PTC News
Search
🔍 Search

Most Wanted Goldie Brar : ਭਾਰਤ- ਅਮਰੀਕਾ ਤੋਂ ਬਾਅਦ ਹੁਣ ਕੈਨੇਡਾ ਚ ਵੀ ਗੋਲਡੀ ਬਰਾੜ ਮੋਸਟ ਵਾਂਟੇਡ, ਗ੍ਰਿਫ਼ਤਾਰੀ ਲਈ ਰੱਖਿਆ 2.5 ਲੱਖ ਡਾਲਰ ਦਾ ਇਨਾਮ

ਨਵੀਂ ਟਾਪ-25 ਸੂਚੀ ਵਿੱਚ ਪਹਿਲੇ ਨੰਬਰ ’ਤੇ ਗੋਲਡੀ ਬਰਾੜ ਦਾ ਨਾਂ

By  Jaswinder Kaur November 20th 2026 08:29 AM -- Updated: November 20th 2026 08:30 AM

Goldie Brar is now most wanted in Canada :  ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਸ਼ਾਮਲ ਗੋਲਡੀ ਬਰਾੜ ਦੀਆਂ ਮੁਸ਼ਕਲਾਂ ਹੁਣ ਵਧਣ ਵਾਲੀਆਂ ਹਨ। ਜਿਸ ਦੇਸ਼ ਵਿੱਚ ਉਹ ਲੁਕ ਕੇ ਬੈਠਾ ਹੈ, ਹੁਣ ਉਸੇ ਦੇਸ਼ ਨੇ ਉਸ ਨੂੰ ਮੋਸਟ ਵਾਂਟੇਡ ਅਪਰਾਧੀਆਂ ਦੀ ਸੂਚੀ ਵਿੱਚ ਸ਼ਾਮਲ ਕਰ ਲਿਆ ਹੈ।

ਕੈਨੇਡਾ ਨੇ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ਸਬੰਧੀ ਜਾਣਕਾਰੀ ਦੇਣ ਵਾਲੇ ਨੂੰ 2.5 ਲੱਖ ਡਾਲਰ ਤੱਕ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਗੋਲਡੀ ਬਰਾੜ ਵਿਨੀਪੈੱਗ ਵਿੱਚ 2023 ਦੌਰਾਨ ਹੋਏ ਕਤਲ ਦੇ ਮਾਮਲੇ ਵਿੱਚ ਪੁਲੀਸ ਨੂੰ ਲੋੜੀਂਦਾ ਹੈ। ਉਸ ਦੀ ਗ੍ਰਿਫ਼ਤਾਰੀ ਵਿੱਚ ਮਦਦਗਾਰ ਜਾਣਕਾਰੀ ਦੇਣ ਵਾਲੇ ਨੂੰ 2.5 ਲੱਖ ਕੈਨੇਡੀਅਨ ਡਾਲਰ ਦਾ ਇਨਾਮ ਦਿੱਤਾ ਜਾਵੇਗਾ।

ਕੈਨੇਡਾ ਨੇ ਉਸ ਨੂੰ 'ਬੋਲੋ ਪ੍ਰੋਗਰਾਮ' ਤਹਿਤ ਦੇਸ਼ ਦੇ ਸਭ ਤੋਂ ਵੱਧ ਲੋੜੀਂਦੇ ਭਗੌੜਿਆਂ ਦੀ ਨਵੀਂ ਟਾਪ-25 ਸੂਚੀ ਵਿੱਚ ਪਹਿਲੇ ਨੰਬਰ ’ਤੇ ਰੱਖਿਆ ਹੈ। ਇਸ ਵਾਰ ਲੋਕਾਂ ਨੂੰ ਇਨ੍ਹਾਂ ਦੀ ਪਛਾਣ ਕਰਵਾਉਣ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਮਦਦ ਨਾਲ ਤਿਆਰ ਕੀਤੇ ਗਏ ਮਨੁੱਖੀ ਚਿਹਰਿਆਂ ਵਰਗੇ ਡਿਜੀਟਲ ਮਾਡਲ ਅਤੇ ਵੀਡੀਓ ਵੀ ਜਾਰੀ ਕੀਤੇ ਗਏ ਹਨ।

ਵਿਨੀਪੈੱਗ ਪੁਲੀਸ ਅਨੁਸਾਰ 20 ਸਤੰਬਰ 2023 ਨੂੰ ਸ਼ਹਿਰ ਦੇ ਕੈਸਲਬਰੀ ਮੀਡੋਜ਼ ਇਲਾਕੇ ਵਿੱਚ ਗੋਲ਼ੀਬਾਰੀ ਦੌਰਾਨ 39 ਸਾਲਾ ਸੁਖਦੂਲ ਸਿੰਘ ਗਿੱਲ ਦੀ ਮੌਤ ਹੋ ਗਈ ਸੀ। ਇਸ ਮਾਮਲੇ ਦੀ ਜਾਂਚ ਲਈ ਪੁਲੀਸ ਨੇ ‘ਪ੍ਰੋਜੈਕਟ ਕ੍ਰੇਟ’ ਸ਼ੁਰੂ ਕੀਤਾ ਸੀ। ਜਾਂਚ ਮਗਰੋਂ ਗੋਲਡੀ ਬਰਾੜ ਅਤੇ ਉਸ ਦੇ ਕਥਿਤ ਸਾਥੀ 26 ਸਾਲਾ ਕਰਨਬੀਰ ਸਿੰਘ ਖ਼ਿਲਾਫ਼ ਪਹਿਲੇ ਦਰਜੇ ਦੇ ਕਤਲ ਅਤੇ ਕਤਲ ਦੀ ਸਾਜ਼ਿਸ਼ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ। ਦੋਵੇਂ ਅਜੇ ਫ਼ਰਾਰ ਹਨ।

ਵਿਨੀਪੈੱਗ ਪੁਲੀਸ ਦੇ ਡਿਪਟੀ ਚੀਫ਼ ਕੈਮ ਮੈਕਕਿਡ ਨੇ ਗੋਲਡੀ ਬਰਾੜ ਨੂੰ ਬੇਹੱਦ ਖ਼ਤਰਨਾਕ ਵਿਅਕਤੀ ਦੱਸਦਿਆਂ ਕਿਹਾ ਕਿ ਉਸ ਨਾਲ ਜੁੜੇ ਕਥਿਤ ਅਪਰਾਧਾਂ ਦਾ ਪ੍ਰਭਾਵ ਇੱਕ ਸ਼ਹਿਰ ਜਾਂ ਦੇਸ਼ ਤੱਕ ਸੀਮਤ ਨਹੀਂ ਹੈ। ਉਨ੍ਹਾਂ ਲੋਕਾਂ ਨੂੰ ਚੌਕਸ ਰਹਿਣ ਅਤੇ ਉਸ ਨੂੰ ਖ਼ੁਦ ਫੜਨ ਦੀ ਕੋਸ਼ਿਸ਼ ਨਾ ਕਰਨ ਦੀ ਅਪੀਲ ਕੀਤੀ।

ਅਮਰੀਕਾ ਦੀ ਸੰਘੀ ਜਾਂਚ ਏਜੰਸੀ ਐੱਫ ਬੀ ਆਈ (FBI) ਨੇ ਵੀ ਸਤੰਬਰ 2026 ਵਿੱਚ ਗੋਲਡੀ ਬਰਾੜ ਨੂੰ ਆਪਣੀ 10 ਸਭ ਤੋਂ ਵੱਧ ਲੋੜੀਂਦੇ ਭਗੌੜਿਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਸੀ। ਅਮਰੀਕਾ ਵਿੱਚ ਉਸ ਖ਼ਿਲਾਫ਼ ਰੈਕਟੀਅਰਿੰਗ, ਜਬਰੀ ਵਸੂਲੀ ਅਤੇ ਨਸ਼ਿਆਂ ਦੀ ਤਸਕਰੀ ਨਾਲ ਸਬੰਧਿਤ ਦੋਸ਼ ਹਨ। ਉਸ ਦੀ ਗ੍ਰਿਫ਼ਤਾਰੀ ਲਈ 10 ਲੱਖ ਅਮਰੀਕੀ ਡਾਲਰ ਤੱਕ ਦਾ ਇਨਾਮ ਵੀ ਐਲਾਨਿਆ ਗਿਆ ਹੈ। ਭਾਰਤ ਵਿੱਚ ਵੀ ਉਹ ਕਤਲ ਦੇ ਇੱਕ ਮਾਮਲੇ ਵਿੱਚ ਲੋੜੀਂਦਾ ਹੈ। ਕੈਨੇਡਾ ਸਰਕਾਰ ਨੇ 2025 ਵਿੱਚ ਲਾਰੈਂਸ ਬਿਸ਼ਨੋਈ ਗਰੋਹ ਨੂੰ ਅਤਿਵਾਦੀ ਇਕਾਈ ਵਜੋਂ ਸੂਚੀਬੱਧ ਕੀਤਾ ਸੀ।

ਸੂਚੀ ਵਿੱਚ ਗੋਲਡੀ ਬਰਾੜ ਤੋਂ ਇਲਾਵਾ ਮਨਪ੍ਰੀਤ ਸਿੰਘ ਨੂੰ ਅੱਠਵਾਂ ਅਤੇ ਗੁਰਕੀਰਤ ਸਿੰਘ ਨੂੰ 23ਵਾਂ ਸਥਾਨ ਦਿੱਤਾ ਗਿਆ ਹੈ। ਮਨਪ੍ਰੀਤ ਸਿੰਘ ਬਰੈਂਪਟਨ ਵਿੱਚ 2025 ਦੌਰਾਨ ਹੋਈ ਗੋਲ਼ੀਬਾਰੀ ਅਤੇ ਕਤਲ ਦੇ ਮਾਮਲੇ ਵਿੱਚ ਲੋੜੀਂਦਾ ਹੈ, ਜਦਕਿ ਗੁਰਕੀਰਤ ਸਿੰਘ ਬ੍ਰਿਟਿਸ਼ ਕੋਲੰਬੀਆ ਵਿੱਚ ਨਾਬਾਲਗ ਨਾਲ ਜਿਨਸੀ ਦਖ਼ਲਅੰਦਾਜ਼ੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਵਿਨੀਪੈੱਗ ਦੇ ਪੌਲ ਬੋਨਿਕ ਨੂੰ 11ਵਾਂ ਅਤੇ ਯੂਸਫ਼ ਅਬਦੁਲਕਾਦਿਰ ਅਲੀ ਨੂੰ 22ਵਾਂ ਸਥਾਨ ਮਿਲਿਆ ਹੈ। ਬੋਨਿਕ 2025 ਵਿੱਚ ਰਾਲਫ਼ ਮੋਇਜ਼ ਦੇ ਕਤਲ ਅਤੇ ਅਲੀ 2021 ਵਿੱਚ ਹੋਈ ਗੋਲ਼ੀਬਾਰੀ ਦੇ ਮਾਮਲੇ ਵਿੱਚ ਲੋੜੀਂਦਾ ਹੈ।

ਬੋਲੋ ਪ੍ਰੋਗਰਾਮ ਦੇ ਕਾਰਜਕਾਰੀ ਡਾਇਰੈਕਟਰ ਮੈਕਸ ਲੈਂਗਲੋਆ ਨੇ ਕਿਹਾ ਕਿ ਲੋਕਾਂ ਦੀ ਜਾਗਰੂਕਤਾ ਵਧਣ ਨਾਲ ਭਗੌੜਿਆਂ ਲਈ ਲੁਕ ਕੇ ਰਹਿਣਾ ਮੁਸ਼ਕਲ ਹੋ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਮੁਲਜ਼ਮ ਬਾਰੇ ਜਾਣਕਾਰੀ ਮਿਲਣ ’ਤੇ ਪੁਲੀਸ ਨਾਲ ਸੰਪਰਕ ਕੀਤਾ ਜਾਵੇ।

Related Post