Raju Theth Murder Case: ਗੈਂਗਸਟਰ ਰਾਜੂ ਕਤਲ ਮਾਮਲੇ ’ਚ ਪੰਜ ਮੁਲਜ਼ਮ ਗ੍ਰਿਫ਼ਤਾਰ

By  Aarti December 4th 2022 06:27 PM -- Updated: December 5th 2022 10:13 AM

Raju Theth Murder Case: ਰਾਜਸਥਾਨ ਦੇ ਖੁੰਖਾਰ ਗੈਂਗਸਟਰ ਰਾਜੂ ਠੇਹਟ ਦੇ ਕਤਲ ਵਿੱਚ ਸ਼ਾਮਲ ਚਾਰ ਸ਼ੂਟਰਾਂ ਸਮੇਤ ਪੰਜ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਵੱਡੀ ਸਫਲਤਾ ਹਾਸਿਲ ਕੀਤੀ ਹੈ। ਰਾਜਸਥਾਨ ਪੁਲਿਸ ਅਨੁਸਾਰ ਦੋ ਬਦਮਾਸ਼ਾਂ ਨੂੰ ਹਰਿਆਣਾ ਸਰਹੱਦ ਦੇ ਨੇੜੇ ਦਾਬਲਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਤਿੰਨ ਨੂੰ ਝੁੰਝੁਨੂ ਦੇ ਪਿੰਡ ਪੁੰਖ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

ਮਾਮਲੇ ਸਬੰਧੀ ਪੁਲਿਸ ਮੁਤਾਬਿਕ ਗੋਲੀਬਾਰੀ ਤੋਂ ਬਾਅਦ ਪੁਲਿਸ ਮੁਲਜ਼ਮਾਂ ਨੂੰ ਕਾਬੂ ਕਰਨ ਦੇ ਲਈ ਜੁੱਟ ਗਈ ਸੀ। ਪੁਲਿਸ ਨੂੰ ਇਨ੍ਹਾਂ ਮੁਲਜ਼ਮਾਂ ਦੇ ਹਰਿਆਣਾ ਦੀ ਸਰਹੱਦ ’ਚ ਦਾਖ਼ਲ ਹੋ ਜਾਣ ਦਾ ਖਦਸ਼ਾ ਸੀ। ਜੇਕਰ ਉਹ ਰਾਜਸਥਾਨ ਦੀ ਸਰਹੱਦ ਪਾਰ ਕਰ ਜਾਂਦੇ ਤਾਂ ਪੁਲਿਸ ਦੀ ਮੁਸੀਬਤ ਵਧ ਸਕਦੀ ਸੀ। ਪਰ ਪੁਲਿਸ ਨੇ ਘਟਨਾ ਤੋਂ ਬਾਅਦ ਤੁਰੰਤ ਹੀ ਸੀਕਰ ਸਮੇਤ ਹਰਿਆਣਾ ਦੀ ਸਰਹੱਦ ’ਤੇ ਨਾਕਾਬੰਦੀ ਕਰ ਦਿੱਤੀ ਸੀ। ਇਸ ਦੇ ਨਾਲ ਹੀ ਨੇੜੇ ਦੀ ਪੁਲਿਸ ਨੂੰ ਅਲਰਟ ਕਰ ਦਿੱਤਾ ਗਿਆ ਸੀ।

ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਤਿੰਨ ਸ਼ੂਟਰ ਪਿੰਡ ਪੌਂਖ ਵਿੱਚ ਲੁਕੇ ਹੋਏ ਹਨ। ਇਸ ਤੋਂ ਬਾਅਦ 200 ਤੋਂ ਵੱਧ ਪੁਲਿਸ ਮੁਲਾਜ਼ਮਾਂ ਦੀਆਂ 15 ਟੀਮਾਂ ਬਣਾਈਆਂ ਗਈਆਂ ਸੀ। ਪਿੰਡ ਪੌਂਖ ਵਿੱਚ ਗੋਲੀ ਚਲਾਉਣ ਵਾਲਿਆਂ ਨੂੰ ਫੜਨ ਲਈ ਪੁਲਿਸ ਦੀ ਕਾਰਵਾਈ ਰਾਤ ਭਰ ਜਾਰੀ ਰਹੀ। ਝੁੰਝੁਨੂ ਅਤੇ ਸੀਕਰ ਦੇ ਡਿਪਟੀ ਕਮਿਸ਼ਨਰ ਪੁਲਿਸ ਇਸ ਪੂਰੇ ਆਪ੍ਰੇਸ਼ਨ ਦੀ ਅਗਵਾਈ ਕਰ ਰਹੇ ਸੀ। ਝੁੰਝਨੂ ਦੇ ਪਹਾੜੀ ਇਲਾਕੇ 'ਚ ਪੁਲਿਸ ਅਤੇ ਸ਼ੂਟਰਾਂ ਵਿਚਾਲੇ ਮੁਕਾਬਲਾ ਹੋਇਆ। ਮੁਕਾਬਲੇ ਵਿੱਚ ਇੱਕ ਬਦਮਾਸ਼ ਦੀ ਲੱਤ ਵਿੱਚ ਵੀ ਗੋਲੀ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। 

ਦੱਸ ਦਈਏ ਕਿ ਪੁਲਿਸ ਨੇ ਸਾਰੇ ਪੰਜ ਸ਼ੂਟਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਵੀ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈਣ ਦੀ ਪੁਸ਼ਟੀ ਕੀਤੀ ਹੈ।

ਕਾਬਿਲੇਗੌਰ ਹੈ ਕਿ ਬੀਤੇ ਦਿਨ ਗੈਂਗਸਟਰ ਰਾਜੂ ਠੇਹਟ ਦਾ ਘਰ ਦੇ ਸਾਹਮਣੇ ਸ਼ੂਟਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਕਤਲੇਆਮ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਦੇ ਰੋਹਿਤ ਗੋਦਾਰਾ ਨੇ ਲਈ ਸੀ।

ਇਹ ਵੀ ਪੜੋ: ਨੌਜਵਾਨ ਨੇ ਕੀਤਾ ਮਾਸੜ ਦਾ ਬੇਰਹਿਮੀ ਨਾਲ ਕਤਲ, ਦੱਸੀ ਜਾ ਰਹੀ ਹੈ ਇਹ ਵਜ੍ਹਾ

Related Post