ਸ਼ਿਵ ਸੈਨਾ ਆਗੂ 'ਤੇ ਫਾਇਰਿੰਗ ਕਰਨ ਵਾਲੇ ਪਿਓ-ਪੁੱਤ ਗ੍ਰਿਫ਼ਤਾਰ

By  Ravinder Singh November 5th 2022 04:26 PM

ਲੁਧਿਆਣਾ : ਲੁਧਿਆਣਾ ਵਿਚ ਸ਼ਿਵ ਸੈਨਾ ਆਗੂ ਅਸ਼ਵਨੀ ਚੋਪੜਾ ਉਤੇ ਫਾਇਰਿੰਗ ਕਰਨ ਵਾਲੇ ਪਿਓ-ਪੁੱਤਰ ਨੂੰ ਪੁਲਿਸ ਗ੍ਰਿਫ਼ਤਾਰ ਕਰ ਲਿਆ ਹੈ। ਬੀਤੇ ਦਿਨ ਲੁਧਿਆਣਾ ਉਤੇ ਸ਼ਿਵ ਸੈਨਾ ਆਗੂ ਅਸ਼ਵਨੀ ਚੋਪੜਾ ਉਤੇ ਹੋਈ ਫਾਇਰਿੰਗ ਮਾਮਲੇ ਵਿਚ ਲੁਧਿਆਣਾ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ ਜੋ ਪਿਉ-ਪੁੱਤਰ ਹਨ। ਪੁਲਿਸ ਨੇ ਇਨ੍ਹਾਂ ਕੋਲੋਂ 32 ਬੋਰ ਪਿਸਟਲ, 28 ਕਾਰਤੂਸ ਅਤੇ ਇਕ ਖਾਲੀ ਕਾਰਤੂਸ ਵੀ ਬਰਾਮਦ ਕੀਤਾ। ਰੇਹੜਾ ਚੋਰੀ ਕਰਨ ਦੀ ਨੀਅਤ ਨਾਲ ਆਏ ਪਿਓ-ਪੁੱਤ ਦੇ ਪਿੱਛੇ ਇਲਾਕੇ ਦੇ ਲੋਕ ਲੱਗ ਗਏ, ਜਿਸ ਕਾਰਨ ਉਨ੍ਹਾਂ ਨੇ ਫਾਇਰਿੰਗ ਕੀਤੀ ਸੀ।


ਉਧਰ ਇਸ ਮਾਮਲੇ ਸਬੰਧੀ ਪੁਲਿਸ ਕਮਿਸ਼ਨਰ ਕੌਸਤੁਭ ਸ਼ਰਮਾ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਬੀਤੇ ਦਿਨੀਂ ਗਰੇਵਾਲ ਕਾਲੋਨੀ ਸਥਿਤ ਸ਼ਿਵ ਸੈਨਾ ਨੇਤਾ ਅਸ਼ਵਨੀ ਚੋਪੜਾ ਉਤੇ ਫਾਇਰਿੰਗ ਮਾਮਲੇ ਵਿਚ ਪੁਲਿਸ ਨੇ ਮੁਕੱਦਮਾ ਦਰਜ ਕੀਤਾ ਸੀ ਜਿਸ ਦੀ ਬਾਰੀਕੀ ਨਾਲ ਜਾਂਚ ਪੜਤਾਲ ਦੌਰਾਨ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਜਾਂਚ ਕਰਕੇ ਪਿਓ-ਪੁੱਤ ਨੂੰ ਕਾਬੂ ਕੀਤਾ ਗਿਆ ਹੈ, ਜਿਨ੍ਹਾਂ ਕੋਲੋਂ ਬੱਤੀ ਬੋਰ ਪਿਸਟਲ ਤੇ 28 ਕਾਰਤੂਸ ਬਰਾਮਦ ਕੀਤੇ ਹਨ।

ਇਹ ਵੀ ਪੜ੍ਹੋ : ਡੇਰਾ ਬਿਆਸ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਡੇਰਾ ਸਮਰਥਕਾਂ ਨਾਲ ਕੀਤੀ ਖ਼ਾਸ ਮੁਲਾਕਾਤ

ਉਨ੍ਹਾਂ ਕਿਹਾ ਕਿ ਚੋਰੀ ਦੀ ਨੀਅਤ ਨਾਲ ਆਏ ਇਨ੍ਹਾਂ ਪਿਉ ਪੁੱਤਰਾਂ ਪਿੱਛੇ ਇਲਾਕੇ ਦੇ ਕੁਝ ਲੋਕ ਲੱਗ ਗਏ ਜਿਸ ਕਾਰਨ ਇਨ੍ਹਾਂ ਨੇ ਹਵਾਈ ਫਾਇਰਿੰਗ ਕੀਤੀ ਹੈ। ਇਨ੍ਹਾਂ ਕੋਲੋਂ ਪੁੱਛਗਿੱਛ ਦੌਰਾਨ ਹੋਰ ਵੀ ਮੁਕੱਦਮਿਆਂ ਦਾ ਜ਼ਿਕਰ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਕੁੱਲ 12 ਅਪਰਾਧਿਕ ਮਾਮਲੇ ਦਰਜ ਹਨ ਜਿਨ੍ਹਾਂ ਵਿੱਚੋਂ ਇਕ ਕਤਲ ਤੇ 7 ਮਾਮਲੇ ਚੋਰੀ ਦੇ ਮਾਮਲੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕੋਲੋਂ ਜਾਂਚ ਪੜਤਾਲ ਜਾਰੀ ਹੈ ਅਤੇ ਪੁੱਛਗਿੱਛ ਦੌਰਾਨ ਹੋਰ ਵੀ ਖ਼ੁਲਾਸੇ ਹੋਣ ਦੀ ਉਮੀਦ ਹੈ।


Related Post