Bathinda News : ਕੁੱਤੇ ਨੂੰ ਲੈ ਕੇ ਤਲਵੰਡੀ ਸਾਬੋ ਚ ਪਿਓ-ਪੁੱਤ ਦਾ ਕਤਲ, ਮਾਂ ਦੀ ਹਾਲਤ ਨਾਜ਼ੁਕ

Talwandi Sabo News : ਬਠਿੰਡਾ ਜ਼ਿਲ੍ਹੇ ਦੇ ਤਲਵੰਡੀ ਸਾਬੋ ਤੋਂ ਰੂਹ ਕੰਬਾਊ ਘਟਨਾ ਸਾਹਮਣੇ ਆਈ ਹੈ। ਇਥੇ ਪਿੰਡ ਜੀਵਨ ਸਿੰਘ ਵਾਲਾ 'ਚ ਕੁੱਤੇ ਦੀ ਖਾਤਰ ਕੁੱਝ ਵਿਅਕਤੀਆਂ ਵੱਲੋਂ ਪਿਓ-ਪੁੱਤ ਦਾ ਕਤਲ ਕਰ ਦਿੱਤਾ ਗਿਆ ਹੈ। ਜਦਕਿ ਹਮਲੇ ਵਿੱਚ ਮਾਂ ਸਿਵਲ ਹਸਪਤਾਲ ਬਠਿੰਡਾ ਵਿਖੇ ਦਾਖਲ ਹੈ, ਜਿਸ ਦੀ ਹਾਲਤ ਗੰਭੀਰ ਬਣੀ ਹੋਈ ਹੈ।

By  KRISHAN KUMAR SHARMA September 10th 2024 09:42 AM -- Updated: September 10th 2024 02:23 PM

Talwandi Sabo News : ਬਠਿੰਡਾ ਜ਼ਿਲ੍ਹੇ ਦੇ ਤਲਵੰਡੀ ਸਾਬੋ ਤੋਂ ਰੂਹ ਕੰਬਾਊ ਘਟਨਾ ਸਾਹਮਣੇ ਆਈ ਹੈ। ਇਥੇ ਪਿੰਡ ਜੀਵਨ ਸਿੰਘ ਵਾਲਾ 'ਚ ਕੁੱਤੇ ਦੀ ਖਾਤਰ ਕੁੱਝ ਵਿਅਕਤੀਆਂ ਵੱਲੋਂ ਪਿਓ-ਪੁੱਤ ਦਾ ਕਤਲ ਕਰ ਦਿੱਤਾ ਗਿਆ ਹੈ। ਜਦਕਿ ਹਮਲੇ ਵਿੱਚ ਮਾਂ ਸਿਵਲ ਹਸਪਤਾਲ ਬਠਿੰਡਾ ਵਿਖੇ ਦਾਖਲ ਹੈ, ਜਿਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜਾਣਕਾਰੀ ਅਨੁਸਾਰ ਦੋਵੇਂ ਪਿਓ-ਪੁੱਤ ਖੇਤੀਬਾੜੀ ਦਾ ਕੰਮ ਕਰਦੇ ਸਨ।

ਜਾਣਕਾਰੀ ਅਨੁਸਾਰ ਕਤਲ ਪਿੰਡ ਦੇ ਹੀ ਕੁੱਝ ਵਿਅਕਤੀਆਂ ਵੱਲੋਂ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮਾਂ ਦਾ ਬੀਤੇ ਦਿਨ ਕੁੱਤਾ ਗਾਇਬ ਹੋਇਆ ਸੀ ਅਤੇ ਉਨ੍ਹਾਂ ਨੂੰ ਮੰਦਰ ਸਿੰਘ ਦੇ ਪਰਿਵਾਰ ਕੋਲ ਕੁੱਤਾ ਵੇਖਿਆ ਹੋਣ ਦਾ ਸ਼ੱਕ ਸੀ, ਜਿਸ ਨੂੰ ਲੈ ਕੇ ਇਨ੍ਹਾਂ ਵਿੱਚ ਲੜਾਈ ਹੋ ਗਈ ਅਤੇ ਆਰੋਪੀਆਂ ਨੇ ਮੰਦਰ ਸਿੰਘ ਦੇ ਪਰਿਵਾਰ 'ਤੇ ਹਮਲਾ ਕਰ ਦਿੱਤਾ।

ਹਮਲੇ ਵਿੱਚ ਆਰੋਪੀਆਂ ਨੇ ਮੰਦਰ ਸਿੰਘ ਅਤੇ ਉਸ ਦੇ ਪੁੱਤ ਅਮਰੀਕ ਸਿੰਘ ਨੂੰ ਕਤਲ ਕਰ ਦਿੱਤਾ, ਜਦਕਿ ਮੰਦਰ ਸਿੰਘ ਦੀ ਪਤਨੀ ਦਰਸ਼ਨ ਕੌਰ ਗੰਭੀਰ ਜ਼ਖ਼ਮੀ ਹੋ ਗਈ, ਜਿਸ ਨੂੰ ਸਿਵਲ ਹਸਪਤਾਲ ਬਠਿੰਡਾ ਦਾਖਲ ਕਰਵਾਇਆ ਗਿਆ ਹੈ। ਦਰਸ਼ਨ ਕੌਰ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਪਿੰਡ ਦੇ ਇੱਕ ਵਿਅਕਤੀ ਨੇ ਇੱਕ ਕਤੂਰਾ (ਕੁੱਤੇ ਦਾ ਬੱਚਾ) ਮ੍ਰਿਤਕ ਨੂੰ ਦਿੱਤਾ ਸੀ ਪਰ ਦੂਜੇ ਪਾਸੇ ਉਸੇ ਵਿਅਕਤੀ ਨੇ ਪਿੰਡ ਦੇ ਕੁਝ ਹੋਰ ਲੋਕਾਂ ਨੂੰ ਵੀ ਕਤੂਰਾ ਦੇਣ ਦਾ ਵਾਅਦਾ ਕੀਤਾ ਸੀ, ਜਿਸ ਕਰਕੇ ਉਹ ਲੋਕ ਇਨ੍ਹਾਂ ਦੇ ਘਰ ਕਤੂਰਾ ਲੈਣ ਪੁੱਜੇ ਤੇ ਉਥੇ ਤੂੰ-ਤੂੰ ਮੈਂ-ਮੈਂ ਹੋ ਗਈ, ਜਿਸ ਦੌਰਾਨ ਉਨ੍ਹਾਂ ਨੇ ਮ੍ਰਿਤਕਾਂ ਨੂੰ ਤੇਜ਼ ਹਥਿਆਰਾਂ ਨਾਲ ਕੁੱਟਮਾਰ ਕੀਤੀ, ਜਿਸ ਕਰਕੇ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਕਥਿਤ ਆਰੋਪੀ ਨਸ਼ੇ ਵਿੱਚ ਟੱਲੀ ਸਨ ਅਤੇ ਨਸ਼ੇ ਦੇ ਆਦੀ ਵੀ ਹਨ। ਉਨ੍ਹਾਂ ਨੇ ਬੱਚੇ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਪਰ ਬੱਚੇ ਦੀ ਦਾਦੀ ਅੱਗੇ ਹੋ ਗਈ, ਜਿਸ ਕਰਕੇ ਉਸਦੇ ਸੱਟਾਂ ਲੱਗੀਆਂ।

ਘਟਨਾ ਦੇਰ ਰਾਤ ਵਾਪਰੀ, ਜਿਸ ਨੂੰ ਲੈ ਕੇ ਪੂਰੇ ਪਿੰਡ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਪਿੰਡ ਵਾਸੀਆਂ ਵੱਲੋਂ ਸੂਚਨਾ ਮਿਲਣ 'ਤੇ ਪੁਲਿਸ ਵੀ ਮੌਕੇ 'ਤੇ ਪਹੁੰਚੀ ਹੋਈ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਪੋਸਟਮਾਰਟਮ ਲਈ ਭਿਜਵਾ ਦਿੱਤਾ ਹੈ।

Related Post