ਪੰਜਾਬ 'ਚ ਕਈ ਥਾਂਵਾਂ 'ਤੇ ਭਾਰੀ ਮੀਂਹ ਤੇ ਗੜ੍ਹੇਮਾਰੀ, ਕਿਸਾਨਾਂ ਦੀਆਂ ਉਮੀਦਾਂ 'ਤੇ ਫਿਰਿਆ ਪਾਣੀ

ਭਾਰੀ ਮੀਂਹ ਤੇ ਗੜ੍ਹੇਮਾਰੀ ਕਾਰਨ ਕਿਸਾਨਾਂ ਦੀਆਂ ਉਮੀਦਾਂ 'ਤੇ ਪਾਣੀ ਫਿਰਦਾ ਵਿਖਾਈ ਦੇ ਰਿਹਾ ਹੈ। ਕਈ ਥਾਵਾਂ 'ਤੇ ਕਿਸਾਨਾਂ ਵੱਲੋਂ ਮੰਡੀਆਂ 'ਚ ਲਿਆਂਦੀ ਕਣਕ ਦੀ ਫ਼ਸਲ ਦੇ ਪਾਣੀ 'ਚ ਭਿੱਜਣ ਦੀਆਂ ਖ਼ਬਰਾਂ ਹਨ।

By  KRISHAN KUMAR SHARMA April 19th 2024 03:27 PM -- Updated: April 19th 2024 03:51 PM

Heavy Rain in Punjab: ਪੰਜਾਬ 'ਚ ਵੀਰਵਾਰ ਕਈ ਥਾਵਾਂ 'ਤੇ ਭਾਰੀ ਮੀਂਹ ਅਤੇ ਗੜ੍ਹੇਮਾਰੀ ਹੋਈ, ਜਿਸ ਕਾਰਨ ਸੂਬੇ 'ਚ ਲੋਕਾਂ ਨੂੰ ਤਿੱਖੀ ਧੁੱਪ ਤੋਂ ਰਾਹਤ ਮਿਲੀ ਹੈ। ਪਰ ਇਸ ਭਾਰੀ ਮੀਂਹ ਤੇ ਗੜ੍ਹੇਮਾਰੀ ਕਾਰਨ ਕਿਸਾਨਾਂ ਦੀਆਂ ਉਮੀਦਾਂ 'ਤੇ ਪਾਣੀ ਫਿਰਦਾ ਵਿਖਾਈ ਦੇ ਰਿਹਾ ਹੈ। ਕਈ ਥਾਵਾਂ 'ਤੇ ਕਿਸਾਨਾਂ ਵੱਲੋਂ ਮੰਡੀਆਂ 'ਚ ਲਿਆਂਦੀ ਕਣਕ ਦੀ ਫ਼ਸਲ ਦੇ ਪਾਣੀ 'ਚ ਭਿੱਜਣ ਦੀਆਂ ਖ਼ਬਰਾਂ ਹਨ।

ਜਾਣਕਾਰੀ ਅਨੁਸਾਰ ਪੰਜਾਬ ਦੇ ਮੋਗਾ, ਅੰਮ੍ਰਿਤਸਰ, ਮਜੀਠਾ, ਬਾਬਾ ਬਕਾਲਾ ਸਾਹਿਬ, ਭਿੱਖੀਵਿੰਡ ਅਤੇ ਜਲੰਧਰ ਦੇ ਇਲਾਕਿਆਂ 'ਚ ਜਿਥੇ ਭਾਰੀ ਮੀਂਹ ਦੇ ਨਾਲ ਗੜ੍ਹੇਮਾਰੀ ਵੀ ਹੋਈ ਹੈ, ਉਥੇ ਹੀ ਮੋਹਾਲੀ 'ਚ ਸਮੇਤ ਕੁੱਝ ਥਾਵਾਂ 'ਤੇ ਹਲਕੀ ਬੂੰਦਾਂ-ਬਾਂਦੀ ਵਿਖਾਈ ਦਿੱਤੀ ਹੈ।

ਇਨ੍ਹਾਂ ਇਲਾਕਿਆਂ 'ਚ ਹੋਈ ਭਾਰੀ ਮੀਂਹ ਨਾਲ ਤੇਜ਼ ਹਵਾਵਾਂ ਅਤੇ ਤੂਫਾਨ ਦੀਆਂ ਵੀ ਖ਼ਬਰਾਂ ਹਨ, ਦਿਨ ਵੇਲੇ ਹੀ ਹਨੇਰਾ ਅਤੇ ਕਣਕਾਂ ਦੀਆਂ ਫਸਲਾਂ ਵਿਛੀਆਂ ਦੱਸੀਆਂ ਜਾ ਰਹੀਆਂ ਹਨ।

ਮੋਗਾ 'ਚ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਹੈ, ਜਿਥੇ ਪੂਰੀ ਤਰ੍ਹਾਂ ਨਾਲ ਪੱਕ ਚੁੱਕੀ ਕਣਕ ਦਾ ਮੀਂਹ ਕਾਰਨ ਭਾਰੀ ਨੁਕਸਾਨ ਹੋਇਆ। ਇਸ ਦੇ ਨਾਲ ਹੀ ਕਿਸਾਨਾਂ ਵੱਲੋਂ ਕੱਟ ਕੇ ਮੰਡੀ ਵਿੱਚ ਲਿਆਂਦੀ ਕਣਕੀ ਵੀ ਬੁਰੀ ਤਰ੍ਹਾਂ ਨਾਲ ਭਿੱਜ ਗਈ।

ਮੌਸਮ ਵਿਭਾਗ ਵੱਲੋਂ ਜਾਰੀ ਕੀਤਾ ਹੈ ਯੈਲੋ ਅਲਰਟ

ਮੌਸਮ ਵਿਭਾਗ ਵੱਲੋਂ ਭਾਰੀ ਮੀਂਹ ਨੂੰ ਲੈ ਕੇ ਪੰਜਾਬ 'ਚ ਯੈਲੋ ਅਲਰਟ ਜਾਰੀ ਕੀਤਾ ਹੋਇਆ ਹੈ। ਦੋ ਦਿਨਾਂ 19 ਅਤੇ 20 ਤਰੀਕ ਤੱਕ ਸੂਬੇ ਦੇ ਲਗਭਗ ਸਾਰੇ ਜ਼ਿਲ੍ਹਿਆਂ 'ਚ ਮੀਂਹ ਦੀ ਸੰਭਾਵਨਾ ਹੈ। ਨਾਲ ਹੀ 20 ਅਪ੍ਰੈਲ ਨੂੰ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਲੁਧਿਆਣਾ, ਨਵਾਂ ਸ਼ਹਿਰ, ਐਸ.ਬੀ.ਐਸ.ਨਗਰ, ਰੂਪ ਨਗਰ, ਪਟਿਆਲਾ ਅਤੇ ਸੰਗਰੂਰ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ, ਜਦਕਿ ਪੱਛਮੀ ਮਾਲਵੇ ਵਿੱਚ 20 ਅਪ੍ਰੈਲ ਨੂੰ ਮੌਸਮ ਸਾਫ਼ ਰਹਿ ਸਕਦਾ ਹੈ।

Related Post