ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸੰਦੀਪ ਸਿੰਘ ਦੇ ਮਾਮਲੇ ਦੀ ਮੰਗੀ ਉੱਚ ਪੱਧਰੀ ਜਾਂਚ, ਪੁਲਿਸ ਦੀ ਭੂਮਿਕਾ ਤੇ ਚੁੱਕੇ ਸਵਾਲ

Jathedar Kuldeep Singh Gargajj : ਜਥੇਦਾਰ ਗੜਗੱਜ ਨੇ ਕਿਹਾ ਕਿ ਜੇਕਰ ਸੰਦੀਪ ਸਿੰਘ ਉੱਤੇ ਤਸ਼ੱਦਦ ਕੀਤਾ ਗਿਆ ਹੈ ਤਾਂ ਇਸ ਮਾਮਲੇ ਵਿੱਚ ਦੋਸ਼ੀ ਜੇਲ੍ਹ ਤੇ ਪੁਲਿਸ ਅਧਿਕਾਰੀਆਂ ਵਿਰੁੱਧ ਪਰਚਾ ਦਰਜ ਕਰਕੇ ਉਨ੍ਹਾਂ ਨੂੰ ਸੇਵਾਵਾਂ ਤੋਂ ਮੁਅੱਤਲ ਕਰਨਾ ਚਾਹੀਦਾ ਹੈ ਤੇ ਬਣਦੀ ਸਜ਼ਾ ਦੇਣੀ ਚਾਹੀਦੀ ਹੈ।

By  KRISHAN KUMAR SHARMA September 19th 2025 11:28 AM -- Updated: September 19th 2025 11:30 AM

Sandeep Singh Case : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ (Jathedar Kuldeep Singh Gargajj) ਨੇ ਪਟਿਆਲਾ ਜੇਲ੍ਹ ਵਿਖੇ ਨਜ਼ਰਬੰਦ ਸਿੱਖ ਕੈਦੀ ਸੰਦੀਪ ਸਿੰਘ ਵਾਸੀ ਅੰਮ੍ਰਿਤਸਰ ਦੇ ਪਰਿਵਾਰ ਵੱਲੋਂ ਜੇਲ੍ਹ ਤੇ ਪੁਲਿਸ (Punjab Police) ਅਧਿਕਾਰੀਆਂ ਵਿਰੁੱਧ ਉਸ ਉੱਤੇ ਤਸ਼ੱਦਦ ਦੇ ਲਗਾਏ ਇਲਜ਼ਾਮਾਂ ਦਾ ਸਖ਼ਤ ਨੋਟਿਸ ਲੈਂਦਿਆਂ ਇਸ ਮਾਮਲੇ ਵਿੱਚ ਉੱਚ ਪੱਧਰੀ ਜਾਂਚ ਦੀ ਗੱਲ ਆਖੀ ਹੈ। ਉਨ੍ਹਾਂ ਕਿਹਾ ਕਿ 15 ਸਤੰਬਰ ਨੂੰ ਪਟਿਆਲਾ ਜ਼ਿਲ੍ਹਾ ਅਦਾਲਤ ਦੇ ਆਦੇਸ਼ਾਂ ਦੇ ਬਾਵਜੂਦ ਹੁਣ ਤੱਕ ਜੇਲ੍ਹ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਸੰਦੀਪ ਸਿੰਘ ਦੀ ਮੈਡੀਕਲ ਜਾਂਚ ਨਹੀਂ ਕਰਵਾਈ ਗਈ ਹੈ, ਜਦਕਿ ਅਦਾਲਤ ਨੇ ਇਸ ਜਾਂਚ ਉਪਰੰਤ 17 ਸਤੰਬਰ ਸਵੇਰੇ 10 ਵਜੇ ਤੋਂ ਪਹਿਲਾਂ ਰਿਪੋਰਟ ਸੌਂਪਣ ਦੇ ਆਦੇਸ਼ ਕੀਤੇ ਸਨ। ਉਨ੍ਹਾਂ ਕਿਹਾ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਪੁਲਿਸ ਅਦਾਲਤ ਵੱਲੋਂ ਹੋਏ ਆਦੇਸ਼ਾਂ ਨੂੰ ਕਿੰਨਾ ਮੰਨਦੀ ਹੈ ਤੇ ਅਦਾਲਤ ਦਾ ਕਿੰਨਾ ਸਤਿਕਾਰ ਕਰਦੀ ਹੈ। ਉਨ੍ਹਾਂ ਕਿਹਾ ਮੈਡੀਕਲ ਜਾਂਚ ਕਰਵਾਉਣ ਤੇ ਉਸਦੀ ਰਿਪੋਰਟ ਅਦਾਲਤ ਵਿੱਚ ਜਮ੍ਹਾਂ ਕਰਵਾਉਣ ਦੀ ਜਗ੍ਹਾ ਜੇਲ੍ਹ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਕਾਰਵਾਈ ਵਿੱਚ ਦੇਰੀ ਕੀਤੀ ਜਾ ਰਹੀ ਹੈ ਅਤੇ ਸ. ਸੰਦੀਪ ਸਿੰਘ ਨੂੰ ਪਟਿਆਲਾ ਤੋਂ ਸੰਗਰੂਰ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। 

ਜਥੇਦਾਰ ਗੜਗੱਜ ਨੇ ਕਿਹਾ ਕਿ ਜੇਲ੍ਹ ਤੇ ਪੁਲਿਸ ਪ੍ਰਸ਼ਾਸਨ ਨੂੰ ਜੋ ਵੀ ਕਾਰਵਾਈ ਕਾਨੂੰਨੀ ਤੌਰ ਉੱਤੇ ਬਣਦੀ ਹੈ ਉਹ ਕਰਨੀ ਚਾਹੀਦੀ ਹੈ, ਲੇਕਿਨ ਸਿੱਖ ਨੌਜਵਾਨਾਂ ਦੇ ਕਤਲੇਆਮ ਦੇ ਕੇਸਾਂ ਵਿੱਚ ਸਜ਼ਾ ਭੁਗਤ ਰਹੇ ਪੁਲਿਸ ਅਧਿਕਾਰੀਆਂ ਨਾਲ ਸਬੰਧਤ ਇਸ ਮਾਮਲੇ ਵਿੱਚ ਜੇਲ੍ਹ ਤੇ ਪੁਲਿਸ ਪ੍ਰਸ਼ਾਸਨ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਵੱਡੇ ਸਵਾਲਾਂ ਦੇ ਘੇਰੇ ਵਿੱਚ ਹੈ ਤੇ ਪਾਰਦਰਸ਼ੀ ਨਹੀਂ।

ਉਨ੍ਹਾਂ ਕਿਹਾ ਇਹ ਗਹਿਰੀ ਚਿੰਤਾ ਦਾ ਵਿਸ਼ਾ ਹੈ ਕਿ ਅਦਾਲਤ ਵੱਲੋਂ ਹੋਏ ਆਦੇਸ਼ਾਂ ਦੇ ਬਾਵਜੂਦ ਹੁਣ ਤੱਕ ਸੰਦੀਪ ਸਿੰਘ ਦੀ ਮੈਡੀਕਲ ਜਾਂਚ ਨਹੀਂ ਕਰਵਾਈ ਗਈ, ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਜੇਲ ਤੇ ਪੁਲਿਸ ਅਧਿਕਾਰੀਆਂ ਵੱਲੋਂ ਉਸ ਉੱਤੇ ਭਾਰੀ ਤਸ਼ੱਦਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਲ੍ਹ ਪ੍ਰਸ਼ਾਸਨ ਬਿਨਾਂ ਦੇਰੀ ਸੰਦੀਪ ਸਿੰਘ ਦੀ ਮੈਡੀਕਲ ਜਾਂਚ ਕਰਵਾ ਕੇ ਇਸ ਦੀ ਰਿਪੋਰਟ ਅਦਾਲਤ ਵਿੱਚ ਸੌਂਪੇ।ਉਨ੍ਹਾਂ ਮੈਡੀਕਲ ਕਰਨ ਵਾਲੇ ਡਾਕਟਰਾਂ ਤੇ ਅਧਿਕਾਰੀਆਂ ਨੂੰ ਵੀ ਆਖਿਆ ਕੇ ਜਾਂਚ ਪੂਰੀ ਪਾਰਦਰਸ਼ਤਾ ਤੇ ਇਮਾਨਦਾਰੀ ਨਾਲ ਕੀਤੀ ਜਾਵੇ।

ਜਥੇਦਾਰ ਗੜਗੱਜ ਨੇ ਕਿਹਾ ਕਿ ਜੇਕਰ ਸੰਦੀਪ ਸਿੰਘ ਉੱਤੇ ਤਸ਼ੱਦਦ ਕੀਤਾ ਗਿਆ ਹੈ ਤਾਂ ਇਸ ਮਾਮਲੇ ਵਿੱਚ ਦੋਸ਼ੀ ਜੇਲ੍ਹ ਤੇ ਪੁਲਿਸ ਅਧਿਕਾਰੀਆਂ ਵਿਰੁੱਧ ਪਰਚਾ ਦਰਜ ਕਰਕੇ ਉਨ੍ਹਾਂ ਨੂੰ ਸੇਵਾਵਾਂ ਤੋਂ ਮੁਅੱਤਲ ਕਰਨਾ ਚਾਹੀਦਾ ਹੈ ਤੇ ਬਣਦੀ ਸਜ਼ਾ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਜੇਲ੍ਹ ਪ੍ਰਸ਼ਾਸਨ ਨੇ ਸਮਾਂ ਰਹਿੰਦਿਆਂ ਸੰਦੀਪ ਸਿੰਘ ਦੇ ਪਰਿਵਾਰ ਵੱਲੋਂ ਉਸ ਦਾ ਬੈਰਕ ਬਦਲਣ ਸਬੰਧੀ ਅਰਜ਼ੀ ਨੂੰ ਪ੍ਰਵਾਨ ਕਰਕੇ ਉਸ ਉੱਤੇ ਅਮਲ ਕੀਤਾ ਹੁੰਦਾ ਤਾਂ ਇਹ ਸਮੁੱਚਾ ਵਰਤਾਰਾ ਨਹੀਂ ਵਾਪਰਨਾ ਸੀ।

ਜਥੇਦਾਰ ਗੜਗੱਜ ਨੇ ਕਿਹਾ ਕਿ ਜੇਲ੍ਹ ਦੇ ਅੰਦਰ ਸਜ਼ਾ ਭੁਗਤ ਰਹੇ ਕਿਸੇ ਵੀ ਕੈਦੀ ਦੀ ਸੁਰੱਖਿਆ ਦੀ ਪੂਰੀ ਜ਼ਿੰਮੇਵਾਰੀ ਜੇਲ੍ਹ ਪ੍ਰਸ਼ਾਸਨ ਤੇ ਸਰਕਾਰ ਦੀ ਹੁੰਦੀ ਹੈ ਅਤੇ ਜੇਕਰ ਜੇਲ੍ਹ ਦੇ ਅੰਦਰ ਹੀ ਕੈਦੀਆਂ ਦੀ ਜਾਨ ਨੂੰ ਖ਼ਤਰਾ ਹੋਵੇ ਤੇ ਉਨ੍ਹਾਂ ਉੱਤੇ ਤਸ਼ੱਦਦ ਢਾਹਿਆ ਜਾਣ ਲੱਗੇ ਤਾਂ ਇਹ ਵੱਡੇ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਪੰਜਾਬ ਦੇ ਜੇਲ੍ਹ ਮੰਤਰੀ ਨੂੰ ਆਖਿਆ ਕਿ ਇਸ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਤੇ ਦੋਸ਼ੀ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ।

Related Post