Sangrur 'ਚ ਬੱਚਿਆਂ ਨਾਲ ਭਰੀ ਸਕੂਲੀ ਬੱਸ ਦਾ ਐਕਸੀਡੈਂਟ, ਬਿਜਲੀ ਵਾਲੇ ਖੰਭੇ ਨਾਲ ਟਕਰਾਈ ਬੱਸ
Sangrur School Bus Accident : ਅੱਜ ਸਵੇਰੇ ਸੰਗਰੂਰ 'ਚ ਉਪਲੀ ਰੋਡ 'ਤੇ ਇੱਕ ਸਕੂਲ ਬੱਸ ਦਾ ਐਕਸੀਡੈਂਟ ਹੋ ਗਿਆ ਹੈ। ਹਾਦਸੇ ਤੋਂ ਬਾਅਦ ਲੋਕਾਂ ਨੇ ਵਿਦਿਆਰਥੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਹੈ। ਬੱਸ ਵਿੱਚ ਸਿਰਫ਼ 5 ਤੋਂ 7 ਵਿਦਿਆਰਥੀ ਹੀ ਬੈਠੇ ਸਨ। ਜਦੋਂ ਲੋਕਾਂ ਨੇ ਹਾਦਸਾ ਦੇਖਿਆ ਤਾਂ ਉਨ੍ਹਾਂ ਨੇ ਤੁਰੰਤ ਰੌਲਾ ਪਾਇਆ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਹਾਦਸੇ ਕਾਰਨ ਬਿਜਲੀ ਦਾ ਇੱਕ ਖੰਭਾ ਵੀ ਉਖੜ ਗਿਆ।
ਜਾਣਕਾਰੀ ਅਨੁਸਾਰ ਜਦੋਂ ਸਕੂਲੀ ਬੱਸ 'ਚ ਛੋਟੇ ਬੱਚੇ ਸਵਾਰ ਸਨ ਤਾਂ ਅਚਾਨਕ ਬੱਸ ਦਾ ਸੰਤੁਲਨ ਵਿਗੜਨ ਕਾਰਨ ਸਕੂਲੀ ਬੱਸ ਬਿਜਲੀ ਵਾਲੇ ਖੰਭੇ ਨਾਲ ਟਕਰਾ ਗਈ। ਜਿਸ ਕਾਰਨ ਖੰਭਾ ਟੁੱਟ ਗਿਆ ਅਤੇ ਬਿਜਲੀ ਦੀਆਂ ਤਾਰਾਂ ਸੜਕ ਉੱਪਰ ਵਿਛ ਗਈਆਂ। ਜਦੋਂ ਉੱਥੇ ਦੇ ਲੋਕਾਂ ਨੇ ਦੇਖਿਆ ਤਾਂ ਉਹਨਾਂ ਵਿੱਚੋਂ ਇੱਕ ਦੋ ਵਿਅਕਤੀਆਂ ਨੇ ਭੱਜ ਕੇ ਟਰਾਂਸਫਾਰਮ 'ਤੇ ਲੱਗੀ ਸੁੱਚ ਨੂੰ ਕੱਟ ਦਿੱਤਾ। ਜੇਕਰ ਇਹ ਤਾਰਾਂ ਬੱਸ ਦੇ ਉੱਤੇ ਗਿਰ ਜਾਂਦੀਆਂ ਤਾਂ ਅੱਜ ਇਕ ਵੱਡਾ ਹਾਦਸਾ ਵਾਪਰ ਜਾਣਾ ਸੀ।
ਜਦੋਂ ਇਸ ਸਬੰਧੀ ਬੱਸ ਡਰਾਈਵਰ ਨਾਲ ਗੱਲ ਕੀਤੀ ਤਾਂ ਉਸਨੇ ਕਿਹਾ ਕਿ ਮੈਥੋਂ ਬੱਸ ਕੰਟਰੋਲ ਨਹੀਂ ਹੋਈ ,ਜਿਸ ਕਾਰਨ ਹਾਦਸਾ ਵਾਪਰ ਗਿਆ ਪਰ ਉਥੇ ਖੜੇ ਲੋਕਾਂ ਨੇ ਕਿਹਾ ਕਿ ਇਹ ਮੋੜ ਵੀ ਖਤਰਨਾਕ ਹੈ ਅਤੇ ਸਕੂਲੀ ਬੱਸ ਵੀ ਤੇਜ਼ ਸੀ। ਬੱਸ ਡਰਾਈਵਰ ਨੇ ਬਰੇਕਾਂ ਦੀ ਜਗ੍ਹਾ ਰੇਸ 'ਤੇ ਪੈਰ ਰੱਖ ਲਿਆ ,ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਉਹਨਾਂ ਨੇ ਕਿਹਾ ਕਿ ਇਸ ਜਗ੍ਹਾ ਦੇ ਦੋਵੇਂ ਪਾਸੇ ਪ੍ਰਸ਼ਾਸਨ ਨੂੰ ਸਪੀਡ ਬ੍ਰੇਕਰ ਬਣਾਉਣੇ ਚਾਹੀਦੇ ਹਨ ਕਿਉਂਕਿ ਇਸ ਤੋਂ ਪਹਿਲਾਂ ਵੀ ਇਸ ਮੋੜ 'ਤੇ ਕਈ ਐਕਸੀਡੈਂਟ ਹੋ ਚੁੱਕੇ ਹਨ ਅਤੇ ਕਈ ਜਾਨਾਂ ਜਾ ਚੁੱਕੀਆਂ ਹਨ।
- PTC NEWS