Glenn Maxwell ODI Retirement : ਪੰਜਾਬ ਕਿੰਗਜ਼ ਦੇ ਇਸ ਵੱਡੇ ਖਿਡਾਰੀ ਨੇ ਅਚਾਨਕ ਲਿਆ ਸੰਨਿਆਸ, ਭਾਵੁਕ ਹੁੰਦਿਆਂ ਕਹੀ ਵੱਡੀ ਗੱਲ
Glenn Maxwell ODI Retirement : ਆਸਟ੍ਰੇਲੀਆ ਦੇ ਆਲਰਾਊਂਡਰ ਗਲੇਨ ਮੈਕਸਵੈੱਲ ਨੇ ਵਨਡੇ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਆਪਣੀ ਸੰਨਿਆਸ ਦਾ ਐਲਾਨ ਕਰਦੇ ਹੋਏ ਮੈਕਸਵੈੱਲ ਨੇ ਕਿਹਾ, 'ਮੈਂ ਚੈਂਪੀਅਨਜ਼ ਟਰਾਫੀ ਦੇ ਸ਼ੁਰੂਆਤੀ ਮੈਚਾਂ ਤੋਂ ਬਾਅਦ ਇਹ ਫੈਸਲਾ ਲਿਆ। ਮੈਨੂੰ ਲੱਗਾ ਕਿ ਮੈਂ ਟੀਮ ਨੂੰ ਨਿਰਾਸ਼ ਕਰ ਰਿਹਾ ਸੀ।' 36 ਸਾਲਾ ਮੈਕਸਵੈੱਲ ਆਈਪੀਐਲ 2025 (IPL 2025) ਦੇ ਸ਼ੁਰੂਆਤੀ ਪੜਾਅ ਵਿੱਚ ਪੰਜਾਬ ਕਿੰਗਜ਼ (PBKS) ਟੀਮ ਦੇ ਨਾਲ ਸੀ। ਉਹ ਭਾਰਤ-ਪਾਕਿਸਤਾਨ ਤਣਾਅ ਦੇ ਵਿਚਕਾਰ ਆਸਟ੍ਰੇਲੀਆ ਵਾਪਸ ਆਇਆ ਹੈ। ਮੈਕਸਵੈੱਲ ਇਸ ਤੋਂ ਬਾਅਦ ਆਈਪੀਐਲ ਵਿੱਚ ਖੇਡਣ ਲਈ ਭਾਰਤ ਨਹੀਂ ਆਇਆ ਹੈ।
ਪ੍ਰਦਰਸ਼ਨ 'ਚ ਗਿਰਾਵਟ ਕਾਰਨ ਸੀ ਨਿਰਾਸ਼
ਪਿਛਲੇ ਕਈ ਮਹੀਨਿਆਂ ਵਿੱਚ ਗਲੇਨ ਮੈਕਸਵੈੱਲ ਦੇ ਪ੍ਰਦਰਸ਼ਨ ਵਿੱਚ ਗਿਰਾਵਟ ਆਈ ਹੈ। ਉਹ ਆਪਣੀ ਛਵੀ ਦੇ ਅਨੁਸਾਰ ਨਹੀਂ ਖੇਡ ਪਾ ਰਿਹਾ ਹੈ। ਇਹ ਵੀ ਉਸਦੀ ਸੰਨਿਆਸ ਦਾ ਕਾਰਨ ਹੈ। ਮੈਕਸਵੈੱਲ ਨੇ ਕਿਹਾ, 'ਮੈਂ ਇਹ ਫੈਸਲਾ 2025 ਚੈਂਪੀਅਨਜ਼ ਟਰਾਫੀ ਦੇ ਸੈਮੀਫਾਈਨਲ ਵਿੱਚ ਭਾਰਤ ਤੋਂ ਹਾਰਨ ਤੋਂ ਬਾਅਦ ਲਿਆ ਸੀ।' ਮੈਕਸਵੈੱਲ ਨੇ ਆਪਣੇ 13 ਸਾਲ ਦੇ ਵਨਡੇ ਕਰੀਅਰ ਵਿੱਚ 149 ਮੈਚ ਖੇਡੇ। ਉਸਨੇ ਇਨ੍ਹਾਂ ਮੈਚਾਂ ਵਿੱਚ 126.70 ਦੀ ਸਟ੍ਰਾਈਕ ਰੇਟ ਨਾਲ 3990 ਦੌੜਾਂ ਬਣਾਈਆਂ ਅਤੇ 77 ਵਿਕਟਾਂ ਲਈਆਂ।
2 ਵਾਰ ਵਿਸ਼ਵ ਜੇਤੂ ਟੀਮ ਦਾ ਰਿਹਾ ਹਿੱਸਾ
ਗਲੇਨ ਮੈਕਸਵੈੱਲ 2015 ਅਤੇ 2023 ਵਿੱਚ ਆਸਟ੍ਰੇਲੀਆ ਦੀ ਵਿਸ਼ਵ ਚੈਂਪੀਅਨ ਟੀਮ ਦਾ ਹਿੱਸਾ ਰਹੇ ਹਨ। ਉਨ੍ਹਾਂ ਨੇ 2023 ਦੇ ਵਿਸ਼ਵ ਕੱਪ ਵਿੱਚ ਅਫਗਾਨਿਸਤਾਨ ਵਿਰੁੱਧ 201* ਦੌੜਾਂ ਦੀ ਇਤਿਹਾਸਕ ਪਾਰੀ ਖੇਡੀ। ਉਹ ਵਿਸ਼ਵ ਕੱਪ ਵਿੱਚ ਦੋਹਰਾ ਸੈਂਕੜਾ ਲਗਾਉਣ ਵਾਲੇ ਦੁਨੀਆ ਦੇ ਇਕਲੌਤੇ ਬੱਲੇਬਾਜ਼ ਹਨ। ਉਨ੍ਹਾਂ ਨੇ ਆਪਣੇ ਕਰੀਅਰ ਵਿੱਚ 4 ਸੈਂਕੜੇ ਅਤੇ 23 ਅਰਧ ਸੈਂਕੜੇ ਲਗਾਏ। ਸਭ ਤੋਂ ਤੇਜ਼ ਵਨਡੇ ਦੋਹਰੇ ਸੈਂਕੜੇ ਦਾ ਰਿਕਾਰਡ ਵੀ ਇਸ ਖਿਡਾਰੀ ਦੇ ਨਾਮ ਹੈ।
ਦਿੱਗਜ਼ਾਂ ਨੇ ਕੀਤੀ ਪ੍ਰਸ਼ੰਸਾ
ਕ੍ਰਿਕਟ ਆਸਟ੍ਰੇਲੀਆ ਦੇ ਮੁੱਖ ਕਾਰਜਕਾਰੀ ਟੌਡ ਗ੍ਰੀਨਬਰਗ ਨੇ ਮੈਕਸਵੈੱਲ ਦੀ ਸੰਨਿਆਸ ਦੀ ਘੋਸ਼ਣਾ 'ਤੇ ਪ੍ਰਸ਼ੰਸਾ ਕੀਤੀ। ਗ੍ਰੀਨਬਰਗ ਨੇ ਕਿਹਾ, 'ਗਲੇਨ ਦਾ ਵਨਡੇ ਕਰੀਅਰ ਬਹੁਤ ਸਫਲ ਅਤੇ ਪ੍ਰਭਾਵਸ਼ਾਲੀ ਰਿਹਾ। ਉਨ੍ਹਾਂ ਦੀ ਵਿਸਫੋਟਕ ਬੱਲੇਬਾਜ਼ੀ ਨੇ ਵਨਡੇ ਫਾਰਮੈਟ ਵਿੱਚ ਆਸਟ੍ਰੇਲੀਆ ਦੀ ਸਫਲਤਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।' ਆਸਟ੍ਰੇਲੀਆ ਦੇ ਚੋਣਕਾਰ ਜਾਰਜ ਬੇਲੀ ਨੇ ਵੀ ਮੈਕਸਵੈੱਲ ਦੀ ਪ੍ਰਸ਼ੰਸਾ ਕੀਤੀ ਹੈ।
- PTC NEWS