Indore Test : ਇੰਦੌਰ ਟੈਸਟ ਚ ਭਾਰਤ ਨੂੰ ਆਸਟ੍ਰੇਲੀਆ ਹੱਥੋਂ ਮਿਲੀ ਕਰਾਰੀ ਹਾਰ

ਇੰਦੌਰ : ਬਾਰਡਰ-ਗਾਵਸਕਰ ਟੈਸਟ ਸੀਰੀਜ਼ ਦੇ ਤੀਸਰੇ ਟੈਸਟ ਮੈਚ ਨੂੰ ਭਾਰਤੀ ਕਪਤਾਨ ਤੇ ਭਾਰਤੀ ਟੀਮ ਸ਼ਾਇਦ ਹੀ ਭੁੱਲੇ ਹੋਣ, ਕਿਉਂਕਿ ਜਿਸ ਤਰੀਕੇ ਨਾਲ ਭਾਰਤੀ ਟੀਮ ਨੇ ਆਪਣੀ ਧਰਤੀ 'ਤੇ ਇਸ ਟੈਸਟ ਸੀਰੀਜ਼ ਦੀ ਸ਼ੁਰੂਆਤ ਕੀਤੀ ਸੀ ਪਰ ਆਖਰੀ ਟੈਸਟ ਮੈਚ ਰੇਤ ਦੀ ਮੁੱਠੀ ਵਾਂਗ ਭਾਰਤ ਦਾ ਹੱਥੋਂ ਖਿਸਕ ਗਿਆ।
ਸ਼ਾਨਦਾਰ ਜਿੱਤ ਨਾਲ ਆਸਟ੍ਰੇਲੀਆ ਨੇ ਡਬਲਯੂ.ਟੀ.ਸੀ. ਦੇ ਫਾਈਨਲ ਵਿਚ ਥਾਂ ਬਣਾ ਲਈ ਹੈ। ਭਾਰਤ ਦੀ ਹਾਰ ਦਾ ਕਾਰਨ ਉਸ ਦੇ ਬੱਲੇਬਾਜ਼ ਸਨ। ਪਹਿਲੀ ਪਾਰੀ 'ਚ 109 ਦੌੜਾਂ 'ਤੇ ਆਊਟ ਹੋਣ ਵਾਲੀ ਟੀਮ ਇੰਡੀਆ ਦੀ ਦੂਜੀ ਪਾਰੀ 'ਚ ਸਿਰਫ਼ 163 ਦੌੜਾਂ 'ਤੇ ਹੀ ਸਿਮਟ ਗਈ। ਚੇਤੇਸ਼ਵਰ ਪੁਜਾਰਾ ਨੇ ਸਭ ਤੋਂ ਵੱਧ 59 ਦੌੜਾਂ ਦੀ ਪਾਰੀ ਖੇਡੀ। ਇਸ ਦੇ ਨਾਲ ਹੀ ਸ਼੍ਰੇਅਸ ਅਈਅਰ ਨੇ 26 ਦੌੜਾਂ ਬਣਾਈਆਂ। ਆਸਟ੍ਰੇਲੀਆ ਲਈ ਨਾਥਨ ਲਿਓਨ ਨੇ ਖ਼ਤਰਨਾਕ ਗੇਂਦਬਾਜ਼ੀ ਕੀਤੀ ਤੇ 64 ਦੌੜਾਂ ਦੇ ਕੇ 8 ਵਿਕਟਾਂ ਲਈਆਂ।
ਜਵਾਬ ਵਿਚ ਆਸਟ੍ਰੇਲੀਆ ਨੇ ਆਪਣੀ ਪਹਿਲੀ ਪਾਰੀ 'ਚ 197 ਦੌੜਾਂ ਬਣਾਈਆਂ ਸਨ। ਆਪਣੀ ਪਹਿਲੀ ਪਾਰੀ 'ਚ ਆਸਟ੍ਰੇਲੀਆਈ ਟੀਮ ਨੇ ਇਕ ਸਮੇਂ ਚਾਰ ਵਿਕਟਾਂ 'ਤੇ 186 ਦੌੜਾਂ ਬਣਾ ਲਈਆਂ ਸਨ ਪਰ ਉਸ ਦੀਆਂ ਆਖਰੀ ਛੇ ਵਿਕਟਾਂ 11 ਦੌੜਾਂ 'ਤੇ ਹੀ ਡਿੱਗ ਗਈਆਂ। ਰਵਿੰਦਰ ਜਡੇਜਾ ਨੇ ਪਹਿਲੇ ਦਿਨ ਦੀ ਖੇਡ 'ਚ ਚਾਰ ਵਿਕਟਾਂ ਲਈਆਂ। ਇਸ ਦੇ ਨਾਲ ਹੀ ਅਸ਼ਵਿਨ ਤੇ ਉਮੇਸ਼ ਯਾਦਵ ਨੇ ਤਿੰਨ-ਤਿੰਨ ਵਿਕਟਾਂ ਲਈਆਂ। ਆਸਟ੍ਰੇਲੀਆ ਨੂੰ ਪਹਿਲੀ ਪਾਰੀ ਦੇ ਆਧਾਰ 'ਤੇ 88 ਦੌੜਾਂ ਦੀ ਕੀਮਤੀ ਬੜ੍ਹਤ ਮਿਲੀ।
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੇ ਆਪਣੀ ਪਾਰੀ ਵਿਚ ਸਿਰਫ਼ 109 ਦੌੜਾਂ ਬਣਾਈਆਂ। ਭਾਰਤ ਵੱਲੋਂ ਵਿਰਾਟ ਕੋਹਲੀ ਨੇ ਸਭ ਤੋਂ ਵੱਧ 22 ਦੌੜਾਂ ਦੀ ਪਾਰੀ ਖੇਡੀ। ਹੋਰ ਕੋਈ ਵੀ ਖਿਡਾਰੀ ਕੁਝ ਖਾਸ ਨਹੀਂ ਕਰ ਸਕਿਆ। ਆਸਟ੍ਰੇਲੀਆਈ ਟੀਮ ਲਈ ਸਪਿੰਨਰ ਮੈਥਿਊ ਕੁਹਨਮੈਨ ਨੇ ਸਭ ਤੋਂ ਵੱਧ 5 ਵਿਕਟਾਂ ਤੇ ਨਾਥਨ ਲਿਓਨ ਨੇ 3 ਵਿਕਟਾਂ ਹਾਸਲ ਕੀਤੀਆਂ।
ਇਹ ਵੀ ਪੜ੍ਹੋ : Punjab Budget Session : ਬਜਟ ਸੈਸ਼ਨ 'ਚ ਰਾਜਪਾਲ ਦੇ ਭਾਸ਼ਣ ਦਰਮਿਆਨ ਕਾਂਗਰਸੀ ਵਿਧਾਇਕਾਂ ਵੱਲੋਂ ਹੰਗਾਮਾ
ਆਸਟ੍ਰੇਲੀਆ ਨੇ ਇੰਦੌਰ ਟੈਸਟ 9 ਵਿਕਟਾਂ ਨਾਲ ਜਿੱਤ ਲਿਆ ਹੈ। ਇਸ ਜਿੱਤ ਨਾਲ ਉਸ ਨੇ ਡਬਲਯੂ.ਟੀ.ਸੀ. ਦੇ ਫਾਈਨਲ 'ਚ ਥਾਂ ਬਣਾ ਲਈ ਹੈ। ਆਸਟ੍ਰੇਲੀਆ ਨੇ 76 ਦੌੜਾਂ ਦਾ ਟੀਚਾ ਆਸਾਨੀ ਨਾਲ ਹਾਸਲ ਕਰ ਲਿਆ। ਟ੍ਰੈਵਿਸ ਹੈਡ 49 ਤੇ ਲਾਬੂਸ਼ੇਨ 28 ਦੌੜਾਂ ਬਣਾ ਕੇ ਨਾਬਾਦ ਰਹੇ। ਭਾਰਤ ਵੱਲੋਂ ਇਕੋ-ਇਕ ਵਿਕਟ ਆਰ. ਅਸ਼ਵਿਨ ਨੂੰ ਮਿਲਿਆ।