ਅੰਮ੍ਰਿਤਸਰ ਹਵਾਈ ਅੱਡੇ ਤੋਂ ਘਰ ਪਰਤੀ ਕਿਰਨਦੀਪ ਕੌਰ; ਰਿਸ਼ਤੇਦਾਰ ਸੁਖਚੈਨ ਸਿੰਘ ਨੇ ਬਿਆਨ ਕੀਤਾ ਸਾਰਾ ਬਿਰਤਾਂਤ

ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਐਨਆਰਆਈ ਪਤਨੀ ਕਿਰਨਦੀਪ ਕੌਰ ਨੂੰ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਵੀਰਵਾਰ ਨੂੰ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਸ ਵੇਲੇ ਰੋਕ ਲਿਆ ਜਦੋਂ ਉਹ ਲੰਡਨ ਜਾ ਰਹੀ ਸੀ।

By  Jasmeet Singh April 20th 2023 09:14 PM -- Updated: April 21st 2023 03:51 PM

ਅੰਮ੍ਰਿਤਸਰ: ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਐਨਆਰਆਈ ਪਤਨੀ ਕਿਰਨਦੀਪ ਕੌਰ ਨੂੰ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਵੀਰਵਾਰ ਨੂੰ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਸ ਵੇਲੇ ਰੋਕ ਲਿਆ ਜਦੋਂ ਉਹ ਲੰਡਨ ਜਾ ਰਹੀ ਸੀ। ਕਿਰਨਦੀਪ ਤੋਂ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਕਰੀਬ 3 ਘੰਟੇ ਤੱਕ ਪੁੱਛਗਿੱਛ ਕੀਤੀ ਗਈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਇਹ ਕਹਿ ਕੇ ਵਾਪਸ ਮੋੜ ਦਿੱਤਾ ਗਿਆ ਕਿ ਉਹ ਇੰਗਲੈਂਡ ਨਹੀਂ ਜਾ ਸਕਦੇ।

ਰਿਸ਼ਤੇਦਾਰ ਸੁਖਚੈਨ ਸਿੰਘ ਦਾ ਬਿਆਨ

ਘਰ ਪਰਤਣ ਤੋਂ ਬਾਅਦ ਮੀਡੀਆ ਨਾਲ ਗੱਲ ਕਰਦਿਆਂ ਅੰਮ੍ਰਿਤਪਾਲ ਦੇ ਰਿਸ਼ਤੇਦਾਰ ਸੁਖਚੈਨ ਸਿੰਘ ਨੇ ਦੱਸਿਆ ਕਿ ਉਹ ਫਲਾਈਟ ਉੱਡਣ ਤੋਂ ਤਿੰਨ ਘੰਟੇ ਪਹਿਲਾਂ ਕੌਮਾਂਤਰੀ ਹਵਾਈ ਅੱਡੇ ਪਹੁੰਚ ਗਏ ਸੀ, ਜੋ ਕਿ ਆਮ ਵਿਧੀ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਬੇਟੀ ਕਿਰਨਦੀਪ ਨੂੰ ਬੋਰਡਿੰਗ ਪਾਸ ਵੀ ਮਿਲ ਗਿਆ ਪਰ ਉਸ ਤੋਂ ਬਾਅਦ ਇਮੀਗ੍ਰੇਸ਼ਨ ਅਫਸਰਾਂ ਨੇ ਨੇ ਉਸਨੂੰ ਰੋਕ ਲਿਆ। 


ਉਨ੍ਹਾਂ ਦੱਸਿਆ ਕਿ ਅਸੀਂ ਤਾਂ ਬਾਹਰ ਹੀ ਖਲੋਤੇ ਸੀ ਤੇ ਮੀਡੀਆ ਰਾਹੀਂ ਹੀ ਉਨ੍ਹਾਂ ਨੂੰ ਇਸਦੀ ਜਾਣਕਾਰੀ ਮਿਲੀ ਕਿ ਕਿਰਨਦੀਪ ਨੂੰ ਰੋਕ ਲਿਆ ਗਿਆ ਹੈ। ਸੁਖਚੈਨ ਸਿੰਘ ਨੇ ਕਿਹਾ ਕਿ ਬੇਟੀ ਖਿਲਾਫ ਕੁਝ ਹੈ ਹੀ ਨਹੀਂ ਤਾਂ ਕੁਝ ਵੀ ਕੀ ਦੱਸੀਏ। ਉਨ੍ਹਾਂ ਕਿਹਾ ਕਿ ਅਸੀਂ ਇਹ ਜ਼ਰੂਰ ਪੁੱਛਿਆ ਵੀ ਬੇਟੀ ਬਾਹਰ ਕਿਓਂ ਨਹੀਂ ਜਾ ਸਕਦੀ ਤਾਂ ਇਸ 'ਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਕਿਹਾ ਕਿ ਇਹ ਜਾਣਕਾਰੀ ਸਾਡੇ ਵਕੀਲ ਰਾਹੀਂ ਸਾਨੂੰ ਪ੍ਰਾਪਤ ਕਰਵਾਈ ਜਾਵੇਗੀ। 


ਏਅਰ ਇੰਡੀਆ ਦੀ ਫਲਾਈਟ ਰਾਹੀਂ ਜਾਣਾ ਸੀ ਇੰਗਲੈਂਸ

ਕਿਰਨਦੀਪ ਨੇ ਦੁਪਹਿਰ 2.30 ਵਜੇ ਏਅਰ ਇੰਡੀਆ ਦੀ AI117 ਫਲਾਈਟ ਵਿੱਚ ਸਵਾਰ ਹੋਣਾ ਸੀ। ਇਸ ਦੇ ਲਈ ਉਹ ਸਵੇਰੇ 11.30 ਵਜੇ ਅੰਮ੍ਰਿਤਸਰ ਏਅਰਪੋਰਟ ਪਹੁੰਚ ਗਈ ਸੀ। ਇੱਥੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਸਨੂੰ ਰੋਕ ਲਿਆ ਅਤੇ ਉਸ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ। ਪੁੱਛਗਿੱਛ ਮਗਰੋਂ ਅਧਿਕਾਰੀਆਂ ਵਲੋਂ ਕਿਰਨਦੀਪ ਦੀ ਯਾਤਰਾ ਰੱਦ ਕਰ ਦਿੱਤੀ ਗਈ। ਜਿਸ ਮਗਰੋਂ ਅੰਮ੍ਰਿਤਪਾਲ ਦੀ ਪਤਨੀ ਆਪਣੇ ਸਹੁਰੇ ਪਰਿਵਾਰ ਨਾਲ ਪਿੰਡ ਜੱਲੂਪੁਰ ਖੇੜਾ ਵਾਪਿਸ ਪਰਤ ਆਈ।

ਅੰਮ੍ਰਿਤਪਾਲ ਨੂੰ ਫਰਾਰ ਹੋਏ ਇੱਕ ਮਹੀਨਾ ਹੋਇਆ ਪੂਰਾ

ਕਿਰਨਦੀਪ ਕੌਰ ਦਾ ਪਤੀ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ 18 ਮਾਰਚ ਤੋਂ ਫਰਾਰ ਹੈ। ਆਪ੍ਰੇਸ਼ਨ ਅੰਮ੍ਰਿਤਪਾਲ ਦੀ ਸ਼ੁਰੂਆਤ ਤੋਂ ਲੈਕੇ ਹੁਣ ਤਾਈਂ ਅੰਮ੍ਰਿਤਪਾਲ ਦੇ 9 ਸਾਥੀਆਂ ਨੂੰ ਐਨਐਸਏ ਲਗਾ ਕੇ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ। ਪਰ ਪੁਲਿਸ ਮੁਤਾਬਕ ਅੰਮ੍ਰਿਤਪਾਲ ਸਿੰਘ ਹਾਲੇ ਵੀ ਪੰਜਾਬ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਦੱਸ ਦੇਈਏ ਕਿ ਅੰਮ੍ਰਿਤਪਾਲ ਸਿੰਘ 'ਤੇ ਕਤਲ ਦੀ ਕੋਸ਼ਿਸ਼, ਕਾਨੂੰਨ ਦੇ ਕੰਮ ਵਿੱਚ ਰੁਕਾਵਟ ਪਾਉਣ ਅਤੇ ਸਮਾਜ ਅਤੇ ਧਰਮਾਂ ਵਿੱਚ ਵਿਗਾੜ ਪੈਦਾ ਕਰਨ ਸਬੰਧੀ ਮਾਮਲੇ ਦਰਜ ਕੀਤੇ ਗਏ ਹਨ। ਪੂਰੀ ਖ਼ਬਰ ਪੜ੍ਹਨ ਲਈ ਇਥੇ ਕਲਿਕ ਕਰੋ.....

Related Post