ਬਠਿੰਡਾ: ਪਰਲ ਗਰੁੱਪ ਦੀਆਂ ਨਾਜਾਇਜ਼ ਜਾਇਦਾਦਾਂ ਉੱਪਰ ਚੱਲਿਆ ਸਰਕਾਰ ਦਾ ਪੀਲਾ ਪੰਜਾ

By  Jasmeet Singh October 21st 2023 01:42 PM -- Updated: October 21st 2023 03:38 PM

ਬਠਿੰਡਾ: ਬਠਿੰਡਾ ਦੀ 100 ਫੂਟੀ ਰੋਡ ਉੱਪਰ ਕਰੋੜਾਂ ਰੁਪਿਆਂ ਦੀ ਜ਼ਮੀਨ ਕਰੀਬ 200 ਗੱਜ ਵਿੱਚ ਬਣੇ ਤਿੰਨ ਸ਼ੋਰੂਮ, ਜੋ ਪਰਲ ਗਰੁੱਪ ਦੀਆਂ ਜਾਇਦਾਦਾਂ ਉੱਪਰ ਨਜਾਇਜ਼ ਤਰੀਕੇ ਨਾਲ ਬਣਾਏ ਹੋਏ ਨੇ, 'ਤੇ ਬਠਿੰਡਾ ਕਾਰਪੋਰੇਸ਼ਨ ਵੱਲੋਂ ਪੀਲਾ ਪੰਜਾ ਚਲਾਇਆ ਗਿਆ।

ਪਰਲ ਗਰੁੱਪ ਵੱਲੋਂ ਲੋਕਾਂ ਨਾਲ ਮਾਰੀਆਂ ਠੱਗੀਆਂ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਇਹਨਾਂ ਦੀਆਂ ਜਾਇਦਾਦਾਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ। ਜਿਸ ਨੂੰ ਵੇਚ ਕੇ ਪੰਜਾਬ ਸਰਕਾਰ ਲੋਕਾਂ ਦੇ ਪੈਸੇ ਉਤਾਰੇਗੀ। ਦੱਸ ਦੇਈਏ ਕਿ ਲਗਭਗ 12 ਹਜ਼ਾਰ ਤੋਂ ਉੱਪਰ ਲੋਕ ਇਸ ਮਾਮਲੇ 'ਚ ਠੱਗੀ ਦਾ ਸ਼ਿਕਾਰ ਹੋਏ ਸਨ। 

ਕਾਬਲੇਗੌਰ ਹੈ ਕਿ ਸੁਪਰੀਮ ਕੋਰਟ ਦੀਆਂ ਹਦਾਇਤਾਂ ਤੋਂ ਬਾਅਦ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਪਰਲ ਗਰੁੱਪ ਦੀਆਂ ਜਾਇਦਾਦਾਂ ਦੀ ਛਾਣਬੀਣ ਕਰ ਰਹੇ ਹਨ। ਇਸ ਅਧੀਨ ਬਠਿੰਡਾ ਦੇ ਡਿਪਟੀ ਕਮਿਸ਼ਨਰ ਵੱਲੋਂ ਵੀ ਗਰੁੱਪ ਸਬੰਧੀ ਇਸ ਜਗ੍ਹਾ ਨੂੰ ਖਾਲੀ ਕਰਾਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ। 

ਜਿਸ ਅਧੀਨ ਅੱਜ ਇੱਥੇ ਕਾਰਪੋਰੇਸ਼ਨ ਦਾ ਪੀਲਾ ਪੰਜਾ ਚੱਲਿਆ ਅਤੇ ਇਨ੍ਹਾਂ ਦੁਕਾਨਾਂ ਨੂੰ ਢਾਹ ਦਿੱਤਾ ਗਿਆ। ਇਸ ਦੇ ਨਾਲ ਹੀ ਇਨ੍ਹਾਂ ਦੁਕਾਨਾਂ ਨੂੰ ਬਣਾਉਣ ਵਾਲੇ ਚਾਰ ਲੋਕਾਂ ਉੱਪਰ ਵੀ ਥਾਣਾ ਸਿਵਲ ਲਾਈਨ ਵਿੱਚ ਮੁਕਦਮਾ ਦਰਜ ਕੀਤਾ ਗਿਆ। ਜਿਨ੍ਹਾਂ ਵਿੱਚੋਂ ਇਸ ਵੇਲੇ ਤਿੰਨ ਲੋਕ ਥਾਣੇ ਅੰਦਰ ਬੰਦ ਹਨ।

ਮਿਉਂਸਿਪਲ ਟਾਊਨ ਪਲੈਨਰ ਦਾ ਕਹਿਣਾ ਹੈ ਕਿ ਸਾਨੂੰ ਤਾਂ ਸਰਕਾਰ ਵੱਲੋਂ ਹੁਕਮ ਹੋਏ ਹਨ ਕਿ ਇਹਨਾਂ ਜਾਇਦਾਦਾਂ ਨੂੰ ਖਾਲੀ ਕਰਵਾਇਆ ਜਾਵੇ, ਜੋ ਨਜਾਇਜ਼ ਤਰੀਕੇ ਨਾਲ ਬਣਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ਤੋਂ ਬਾਅਦ ਹੀ ਇਹ ਕਾਰਵਾਈ ਸ਼ੁਰੂ ਹੋਈ ਹੈ। 

ਦੂਜੇ ਪਾਸੇ ਡੀ.ਐੱਸ.ਪੀ ਸਿਟੀ ਟੂ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਅਸੀਂ ਹਦਾਇਤਾਂ ਤੋਂ ਬਾਅਦ ਚਾਰ ਲੋਕਾਂ ਉੱਪਰ ਮੁਕੱਦਮਾ ਦਰਜ ਕਰ ਲਿਆ ਹੈ, ਜਿੰਨਾ ਵਿੱਚੋਂ ਤਿੰਨ ਲੋਕਾਂ ਨੂੰ ਫੜ ਲਿਆ ਗਿਆ ਹੈ ਅਤੇ ਇੱਕ ਫਰਾਰ ਚੱਲ ਰਿਹਾ ਹੈ। ਜਿਸ ਨੂੰ ਜਲਦੀ ਫੜ ਲਿਆ ਜਾਵੇਗਾ ਅਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ l

ਇਹ ਵੀ ਪੜ੍ਹੋ: ਪੁਲਾੜ ’ਚ ਭਾਰਤ ਨੇ ਰਚਿਆ ਇਤਿਹਾਸ, ਮਿਸ਼ਨ ਗਗਨਯਾਨ ਨੇ ਭਰੀ ਪਹਿਲੀ ਟੈਸਟਿੰਗ ਉਡਾਣ

Related Post