35 ਸਾਲ ਬਾਅਦ ਘਰ 'ਚ ਜੰਮੀ ਧੀ...ਤਾਂ ਪਰਿਵਾਰ 'ਚ ਖੁਸ਼ੀ ਦਾ ਨਹੀਂ ਰਿਹਾ ਟਿਕਾਣਾ, ਵੇਖੋ ਭਾਵੁਕ ਕਰ ਦੇਣ ਵਾਲੀਆਂ ਤਸਵੀਰਾਂ

ਲੁਧਿਆਣਾ ਜ਼ਿਲ੍ਹੇ ਦੇ ਖੰਨਾ ਨਾਲ ਸਬੰਧਤ ਇਸ ਪਰਿਵਾਰ ਦੇ ਘਰ 35 ਸਾਲ ਬਾਅਦ ਧੀ ਨੇ ਜਨਮ ਲਿਆ ਹੈ। ਪਰਿਵਾਰ ਦੇ ਖੁਸ਼ੀ 'ਚ ਜ਼ਮੀਨ ਹੇਠਾਂ ਪੈਰ ਨਹੀਂ ਲੱਗ ਰਹੇ ਸਨ। ਪਰਿਵਾਰ ਵੱਲੋਂ ਮੰਗਲਵਾਰ ਧੀ ਨੂੰ ਹਸਪਤਾਲ ਤੋਂ ਘਰ ਲਿਆਂਦਾ ਗਿਆ ਤਾਂ ਨਜ਼ਾਰਾ ਵੇਖਣ ਵਾਲਾ ਸੀ।

By  KRISHAN KUMAR SHARMA April 23rd 2024 06:32 PM

ਪੀਟੀਸੀ ਡੈਸਕ ਨਿਊਜ਼: ਧੀਆਂ ਕਿਸੇ ਵੀ ਖੇਤਰ 'ਚ ਮੁੰਡਿਆਂ ਤੋਂ ਘੱਟ ਨਹੀਂ ਅਤੇ ਜੇਕਰ ਧੀਆਂ ਨੂੰ ਉਨ੍ਹਾਂ ਦਾ ਬਣਦਾ ਮਾਣ-ਸਨਮਾਨ ਦਿੱਤਾ ਜਾਵੇ ਤਾਂ ਉਨ੍ਹਾਂ ਲਈ ਕੁੱਝ ਵੀ ਅਸੰਭਵ ਨਹੀਂ ਹੁੰਦਾ। ਭਾਵੇਂ ਸਮਾਜ 'ਚ ਕੁੜੀਆਂ ਦੇ ਜੰਮਣ ਨੂੰ ਲੈ ਕੇ ਕਿੰਤੂ ਕਰਨ ਵਾਲੇ ਲੋਕ ਵੀ ਹਨ, ਪਰ ਖੰਨਾ ਵਿੱਚ ਇੱਕ ਪਰਿਵਾਰ ਨੂੰ ਸਮਾਜ 'ਚ ਧੀਆਂ ਨੂੰ ਲੈ ਕੇ ਅਨੋਖਾ ਸੰਦੇਸ਼ ਦਿੱਤਾ ਹੈ। ਇਸ ਪਰਿਵਾਰ ਦੇ ਘਰ 35 ਸਾਲ ਬਾਅਦ ਕਿਸੇ ਧੀ ਨੇ ਜਨਮ ਲਿਆ ਤਾਂ ਪਰਿਵਾਰਕ ਮੈਂਬਰਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਧੀ ਦਾ ਦਾਦਾ ਤਾਂ ਖੁਸ਼ੀ 'ਚ ਭੰਗੜਾ ਪਾਉਂਦਾ ਵੀ ਵਿਖਾਈ ਦਿੱਤਾ।


ਲੁਧਿਆਣਾ ਜ਼ਿਲ੍ਹੇ ਦੇ ਖੰਨਾ ਨਾਲ ਸਬੰਧਤ ਇਸ ਪਰਿਵਾਰ ਦੇ ਘਰ 35 ਸਾਲ ਬਾਅਦ ਧੀ ਨੇ ਜਨਮ ਲਿਆ ਹੈ। ਪਰਿਵਾਰ ਦੇ ਖੁਸ਼ੀ 'ਚ ਜ਼ਮੀਨ ਹੇਠਾਂ ਪੈਰ ਨਹੀਂ ਲੱਗ ਰਹੇ ਸਨ। ਆਸ ਪਾਸ ਦੇ ਲੋਕਾਂ 'ਚ ਵੀ ਧੀ ਜੰਮਣ 'ਤੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਪਰਿਵਾਰ ਵੱਲੋਂ ਮੰਗਲਵਾਰ ਧੀ ਨੂੰ ਹਸਪਤਾਲ ਤੋਂ ਘਰ ਲਿਆਂਦਾ ਗਿਆ ਤਾਂ ਨਜ਼ਾਰਾ ਵੇਖਣ ਵਾਲਾ ਸੀ। ਪਰਿਵਾਰ ਵੱਲੋਂ ਧੀ ਨੂੰ ਲਿਆਉਣ ਲਈ ਸਪੈਸ਼ਲ ਕਾਰ ਕੀਤੀ ਗਈ ਅਤੇ ਢੋਲ-ਢਮੱਕੇ ਵਿੱਚ ਭੰਗੜੇ ਪਾਏ ਗਏ।

ਤਸਵੀਰ 'ਚ ਵੇਖ ਸਕਦੇ ਹੋ ਕਿ ਕਾਰ ਨੂੰ ਕਿਵੇਂ ਗੁਬਾਰਿਆਂ ਨਾਲ ਸਜਾਇਆ ਹੋਇਆ ਹੈ ਅਤੇ ਘਰ ਆਉਣ 'ਤੇ ਰਿਬਨ ਕੱਟ ਕੇ ਗ੍ਰਹਿ ਪ੍ਰਵੇਸ਼ ਕਰਵਾਇਆ ਗਿਆ। ਰਿਬਨ ਕੱਟਣ ਦੌਰਾਨ ਧੀ ਉਪਰ ਪਰਿਵਾਰਕ ਮੈਂਬਰਾਂ ਵੱਲੋਂ ਗੁਲਾਬ ਦੇ ਫੁੱਲਾਂ ਦੀ ਵਰਖਾ ਵੀ ਕੀਤੀ ਗਈ। ਹਰ ਕੋਈ ਨਵਜੰਮੀ ਬੱਚੀ ਦੇ ਘਰ ਆਉਣ ਦਾ ਇਹ ਨਜ਼ਾਰਾ ਵੇਖ ਕੇ ਹੈਰਾਨ ਵੀ ਸੀ ਅਤੇ ਖੁਸ਼ੀ ਮਹਿਸੂਸ ਕਰ ਰਿਹਾ ਸੀ।

ਇਸ ਮੌਕੇ ਗੱਲਬਾਤ ਕਰਦਿਆਂ ਨਵਜੰਮੀ ਧੀ ਦੇ ਦਾਦਾ ਦੀਦਾਰ ਸਿੰਘ ਅਤੇ ਪਿਤਾ ਬਲਕਾਰ ਸਿੰਘ ਨੇ ਕਿਹਾ ਕਿ ਸਾਡਾ ਇਹ ਉਨ੍ਹਾਂ ਲੋਕਾਂ ਨੂੰ ਸੁਨੇਹਾ ਹੈ, ਜੋ ਧੀਆਂ ਨੂੰ ਕੁੱਖਾਂ 'ਚ ਕਤਲ ਕਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਇੱਕ ਧੀ ਕਦੇ ਵੀ ਮਾਪਿਆਂ ਉਪਰ ਬੋਝ ਨਹੀਂ ਹੁੰਦੀ, ਸਗੋਂ ਧੀਆਂ ਦਾ ਸਤਿਕਾਰ ਕਰਨ ਦੀ ਲੋੜ ਹੁੰਦੀ ਹੈ ਅਤੇ ਪੁੱਤਰਾਂ ਵਾਗੂ ਪਿਆਰ ਕਰਨਾ ਚਾਹੀਦਾ ਹੈ।


ਉਨ੍ਹਾਂ ਕਿਹਾ ਕਿ ਅੱਜ 35 ਸਾਲ ਬਾਅਦ ਸਾਡੇ ਘਰ ਕਿਸੇ ਧੀ ਨੇ ਜਨਮ ਲਿਆ ਹੈ, ਜਿਸ ਨਾਲ ਪਰਿਵਾਰ ਦੀ ਖੁਸ਼ੀ ਦੋਗੁਣੀ ਹੋ ਗਈ ਹੈ ਅਤੇ ਉਹ ਪ੍ਰਮਾਤਮਾ ਦਾ ਸ਼ੁਕਰੀਆ ਅਦਾ ਕਰਦੇ ਹਨ, ਜੋ ਉਨ੍ਹਾਂ ਨੂੰ ਇਸ ਲਾਇਕ ਸਮਝਿਆ ਕਿ ਇੱਕ ਧੀ ਦੀ ਦਾਤ ਬਖਸ਼ੀ।

Related Post