Samana 'ਚ ਪੁਲਿਸ ਦੀ ਕਾਰਵਾਈ ਤੋਂ ਤੰਗ ਆ ਕੇ ਇੱਕ ਨੌਜਵਾਨ ਨੇ ਆਪਣੀ ਜੀਵਨ ਲੀਲ੍ਹਾ ਕੀਤੀ ਸਮਾਪਤ
Samana News : ਸਮਾਣਾ 'ਚ ਪੁਲਿਸ ਕਾਰਵਾਈ ਤੋਂ ਤੰਗ ਆ ਕੇ ਇੱਕ ਨੌਜਵਾਨ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਪਰਿਵਾਰ ਨੇ ਪੁਲਿਸ ਉੱਤੇ ਗੰਭੀਰ ਆਰੋਪ ਲਗਾਏ ਹਨ ਅਤੇ ਕਥਿਤ ਪੁਲਿਸ ਮੁਲਾਜ਼ਮ ਦੀ ਸਸਪੈਂਸ਼ਨ ਤੱਕ ਅੰਤਿਮ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਮ੍ਰਿਤਕ ਲਵਪ੍ਰੀਤ ਸਿੰਘ ਨੇ ਮਰਨ ਤੋਂ ਪਹਿਲਾਂ ਇੱਕ ਵੀਡੀਓ ਵੀ ਜਾਰੀ ਕੀਤੀ ਹੈ ਕਿ ਮੈਂ ਪੁਲਿਸ ਤੋਂ ਤੰਗ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਰਿਹਾ ਹਾਂ।
ਮਾਮਲੇ ਦੀ ਜਾਂਚ ਡੀਐਸਪੀ ਸਮਾਣਾ ਵੱਲੋਂ ਕੀਤੀ ਜਾ ਰਹੀ ਹੈ। ਸਮਾਣਾ ਉਪ ਮੰਡਲ ਦੇ ਪਿੰਡ ਬੰਮਣਾ ਦੇ ਰਹਿਣ ਵਾਲੇ ਲਵਪ੍ਰੀਤ ਸਿੰਘ ਨੇ ਆਪਣੇ ਘਰ ਵਿੱਚ ਫਾਹਾ ਲਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਆਰੋਪ ਹੈ ਕਿ ਲਵਪ੍ਰੀਤ ਸਿੰਘ ਨੂੰ ਪੁਲਿਸ ਵੱਲੋਂ ਲਗਾਤਾਰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ।
ਪਰਿਵਾਰ ਮੁਤਾਬਕ ਲਵਪ੍ਰੀਤ ਉੱਤੇ ਪਹਿਲਾਂ ਨਸ਼ੀਲੀ ਗੋਲੀਆਂ ਦਾ ਮਾਮਲਾ ਦਰਜ ਕੀਤਾ ਗਿਆ ਸੀ, ਜਿਸਨੂੰ ਉਹ ਝੂਠਾ ਦੱਸ ਰਹੇ ਹਨ। ਜ਼ਮਾਨਤ 'ਤੇ ਆਉਣ ਦੇ ਬਾਵਜੂਦ ਵੀ ਪੁਲਿਸ ਵੱਲੋਂ ਫੋਨ ਕਰਕੇ ਧਮਕੀਆਂ ਦਿੱਤੀਆਂ ਜਾਂਦੀਆਂ ਸਨ ਕਿ ਉਸ ਅਤੇ ਉਸਦੇ ਭਰਾ ਖ਼ਿਲਾਫ ਨਵੇਂ ਮਾਮਲੇ ਦਰਜ ਕਰ ਦਿੱਤੇ ਜਾਣਗੇ। ਇਸ ਲਗਾਤਾਰ ਦਬਾਅ ਤੋਂ ਤੰਗ ਆ ਕੇ ਲਵਪ੍ਰੀਤ ਨੇ ਖੁਦਕੁਸ਼ੀ ਵਰਗਾ ਕਦਮ ਚੁੱਕ ਲਿਆ।
ਜਦੋਂ ਇਸ ਮਾਮਲੇ ਸਬੰਧੀ ਡੀਐਸਪੀ ਸਮਾਣਾ ਫਤਿਹ ਸਿੰਘ ਬਰਾੜ ਨਾਲ ਫੋਨ ‘ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਲਵਪ੍ਰੀਤ ਸਿੰਘ ਦੇ ਖ਼ਿਲਾਫ ਨਸ਼ੀਲੀ ਗੋਲੀਆਂ ਦਾ ਮਾਮਲਾ ਦਰਜ ਸੀ ਅਤੇ ਚਲਾਨ ਅਦਾਲਤ ਵਿੱਚ ਪੇਸ਼ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ, ਹਾਲਾਂਕਿ ਫਿਲਹਾਲ ਕੈਮਰੇ ਸਾਹਮਣੇ ਕੁਝ ਵੀ ਕਹਿਣ ਤੋਂ ਇਨਕਾਰ ਕੀਤਾ। ਫਿਲਹਾਲ ਪੀੜਤ ਪਰਿਵਾਰ ਆਪਣੇ ਮੰਗਾਂ ‘ਤੇ ਅੜਿਆ ਹੋਇਆ ਹੈ ਅਤੇ ਪੁਲਿਸ ਖ਼ਿਲਾਫ ਕਾਰਵਾਈ ਦੀ ਮੰਗ ਕਰ ਰਿਹਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਜਾਂਚ ਤੋਂ ਬਾਅਦ ਪ੍ਰਸ਼ਾਸਨ ਕੀ ਕਦਮ ਚੁੱਕਦਾ ਹੈ।
- PTC NEWS