Tarn Taran ਦਾ ਨੌਜਵਾਨ ਕੈਨੇਡਾ ਦੀ ਰਜਾਈਨਾ ਪੁਲਿਸ 'ਚ ਕਾਂਸਟੇਬਲ ਭਰਤੀ ,ਪਹਿਲਾਂ 6 ਸਾਲ ਚਲਾਇਆ ਟਰੱਕ
Tarn Taran News : ਤਰਨਤਾਰਨ ਦਾ ਨੌਜਵਾਨ ਸਰਵਨੂਰ ਸਿੰਘ ਸਟੱਡੀ ਵੀਜ਼ਾ 'ਤੇ ਕੈਨੇਡਾ ਗਿਆ ਸੀ। ਜਿਸ ਵੱਲੋਂ ਕੰਮ ਕਰਨ ਦੇ ਨਾਲ ਪੂਰੀ ਮਿਹਨਤ ਨਾਲ ਪੜ੍ਹਾਈ ਕੀਤੀ ਗਈ ਅਤੇ ਹੁਣ ਉਸਦੀ ਮੇਹਨਤ ਰੰਗ ਲਿਆਈ ਹੈ। ਸਰਵਨੂਰ ਸਿੰਘ ਕੈਨੇਡਾ ਦੀ ਰਜਾਈਨਾ ਪੁਲਿਸ 'ਚ ਕਾਂਸਟੇਬਲ ਭਰਤੀ ਹੋ ਗਿਆ ਹੈ। ਸਰਵਨੂਰ ਸਿੰਘ ਨੂੰ ਪੁਲਿਸ ਟਰੇਨਿੰਗ ਪੂਰੀ ਕਰਨ ਤੋਂ ਬਾਅਦ ਹੁਣ ਬੀਤੇ ਦਿਨ ਡਿਊਟੀ 'ਤੇ ਤੈਨਾਤ ਕਰ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਸਰਵਨੂਰ ਸਿੰਘ ਦੇ ਦਾਦਾ, ਪਿਤਾ, ਚਾਚਾ ਸਾਰੇ ਪੰਜਾਬ ਪੁਲਿਸ ਦਾ ਹਿੱਸਾ ਹਨ। ਦਾਦਾ ਪ੍ਰਭ ਸਿੰਘ ਸੇਵਾ ਮੁਕਤ ਹੋ ਚੁੱਕੇ ਹਨ ਜਦਕਿ ਪਿਤਾ ਗੁਰਲਾਲ ਸਿੰਘ ਅਤੇ ਚਾਚਾ ਗੁਰਮੀਤ ਸਿੰਘ ਵੀ ਪੁਲਿਸ ਵਿੱਚ ਨੌਕਰੀ ਕਰ ਰਹੇ ਹਨ। ਸਰਵਨੂਰ ਸਿੰਘ ਦੀ ਇਸ ਉਪਲਬਧੀ 'ਤੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ। ਪਰਿਵਾਰ ਵੱਲੋਂ ਇੱਕ ਦੂਜੇ ਨੂੰ ਵਧਾਈਆਂ ਦੇ ਕੇ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਹੈ। ਸਰਵਨੂਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਰਵਨੂਰ ਸਾਲ 2018 ਵਿੱਚ ਸਟੱਡੀ ਵੀਜ਼ੇ 'ਤੇ ਕੈਨੇਡਾ ਗਿਆ ਸੀ।
ਉਸਨੇ ਆਪਣੀ ਪੜ੍ਹਾਈ ਪੂਰੀ ਕਰਨ ਉਪਰੰਤ ਵਰਕ ਪਰਮਿਟ ਮਿਲਣ 'ਤੇ ਕੈਨੇਡਾ ਤੋਂ ਅਮਰੀਕਾ ਵੱਲ ਨੂੰ ਟਰੱਕ ਚਲਾਉਣਾ ਸ਼ੁਰੂ ਕਰ ਦਿੱਤਾ। ਹੁਣ ਉਹ ਸਥਾਨਿਕ ਪੁਲਸ ਦਾ ਹਿੱਸਾ ਬਣ ਗਿਆ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਸ਼ੁਰੂ ਤੋਂ ਹੀ ਕਸਰਤ ਤੇ ਜਿਮ ਦਾ ਸ਼ੌਕੀਨ ਸੀ। ਸਰਵਨੂਰ ਨੇ ਕਰੀਬ 6 ਸਾਲ ਟਰੱਕ ਚਲਾਉਣ ਦੇ ਨਾਲ ਨਾਲ ਆਪਣੀ ਕਸਰਤ ਤੇ ਮਿਹਨਤ ਕਰਨੀ ਜਾਰੀ ਰੱਖੀ। ਜਦੋਂ ਕਦੇ ਵੀ ਸਮਾਂ ਮਿਲਿਆ, ਉਹ ਸਮਾਂ ਉਹਨੇ ਆਪਣੇ ਸਰੀਰ ਨੂੰ ਦਿੱਤਾ। ਸਫ਼ਰ ਦੌਰਾਨ ਉਹ ਉੱਥੇ ਹੀ ਟਰੱਕ ਪਾਰਕ ਕਰਦਾ ,ਜਿਥੇ ਜਿੰਮ ਜਾ ਸਕੇ।
ਇਸ ਦੇ ਨਾਲ ਨਾਲ ਹੀ ਕੈਨੇਡਾ ਪੁਲਿਸ 'ਚ ਭਰਤੀ ਹੋਣ ਲਈ ਲੋੜ ਮੁਤਾਬਿਕ ਪੜ੍ਹਾਈ ਵੀ ਕਰਦਾ ਰਿਹਾ। 26 ਜਨਵਰੀ 2026 ਨੂੰ ਉਸ ਦੀ ਅਣਥੱਕ ਮਿਹਨਤ ਰੰਗ ਲਿਆਈ ਤੇ ਬਹੁਤ ਕਰੜੇ ਇਮਤਿਹਾਨ ਪਾਸ ਕਰਨ ਉਪਰੰਤ ਕੈਨੇਡਾ ਦੀ ਰਜਾਈਨਾ ਪੁਲਿਸ ਵਿੱਚ ਬੈਚ ਪਾਸ ਹੋਣ 'ਤੇ ਕਾਂਸਟੇਬਲ ਬਣ ਗਿਆ ਹੈ। ਰਜਾਈਨਾ ਪੁਲਿਸ ਦੇ ਚੀਫ ਨੇ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਇੱਕ ਟਰੱਕਿੰਗ ਲਾਈਨ ਦੇ ਬੰਦੇ ਨੂੰ ਅਸੀਂ ਕਾਂਸਟੇਬਲ ਭਰਤੀ ਕੀਤਾ ਹੋਵੇ। ਇਸ ਪਿੱਛੇ ਇਸ ਦੀ ਸਖ਼ਤ ਮਿਹਨਤ 'ਤੇ ਲਗਨ ਬੋਲਦੀ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਰਵਨੂਰ ਨੂੰ ਸ਼ੁਰੂ ਤੋਂ ਹੀ ਪੁਲਿਸ ਦੀ ਨੋਕਰੀ ਕਰਨ ਦਾ ਸ਼ੋਕ ਸੀ, ਜੋ ਪੂਰਾ ਹੋ ਗਿਆ। ਪਰਿਵਾਰਕ ਮੈਂਬਰਾਂ ਨੇ ਕਿਹਾ ਸਰਵਨੂਰ ਸਿੰਘ ਦੀ ਇਸ ਉਪਲਬਧੀ ਨਾਲ ਉਨ੍ਹਾਂ ਦੇ ਪਰਿਵਾਰ ਦਾ ਸਿਰ ਉੱਚਾ ਹੋਇਆ ਹੈ।
- PTC NEWS