ ਕੇ ਉਸਦੇ ਘਰ ਵਿਚੋਂ ਸੋਨਾ ਅਤੇ ਹੋਰ ਕੀਮਤੀ ਸਮਾਨ ਲੁੱਟ ਕੇ ਆਰੋਪੀ ਮੌਕੇ ਤੋਂ ਫਰਾਰ ਹੋ ਗਏ।

ਮੀਡੀਆ ਨਾਲ ਗੱਲਬਾਤ ਕਰਦਿਆਂ ਮ੍ਰਿਤਕ ਮਹਿਲਾ ਦੇ ਰਿਸ਼ਤੇਦਾਰ ਨਵਲ ਚਰਨ, ਜੋ ਕਿ ਲੁਧਿਆਣਾ ਦੇ ਰਹਿਣ ਵਾਲੇ ਹਨ, ਨੇ ਦੱਸਿਆ ਕਿ ਰਾਣੀ, ਉਨ੍ਹਾਂ ਦੀ ਭੂਆ ਸੱਸ ਸੀ। ਉਨ੍ਹਾਂ ਕਿਹਾ ਕਿ ਰਾਤ ਸਮੇਂ ਘਰ ਵਿੱਚ ਰਹਿੰਦੇ ਕਿਰਾਏਦਾਰਾਂ ਵੱਲੋਂ ਘਟਨਾ ਨੂੰ ਅੰਜਾਮ ਦਿੱਤਾ ਗਿਆ। ਨਵਲ ਚਰਨ ਨੇ ਦੱਸਿਆ ਕਿ ਜਦੋਂ ਉਹ ਸੁੱਤੇ ਪਏ ਸਨ, ਤਾਂ ਕਿਰਾਏਦਾਰ ਦੀ ਪਤਨੀ ਨੇ ਉਨ੍ਹਾਂ ਨੂੰ ਜਗਾ ਕੇ ਲੁੱਟ ਹੋਣ ਦੀ ਜਾਣਕਾਰੀ ਦਿੱਤੀ। ਜਦੋਂ ਘਰ ਅੰਦਰ ਜਾ ਕੇ ਵੇਖਿਆ ਗਿਆ ਤਾਂ ਬਜ਼ੁਰਗ ਮਹਿਲਾ ਦੀ ਲਾਸ਼ ਪਈ ਸੀ ਅਤੇ ਘਰ ਦਾ ਸਮਾਨ ਖਿਲਰਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਮਹਿਲਾ ਪੰਜਾਬ ਸਟੇਟ ਬਿਜਲੀ ਬੋਰਡ ਤੋਂ ਰਿਟਾਇਰ ਕਰਮਚਾਰੀ ਸੀ।

ਇਸ ਮਾਮਲੇ ਸਬੰਧੀ ਏਡੀਸੀਪੀ ਸ੍ਰੀ ਵਨੇਲਾ ਨੇ ਦੱਸਿਆ ਕਿ ਪੁਲਿਸ ਨੂੰ ਅੱਜ ਸਵੇਰੇ ਸੂਚਨਾ ਮਿਲੀ ਸੀ। ਪ੍ਰਾਥਮਿਕ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਘਰ ਵਿੱਚ ਦੋ ਕਿਰਾਏਦਾਰ ਪਿਛਲੇ ਡੇਢ-ਦੋ ਸਾਲਾਂ ਤੋਂ ਰਹਿ ਰਹੇ ਸਨ। ਕੱਲ੍ਹ ਰਾਤ ਮ੍ਰਿਤਕ ਦੇ ਪੁੱਤਰ ਨਾਲ ਕਿਰਾਏਦਾਰਾਂ ਦੀ ਸ਼ਰਾਬ ਦੀ ਪਾਰਟੀ ਚੱਲ ਰਹੀ ਸੀ, ਜਿਸ ਤੋਂ ਬਾਅਦ ਤਕਰਾਰ ਹੋਈ। ਨਸ਼ੇ ਦੀ ਹਾਲਤ ਵਿੱਚ ਕਤਲ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਫਰਾਰ ਕਿਰਾਏਦਾਰਾਂ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ।

Related Post