ਫਲਾਂ-ਸਬਜ਼ੀਆਂ 'ਤੇ ਨਹੀਂ, ਭਾਰਤੀ ਇਸ ਚੀਜ਼ 'ਤੇ ਕਰਦੇ ਹਨ ਸਭ ਤੋਂ ਵੱਧ ਖਰਚ, ਵੇਖੋ ਕੀ ਕਹਿੰਦਾ ਹੈ ਸਰਵੇਖਣ

By  KRISHAN KUMAR SHARMA March 5th 2024 02:52 PM

Milk: ਲੋਕ ਕਿਸ ਚੀਜ਼ 'ਤੇ ਸਭ ਤੋਂ ਵੱਧ ਖਰਚ ਕਰਦੇ ਹੋ? ਜੇਕਰ ਤੁਸੀ ਇਸ ਸਵਾਲ ਦਾ ਉਤਰ ਫਲਾਂ-ਸਬਜ਼ੀਆਂ ਜਾਂ ਡਰਾਈ ਫਰੂਟ ਕਹਿਣ ਲੱਗੇ ਹੋ ਤਾਂ ਪਹਿਲਾਂ ਇੱਕ ਵਾਰ ਇਹ ਸਰਵੇਖਣ (survey) ਦੇਖ ਲਈ ਲਓ, ਕਿਉਂਕਿ ਇਸ ਨੂੰ ਦੇਖਣ ਤੋਂ ਬਾਅਦ ਤੁਸੀ ਆਪਣੇ ਉਤਰ ਤੋਂ ਪਲਟ ਸਕਦੇ ਹੋ। ਜੀ, ਹਾਂ ਇਹ ਸੱਚ ਹੈ ਕਿ ਭਾਰਤੀ ਫਲਾਂ-ਸਬਜ਼ੀਆਂ, ਡਰਾਈ ਫਰੂਟ ਜਾਂ ਫਿਰ ਕਿਸੇ ਹੋਰ ਚੀਜ਼ ਦੀ ਥਾਂ ਦੁੱਧ 'ਤੇ ਸਭ ਤੋਂ ਜ਼ਿਆਦਾ ਖਰਚਾ ਕਰਦੇ ਹਨ। ਇਸ ਦਾ ਖੁਲਾਸਾ ਕੇਂਦਰ ਸਰਕਾਰ (Government) ਦੇ ਤਾਜ਼ਾ ਘਰੇਲੂ ਖਪਤਕਾਰ ਖਰਚ ਸਰਵੇਖਣ (HCES) 2022-23 ਵਿੱਚ ਹੋਇਆ ਹੈ। ਸਰਵੇਖਣ ਅਨੁਸਾਰ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਭਾਰਤੀ ਸਭ ਤੋਂ ਵੱਧ ਪੈਸਾ ਦੁੱਧ 'ਤੇ ਖਰਚ ਕਰ ਰਹੇ ਹਨ।

ਸ਼ਹਿਰੀ ਕਰਦੇ ਹਨ ਦੁੱਧ 'ਤੇ ਸਭ ਤੋਂ ਵੱਧ ਖਰਚ

ਜੇਕਰ ਅਸੀਂ ਅੰਕੜਿਆਂ ਦੀ ਗੱਲ ਕਰੀਏ ਤਾਂ ਸ਼ਹਿਰੀ ਖੇਤਰਾਂ ਵਿੱਚ ਦੁੱਧ 'ਤੇ ਸਭ ਤੋਂ ਵੱਧ 466 ਰੁਪਏ ਪ੍ਰਤੀ ਮਹੀਨਾ ਖਰਚ ਹੁੰਦਾ ਹੈ। ਜਦਕਿ ਫਲਾਂ 'ਤੇ 246 ਰੁਪਏ, ਸਬਜ਼ੀਆਂ 'ਤੇ 245 ਰੁਪਏ, ਅਨਾਜ 'ਤੇ 235 ਰੁਪਏ ਅਤੇ ਅੰਡੇ, ਮੱਛੀ ਅਤੇ ਮੀਟ 'ਤੇ 231 ਰੁਪਏ ਖਰਚ ਕੀਤੇ ਜਾਂਦੇ ਹਨ। ਇਸੇ ਤਰ੍ਹਾਂ ਖਾਣ ਵਾਲੇ ਤੇਲ 'ਤੇ 153 ਰੁਪਏ, ਮਸਾਲਿਆਂ 'ਤੇ 138 ਰੁਪਏ ਅਤੇ ਦਾਲਾਂ 'ਤੇ 90 ਰੁਪਏ ਖਰਚ ਕੀਤੇ ਜਾਂਦੇ ਹਨ।

ਪੇਂਡੂ ਖੇਤਰਾਂ ਤੋਂ ਪਤਾ ਲੱਗਦਾ ਹੈ ਕਿ ਲੋਕ ਦੁੱਧ 'ਤੇ ਪ੍ਰਤੀ ਮਹੀਨਾ 314 ਰੁਪਏ ਖਰਚ ਕਰਦੇ ਹਨ। ਜਦਕਿ ਸਬਜ਼ੀਆਂ 'ਤੇ ਸਿਰਫ 203 ਰੁਪਏ, ਅਨਾਜ 'ਤੇ 185 ਰੁਪਏ ਅਤੇ ਅੰਡੇ, ਮੱਛੀ ਅਤੇ ਮੀਟ 'ਤੇ ਸਿਰਫ 185 ਰੁਪਏ ਖਰਚੇ ਜਾਂਦੇ ਹਨ। ਇਸੇ ਤਰ੍ਹਾਂ ਫਲਾਂ 'ਤੇ 140 ਰੁਪਏ, ਖਾਣ ਵਾਲੇ ਤੇਲ 'ਤੇ 136 ਰੁਪਏ, ਮਸਾਲਿਆਂ 'ਤੇ 113 ਰੁਪਏ ਅਤੇ ਦਾਲਾਂ 'ਤੇ 76 ਰੁਪਏ ਖਰਚ ਕੀਤੇ ਜਾਂਦੇ ਹਨ।

ਖਪਤਕਾਰ ਮੰਤਰਾਲੇ ਦੀ ਰਿਪੋਰਟ ਮੁਤਾਬਕ ਪਿਛਲੇ 5 ਸਾਲਾਂ 'ਚ ਦੁੱਧ ਦੀ ਕੀਮਤ 42 ਰੁਪਏ ਪ੍ਰਤੀ ਲੀਟਰ ਤੋਂ ਵਧ ਕੇ 60 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਪਿਛਲੇ 1 ਸਾਲ ਵਿੱਚ ਸਭ ਤੋਂ ਮਹਿੰਗਾ ਹੋਇਆ ਹੈ। 52 ਰੁਪਏ ਪ੍ਰਤੀ ਲੀਟਰ ਤੋਂ ਹੁਣ ਇਹ 60 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਿਆ ਹੈ। ਇਸ ਦੇ ਬਾਵਜੂਦ ਦੁੱਧ ਦੀ ਖਪਤ ਘਟੀ ਨਹੀਂ, ਸਗੋਂ ਵਧੀ ਹੈ।

ਦੁਨੀਆ ਦਾ ਸਭ ਤੋਂ ਵੱਡਾ ਦੁੱਧ ਉਤਪਾਦਕ ਹੈ ਭਾਰਤ

ਦੱਸ ਦਈਏ ਕਿ ਭਾਰਤੀ ਨਾ ਸਿਰਫ ਦੁੱਧ 'ਤੇ ਸਭ ਤੋਂ ਵੱਧ ਪੈਸਾ ਖਰਚ ਕਰਦੇ ਹਨ, ਸਗੋਂ ਸਭ ਤੋਂ ਵੱਧ ਦੁੱਧ ਦਾ ਉਤਪਾਦਨ ਵੀ ਕਰਦੇ ਹਨ। ਭਾਰਤ ਦੁਨੀਆ ਦਾ ਸਭ ਤੋਂ ਵੱਡਾ ਦੁੱਧ ਉਤਪਾਦਕ ਹੈ। ਦੁਨੀਆ ਭਰ ਵਿੱਚ ਦੁੱਧ ਦੇ ਕੁੱਲ ਉਤਪਾਦਨ ਵਿੱਚ ਇਕੱਲੇ ਦੁੱਧ ਦਾ ਯੋਗਦਾਨ 24.64 ਪ੍ਰਤੀਸ਼ਤ ਹੈ। ਇਨਵੈਸਟ ਇੰਡੀਆ ਦੀ ਇਕ ਰਿਪੋਰਟ ਮੁਤਾਬਕ ਪਿਛਲੇ 9 ਸਾਲਾਂ 'ਚ ਭਾਰਤ 'ਚ ਦੁੱਧ ਦਾ ਉਤਪਾਦਨ ਲਗਭਗ 58 ਫੀਸਦੀ ਵਧਿਆ ਹੈ। 2022-23 ਵਿੱਚ ਭਾਰਤ ਦਾ ਕੁੱਲ ਦੁੱਧ ਉਤਪਾਦਨ 230.58 ਮੀਟ੍ਰਿਕ ਟਨ ਸੀ।

Related Post