Tue, May 30, 2023
Whatsapp

ਆਪ੍ਰੇਸ਼ਨ ਅੰਮ੍ਰਿਤਪਾਲ ਦੀ ਸ਼ੁਰੂਆਤ ਨੂੰ ਇੱਕ ਮਹੀਨਾ ਪੂਰਾ; ਜਾਣੋ ਆਪ੍ਰੇਸ਼ਨ ਸਬੰਧੀ ਵੱਡੀਆਂ ਗੱਲਾਂ

ਆਪ੍ਰੇਸ਼ਨ ਅੰਮ੍ਰਿਤਪਾਲ ਦੀ ਸ਼ੁਰੂਆਤ ਤੋਂ ਲੈਕੇ ਹੁਣ ਤਾਈਂ ਅੰਮ੍ਰਿਤਪਾਲ ਦੇ 9 ਸਾਥੀਆਂ ਨੂੰ ਐਨਐਸਏ ਲਗਾ ਕੇ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ। ਪਰ ਪੁਲਿਸ ਮੁਤਾਬਕ ਅੰਮ੍ਰਿਤਪਾਲ ਸਿੰਘ ਹਾਲੇ ਵੀ ਪੰਜਾਬ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਦੱਸ ਦੇਈਏ ਕਿ ਅੰਮ੍ਰਿਤਪਾਲ ਸਿੰਘ 'ਤੇ ਕਤਲ ਦੀ ਕੋਸ਼ਿਸ਼, ਕਾਨੂੰਨ ਦੇ ਕੰਮ ਵਿੱਚ ਰੁਕਾਵਟ ਪਾਉਣ ਅਤੇ ਸਮਾਜ ਅਤੇ ਧਰਮਾਂ ਵਿੱਚ ਵਿਗਾੜ ਪੈਦਾ ਕਰਨ ਸਬੰਧੀ ਮਾਮਲੇ ਦਰਜ ਕੀਤੇ ਗਏ ਹਨ।

Written by  Jasmeet Singh -- April 18th 2023 06:15 PM -- Updated: April 18th 2023 06:20 PM
ਆਪ੍ਰੇਸ਼ਨ ਅੰਮ੍ਰਿਤਪਾਲ ਦੀ ਸ਼ੁਰੂਆਤ ਨੂੰ ਇੱਕ ਮਹੀਨਾ ਪੂਰਾ; ਜਾਣੋ ਆਪ੍ਰੇਸ਼ਨ ਸਬੰਧੀ ਵੱਡੀਆਂ ਗੱਲਾਂ

ਆਪ੍ਰੇਸ਼ਨ ਅੰਮ੍ਰਿਤਪਾਲ ਦੀ ਸ਼ੁਰੂਆਤ ਨੂੰ ਇੱਕ ਮਹੀਨਾ ਪੂਰਾ; ਜਾਣੋ ਆਪ੍ਰੇਸ਼ਨ ਸਬੰਧੀ ਵੱਡੀਆਂ ਗੱਲਾਂ

ਪੀਟੀਸੀ ਵੈੱਬ ਡੈਸਕ: ਅੱਜ ਤੋਂ ਪੂਰੇ ਇੱਕ ਮਹੀਨੇ ਪਹਿਲੇ 18 ਮਾਰਚ 2023 ਨੂੰ ਪੰਜਾਬ ਪੁਲਿਸ ਨੇ 'ਵਾਰਿਸ ਪੰਜਾਬ ਦੇ' ਜਥੇਬੰਦੀ ਖਿਲਾਫ ਕਾਰਵਾਈ ਸ਼ੁਰੂ ਕੀਤੀ ਸੀ। ਆਪ੍ਰੇਸ਼ਨ ਦੀ ਸ਼ੁਰੂਆਤ ਦੇ ਪਹਿਲੇ 48 ਘੰਟਿਆਂ ਵਿਚ 78 ਦੇ ਨੇੜੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਜਦਕਿ ਪੂਰੇ ਇੱਕ ਮਹੀਨੇ ਦੀ ਮਿਆਦ ਮਗਰੋਂ ਹੁਣ ਤੱਕ 400 ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਅਤੇ 350 ਤੋਂ ਵੱਧ ਨੂੰ ਰਿਹਾਅ ਕਰ ਦਿੱਤਾ ਗਿਆ ਹੈ।

9 ਸਾਥੀਆਂ 'ਤੇ ਲਾਇਆ ਗਿਆ ਕੌਮੀ ਸੁਰੱਖਿਆ ਕਾਨੂੰਨ ਆਪ੍ਰੇਸ਼ਨ ਅੰਮ੍ਰਿਤਪਾਲ ਦੀ ਸ਼ੁਰੂਆਤ ਤੋਂ ਲੈਕੇ ਹੁਣ ਤਾਈਂ ਅੰਮ੍ਰਿਤਪਾਲ ਦੇ 9 ਸਾਥੀਆਂ ਨੂੰ ਐਨਐਸਏ ਲਗਾ ਕੇ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ। ਪਰ ਪੁਲਿਸ ਮੁਤਾਬਕ ਅੰਮ੍ਰਿਤਪਾਲ ਸਿੰਘ ਹਾਲੇ ਵੀ ਪੰਜਾਬ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਦੱਸ ਦੇਈਏ ਕਿ ਅੰਮ੍ਰਿਤਪਾਲ ਸਿੰਘ 'ਤੇ ਕਤਲ ਦੀ ਕੋਸ਼ਿਸ਼, ਕਾਨੂੰਨ ਦੇ ਕੰਮ ਵਿੱਚ ਰੁਕਾਵਟ ਪਾਉਣ ਅਤੇ ਸਮਾਜ ਅਤੇ ਧਰਮਾਂ ਵਿੱਚ ਵਿਗਾੜ ਪੈਦਾ ਕਰਨ ਸਬੰਧੀ ਮਾਮਲੇ ਦਰਜ ਕੀਤੇ ਗਏ ਹਨ। 

ਹਾਈਕੋਰਟ 'ਚ ਹੈਬੀਅਸ ਕਾਰਪਸ ਪਟੀਸ਼ਨ


ਇਸ ਇੱਕ ਮਹੀਨੇ ਵਿੱਚ ਵਾਰਿਸ ਪੰਜਾਬ ਦੀ ਸੰਸਥਾ ਦੇ ਕਾਨੂੰਨੀ ਸਲਾਹਕਾਰ ਅਮਨ ਸਿੰਘ ਖਾਰਾ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਹੈਬੀਅਸ ਕਾਰਪਸ ਪਟੀਸ਼ਨ ਦਾਇਰ ਕੀਤੀ। ਜਿਸ ਵਿੱਚ ਕਿਹਾ ਗਿਆ ਕਿ ਪੁਲਿਸ ਨੇ ਪਹਿਲਾਂ ਹੀ ਅੰਮ੍ਰਿਤਪਾਲ ਨੂੰ ਨਜਾਇਜ਼ ਹਿਰਾਸਤ ਵਿੱਚ ਰੱਖਿਆ ਹੋਇਆ ਹੈ। ਇਸ ਦਾਅਵੇ ਨੂੰ ਰੱਦ ਕਰਦਿਆਂ ਪੰਜਾਬ ਸਰਕਾਰ ਨੇ ਹਾਈ ਕੋਰਟ ਨੂੰ ਸੂਚਿਤ ਕੀਤਾ ਕਿ ਅੰਮ੍ਰਿਤਪਾਲ ਉਨ੍ਹਾਂ ਦੀ ਗ੍ਰਿਫਤ ਤੋਂ ਅੱਜੇ ਵੀ ਬਾਹਰ ਚਲ ਰਿਹਾ ਹੈ।

122 ਟਵੀਟ ਅਕਾਊਂਟ ਸਸਪੈਂਡ

ਆਪਰੇਸ਼ਨ ਅੰਮ੍ਰਿਤਪਾਲ ਦੌਰਾਨ ਪੰਜਾਬ ਵਿੱਚ ਮੋਬਾਈਲ ਇੰਟਰਨੈੱਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਸਨ। ਇਸ ਦੇ ਨਾਲ ਹੀ ਭਾਰਤ ਸਰਕਾਰ ਨੇ ਅੰਮ੍ਰਿਤਪਾਲ ਸਿੰਘ ਜਾਂ ਵਾਰਿਸ ਪੰਜਾਬ ਦੇ ਨਾਲ ਜੁੜੇ 122 ਟਵਿੱਟਰ ਖਾਤੇ ਵੀ ਭਾਰਤ ਵਿੱਚ ਬੰਦ ਕਰ ਦਿੱਤੇ। ਹਾਲਾਂਕਿ ਇਨ੍ਹਾਂ ਵਿੱਚੋਂ ਕਈਆਂ ਦਾ ਅੰਮ੍ਰਿਤਪਾਲ ਜਾਂ ਵਾਰਿਸ ਪੰਜਾਬ ਦੇ ਨਾਲ ਕੋਈ ਸਬੰਧ ਨਹੀਂ ਸੀ।


18 ਮਾਰਚ ਤੋਂ 18 ਅਪ੍ਰੈਲ ਤੱਕ ਜੋ ਜੋ ਹੋਇਆ ਉਸਦੀ ਲੜੀਵਾਰ ਜਾਣਕਾਰੀ  

ਖਾਲਸਾ ਵਹੀਰ ਦੀ ਮੁੜ ਸ਼ੁਰੂਆਤ 


ਬੀਤੀ 18 ਮਾਰਚ ਨੂੰ ਸ੍ਰੀ ਮੁਕਤਸਰ ਸਾਹਿਬ ਤੋਂ ਅੰਮ੍ਰਿਤਪਾਲ ਵੱਲੋਂ ਖਾਲਸਾ ਵਹੀਰ ਸੱਦੀ ਗਈ ਸੀ। ਜੋ ਕਿ ਵਿਸਾਖੀ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਜਾ ਸੰਪੂਰਨ ਹੋਣੀ ਸੀ। ਪਰ ਪੰਜਾਬ ਪੁਲਿਸ ਵਲੋਂ ਇੱਕ ਦਿਨ ਪਹਿਲਾਂ ਹੀ ਵੱਡੀ ਕਾਰਵਾਈ ਅਧੀਨ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਲਈ ਪੂਰੇ ਇਲਾਕੇ ਦੀ ਨਾਕਾਬੰਦੀ ਕਰ ਦਿੱਤੀ ਗਈ। ਪੁਲਿਸ ਮੁਤਾਬਕ ਉਨ੍ਹਾਂ ਅੰਮ੍ਰਿਤਪਾਲ ਦੀ ਕਾਰ ਦਾ ਪਿੱਛਾ ਵੀ ਕੀਤਾ ਪਰ ਉਹ ਭੱਜਣ ਵਿੱਚ ਕਾਮਯਾਬ ਹੋ ਗਿਆ।

ਤਿੰਨ ਦਿਨ ਬੰਦ ਰਿਹਾ ਇੰਟਰਨੈੱਟ 


ਆਪ੍ਰੇਸ਼ਨ ਅੰਮ੍ਰਿਤਪਾਲ ਦੇ ਚਲਦਿਆਂ ਪੂਰੇ ਪੰਜਾਬ ਵਿੱਚ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ। ਜਿਸ ਨਾਲ 3 ਕਰੋੜ ਦੀ ਸੂਬੇ ਦੀ ਅਬਾਦੀ ਪ੍ਰਭਾਵਿਤ ਹੋਈ। ਹਾਲਾਂਕਿ ਸਿਰਫ਼ ਮੋਬਾਈਲ ਅਤੇ ਐੱਸਐੱਮਐੱਸ ਸੁਵਿਧਾ 'ਤੇ ਰੋਕ ਲਾਈ ਗਈ। ਜਿਸਨੂੰ ਇੱਕ ਹਫਤੇ ਦੀ ਮਿਆਦ ਵਿਚ ਜ਼ਿਲ੍ਹਾ ਦਰ ਜ਼ਿਲ੍ਹਾ ਪੱਧਰ 'ਤੇ ਹਟਾ ਦਿੱਤਾ ਗਿਆ।   

ਨੰਗਲ ਅੰਬੀਆ ਦੇ ਗੁਰਦੁਆਰੇ ਚ ਲਈ ਸ਼ਰਨ 


ਇੰਟਰਨੈੱਟ ਬਹਾਲ ਹੋਣ ਮਗਰੋਂ ਸਭਤੋਂ ਪਹਿਲਾਂ ਪੁਲਿਸ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਨੇ ਜਲੰਧਰ ਦੇ ਪਿੰਡ ਨੰਗਲ ਅੰਬੀਆ ਦੇ ਗੁਰਦੁਆਰੇ ਵਿੱਚ ਸ਼ਰਨ ਲਈ। ਜਿਸ ਨੂੰ ਸਾਬਿਤ ਕਰਨ ਲਈ ਪੁਲਿਸ ਵਲੋਂ ਸੀਈਟੀਵੀ ਫੁਟੇਜ ਵੀ ਜਾਰੀ ਕੀਤੀ ਗਈ। ਪੁਲਿਸ ਦਾ ਕਹਿਣਾ ਸੀ ਕਿ ਅੰਮ੍ਰਿਤਪਾਲ ਸਿੰਘ ਨੇ ਇੱਥੇ ਬੈਠ ਕੇ ਭੋਜਨ ਕੀਤਾ ਅਤੇ ਪਾਠੀ ਦੇ ਪੁੱਤਰ ਦੇ ਕੱਪੜੇ ਪਾ ਕੇ ਭੱਜ ਗਿਆ। ਜਿਸ ਮਗਰੋਂ ਪੁਲਿਸ ਨੇ ਗੁਰਦੁਆਰੇ ਦੇ ਪਾਠੀ ਦੇ ਬਿਆਨਾਂ ’ਤੇ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਹੋਰ ਸੀਸੀਟੀਵੀ ਫੁਟੇਜਾਂ ਵੀ ਆਈਆਂ ਸਾਹਮਣੇ 


19 ਮਾਰਚ ਨੂੰ ਅੰਮ੍ਰਿਤਪਾਲ ਸਿੰਘ ਦੇ ਸੀਸੀਟੀਵੀ ਵੀਡੀਓ ਆਉਣੇ ਸ਼ੁਰੂ ਹੋ ਗਏ। ਜਿਸ ਵਿਚ ਬ੍ਰੇਜ਼ਾ ਕਾਰ 'ਚੋਂ ਮੋਟਰਸਾਈਕਲ 'ਤੇ ਬੈਠਣ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਫਿਰ ਅੰਮ੍ਰਿਤਪਾਲ ਸਿੰਘ ਮੋਟਰਸਾਈਕਲ ਫੜੀ ਜੁਗਾੜੂ ਰਿਕਸ਼ਾ ’ਤੇ ਬੈਠਾ ਨਜ਼ਰ ਆਇਆ। 

ਚਾਚਾ ਹਰਜੀਤ ਸਿੰਘ ਵਲੋਂ ਸਮਰਪਣ 


ਇਸੇ ਦੌਰਾਨ 19 ਮਾਰਚ ਦੀ ਰਾਤ ਨੂੰ ਚਾਚਾ ਹਰਜੀਤ ਸਿੰਘ ਅਤੇ ਡਰਾਈਵਰ ਹਰਪ੍ਰੀਤ ਸਿੰਘ ਨੇ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਸਤਿੰਦਰ ਸਿੰਘ ਅੱਗੇ ਆਤਮ ਸਮਰਪਣ ਕਰ ਦਿੱਤਾ। ਅੰਮ੍ਰਿਤਪਾਲ ਸਿੰਘ ਦੀ ਵਿਵਾਦਿਤ ਮਰਸਡੀਜ਼ ਕਾਰ ਵੀ ਪੁਲਿਸ ਹਵਾਲੇ ਕਰ ਦਿੱਤੀ ਗਈ। 

ਹਰਿਆਣਾ ਦੇ ਕੁਰੂਕਸ਼ੇਤਰ ਵੇਖਿਆ ਗਿਆ ਅੰਮ੍ਰਿਤਪਾਲ 


ਪੁਲਿਸ ਦਾ ਕਹਿਣਾ ਕਿ ਅੰਮ੍ਰਿਤਪਾਲ ਸਿੰਘ ਨੂੰ 19-20 ਮਾਰਚ ਦਰਮਿਆਨ ਕੁਰੂਕਸ਼ੇਤਰ, ਹਰਿਆਣਾ ਵਿੱਚ ਦੇਖਿਆ ਗਿਆ। ਉਨ੍ਹਾਂ ਕਿਹਾ ਕਿ ਕੁਰੂਕਸ਼ੇਤਰ ਦੇ ਸ਼ਾਹਬਾਦ 'ਚ ਅੰਮ੍ਰਿਤਪਾਲ ਸਿੰਘ ਸਿਧਾਰਥ ਕਾਲੋਨੀ ਨਿਵਾਸੀ ਬਲਜੀਤ ਕੌਰ ਦੇ ਘਰ ਠਹਿਰਿਆ, ਜਿਸ ਦੀ ਉਸ ਦੇ ਸਾਥੀ ਪਾਪਲਪ੍ਰੀਤ ਸਿੰਘ ਨਾਲ ਜਾਣ-ਪਛਾਣ ਹੋਈ। 

ਦਿੱਲੀ ਪਹੁੰਚਿਆ ਅੰਮ੍ਰਿਤਪਾਲ 

ਹਰਿਆਣਾ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਨੂੰ 21 ਮਾਰਚ ਨੂੰ ਦਿੱਲੀ ਵਿੱਚ ਦੇਖਿਆ ਗਿਆ। ਪੁਲਿਸ ਵਲੋਂ ਜਾਰੀ ਸੀਸੀਟੀਵੀ ਤਸਵੀਰਾਂ 'ਚ ਕਿਹਾ ਗਿਆ ਅੰਮ੍ਰਿਤਪਾਲ ਖੁੱਲ੍ਹੇ ਵਾਲਾਂ ਅਤੇ ਟੋਪੀ ਲੈ ਕੇ ਅੱਗੇ ਚੱਲਦਾ ਦੇਖਿਆ ਗਿਆ ਅਤੇ ਪਪਲਪ੍ਰੀਤ ਸਿੰਘ ਬੈਗ ਚੁੱਕੀ ਉਸਦੇ ਪਿੱਛੇ ਚੱਲ ਰਿਹਾ ਸੀ। ਇਸ ਤੋਂ ਬਾਅਦ ਸੂਚਨਾ ਮਿਲੀ ਕਿ ਅੰਮ੍ਰਿਤਪਾਲ ਸਿੰਘ ਹੁਣ ਯੂਪੀ ਪਹੁੰਚ ਗਿਆ। 

ਅੰਮ੍ਰਿਤਪਾਲ ਦੇ ਪਰਿਵਾਰ ਤੋਂ ਪੁੱਛਗਿੱਛ 


ਇਸ ਮਗਰੋਂ 23 ਮਾਰਚ ਦੇ ਦਿਨ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ, ਮਾਂ ਅਤੇ ਖਾਸ ਕਰਕੇ ਉਸਦੀ ਪਤਨੀ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ। ਮਹਿਲਾ ਅਧਿਕਾਰੀਆਂ ਨੇ ਉਸ ਦੀ ਪਤਨੀ ਤੋਂ ਕਈ ਘੰਟੇ ਪੁੱਛਗਿੱਛ ਕੀਤੀ। ਇਨ੍ਹਾਂ ਹੀ ਨਹੀਂ ਸਗੋਂ ਅੰਮ੍ਰਿਤਪਾਲ ਸਿੰਘ ਨੂੰ ਭਗੌੜਾ ਬਣਾ ਕੇ ਉਸ ਦੀਆਂ ਤਸਵੀਰਾਂ ਵਾਇਰਲ ਕਰ ਦਿੱਤੀਆਂ ਗਈਆਂ। ਇਸ ਦੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਦੇਣ ਦੀ ਅਪੀਲ ਵੀ ਕੀਤੀ। ਇਸ ਦੌਰਾਨ ਹਥਿਆਰਾਂ, ਅਨੰਦਪੁਰ ਖਾਲਸਾ ਫੌਜ, ਫਾਇਰਿੰਗ ਰੇਂਜ ਦੀਆਂ ਵੀਡੀਓਜ਼ ਅਤੇ ਏ.ਕੇ.ਐਫ ਦੇ ਵਟਸਐਪ ਗਰੁੱਪ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ। 

ਸਾਥੀ ਗੋਰਖਾ ਬਾਬਾ ਖੰਨਾ ਦੀ ਗ੍ਰਿਫ਼ਤਾਰੀ


ਇੱਕ ਦਿਨ ਪਹਿਲਾਂ ਜਿਥੇ ਪੁਲਿਸ ਵੱਲੋਂ ਅੰਮ੍ਰਿਤਪਾਲ ਸਿੰਘ ਵੱਲੋਂ ਵਰਤਿਆ ਗਿਆ ਸਪਲੈਂਡਰ ਅਤੇ ਬੁਲੇਟ ਮੋਟਰਸਾਈਕਲ ਬਰਾਮਦ ਕਰ ਲਿਆ ਗਿਆ। 25 ਮਾਰਚ ਨੂੰ ਅੰਮ੍ਰਿਤਪਾਲ ਸਿੰਘ ਦੇ ਸਾਥੀ ਗੋਰਖਾ ਬਾਬਾ ਖੰਨਾ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਜਿੱਥੇ ਉਸ ਦੇ ਮੋਬਾਈਲ ਤੋਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦਾ ਖ਼ਾਲਸਾ ਰਾਜ ਦਾ ਨਕਸ਼ਾ, ਝੰਡਾ ਆਦਿ ਮਿਲਿਆ। 

ਅਕਾਲ ਤਖ਼ਤ ਦੇ ਜੱਥੇਦਾਰ ਨੇ ਸੱਦੀ ਵਿਸ਼ੇਸ਼ ਇਕੱਤਰਤਾ 


ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ 27 ਮਾਰਚ ਨੂੰ ਸਿੱਖ ਬੁੱਧੀਜੀਵੀਆਂ ਦੀ ਮੀਟਿੰਗ ਬੁਲਾਈ ਗਈ। ਜਿਸ ਵਿੱਚ ਅੰਮ੍ਰਿਤਪਾਲ ਸਿੰਘ ਨੂੰ ਆਤਮ ਸਮਰਪਣ ਕਰਨ ਦੀ ਸਲਾਹ ਦਿੱਤੀ ਗਈ। ਇਸ ਦੇ ਨਾਲ ਹੀ ਕਾਰਵਾਈ ਨੂੰ ਵਧਾ-ਚੜ੍ਹਾ ਕੇ ਦੱਸਣ ਲਈ ਵੀ ਸਰਕਾਰ ਦੀ ਸਖ਼ਤ ਸ਼ਬਦਾਂ 'ਚ ਨਿੰਦਿਆ ਹੋਈ। ਇਸ ਦੇ ਨਾਲ ਹੀ ਪੁਲਿਸ ਵਲੋਂ ਅੰਮ੍ਰਿਤਪਾਲ ਦੇ ਸਭ ਤੋਂ ਨਜ਼ਦੀਕੀ ਗੰਨਮੈਨ ਵਰਿੰਦਰ ਜੌਹਲ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਸ 'ਤੇ NSA  ਲਗਾ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ।

ਅੰਮ੍ਰਿਤਪਾਲ ਦਾ ਲੋਕਾਂ ਨੂੰ ਪਹਿਲਾ ਸੁਨੇਹਾ 


30 ਮਾਰਚ ਦੇ ਦਿਨ ਅੰਮ੍ਰਿਤਪਾਲ ਸਿੰਘ ਦੀ ਪਹਿਲੀ ਵੀਡੀਓ ਵਾਇਰਲ ਹੋਈ। ਜਿਸ ਵਿੱਚ ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੋਂ ਖਾਲਸਾ ਵਹੀਰ ਬੁਲਾਉਣ ਦੀ ਜ਼ੋਰਦਾਰ ਮੰਗ ਕੀਤੀ। ਇਸ ਵੀਡੀਓ ਦੇ ਆਉਣ ਤੋਂ ਬਾਅਦ ਪੁਲਿਸ ਨੇ ਪੰਜਾਬ, ਯੂਪੀ ਅਤੇ ਉੱਤਰਾਖੰਡ ਦੇ 300 ਤੋਂ ਵੱਧ ਡੇਰਿਆਂ 'ਤੇ ਛਾਪੇਮਾਰੀ ਕੀਤੀ।

ਫਿਰ ਆਡੀਓ ਹੋਇਆ ਜਨਤਕ 


ਅਗਲੇ ਹੀ ਦਿਨ ਜਾਨੀ 31 ਮਾਰਚ ਨੂੰ 24 ਘੰਟਿਆਂ ਦੇ ਅੰਦਰ ਅੰਮ੍ਰਿਤਪਾਲ ਸਿੰਘ ਨੇ ਇੱਕ ਆਡੀਓ ਅਤੇ ਵੀਡੀਓ ਦੁਬਾਰਾ ਜਾਰੀ ਕੀਤਾ। ਜਿਸ ਵਿੱਚ ਉਸਨੇ ਲੋਕਾਂ ਨੂੰ 13 ਅਪ੍ਰੈਲ ਨੂੰ ਸ੍ਰੀ ਦਮਦਮਾ ਸਾਹਿਬ ਪਹੁੰਚਣ ਲਈ ਗੁਜ਼ਾਰਿਸ਼ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਮੁੜ ਸਰਬੱਤ ਖਾਲਸਾ ਬੁਲਾਉਣ ਦੀ ਅਪੀਲ ਵੀ ਕੀਤੀ।

ਅੰਮ੍ਰਿਤਪਾਲ ਦੇ ਪੰਜਾਬ ਆਉਣ 'ਤੇ ਮੁੜ ਬਾਹਰ ਜਾਣ ਦੀ ਖਬਰ 

29 ਮਾਰਚ ਤੋਂ 9 ਅਪ੍ਰੈਲ ਤੱਕ ਅੰਮ੍ਰਿਤਸਰ ਸਿੰਘ ਦੇ ਮੁੜ ਪੰਜਾਬ ਵਾਪਿਸ ਆਉਣ ਤੇ ਸੂਬੇ ਤੋਂ ਬਾਹਰ ਜਾਣ ਦੀਆਂ ਖਬਰਾਂ ਆਈਆਂ। ਜਿਸ ਤੋਂ ਬਾਅਦ ਪੁਲਿਸ ਨੇ ਪੰਜਾਬ ਤੋਂ ਇਲਾਵਾ ਹਰਿਆਣਾ, ਯੂਪੀ, ਉਤਰਾਖੰਡ ਦੇ ਨਾਲ-ਨਾਲ ਰਾਜਸਥਾਨ ਵਿੱਚ ਵੀ ਛਾਪੇਮਾਰੀ ਕੀਤੀ।

ਪਪਲਪ੍ਰੀਤ ਦੀ ਗ੍ਰਿਫ਼ਤਾਰੀ


10 ਅਪ੍ਰੈਲ ਨੂੰ ਅੰਮ੍ਰਿਤਪਾਲ ਸਿੰਘ ਦੇ ਸਾਥੀ ਪਪਲਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹ ਪੰਜਾਬ ਪੁਲਿਸ ਲਈ ਵੱਡੀ ਕਾਮਯਾਬੀ ਸਾਬਿਤ ਹੋਈ। ਪੁਲਿਸ ਦਾ ਕਹਿਣਾ ਸੀ ਕਿ ਇਹ ਉਹੀ ਸ਼ਖਸ ਹੈ ਜਿਸ ਦੀ ਮਦਦ ਨਾਲ ਅੰਮ੍ਰਿਤਪਾਲ ਸਿੰਘ ਪਿਛਲੇ ਦਿਨਾਂ ਤੋਂ ਭੱਜਣ ਵਿੱਚ ਕਾਮਯਾਬ ਰਿਹਾ। ਪਪਲਪ੍ਰੀਤ ਸਿੰਘ ਨੇ ਪੁਲਿਸ ਨੂੰ ਆਪਣੇ ਬਿਆਨਾਂ 'ਚ ਦੱਸਿਆ ਕਿ ਉਹ 28 ਮਾਰਚ ਤੋਂ ਅੰਮ੍ਰਿਤਪਾਲ ਸਿੰਘ ਤੋਂ ਵੱਖ ਹੋ ਗਿਆ ਸੀ। ਜਿਸ ਤੋਂ ਬਾਅਦ ਪਪਲਪ੍ਰੀਤ ਸਿੰਘ ਨੂੰ ਵੀ ਐੱਨ.ਐੱਸ.ਏ ਲਗਾ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ।

ਜੋਗਾ ਸਿੰਘ ਦੀ ਗ੍ਰਿਫ਼ਤਾਰੀ 


15 ਅਪ੍ਰੈਲ ਨੂੰ ਅੰਮ੍ਰਿਤਪਾਲ ਸਿੰਘ ਦਾ ਇੱਕ ਹੋਰ ਸਾਥੀ ਜੋਗਾ ਸਿੰਘ ਵੀ ਪੁਲਿਸ ਹੱਥੀਂ ਚੜ੍ਹ ਗਿਆ। ਪੁਲਿਸ ਦਾ ਕਹਿਣਾ ਕਿ ਇਹ ਉਹੀ ਜੋਗਾ ਸਿੰਘ ਹੈ ਜੋ 27 ਅਪ੍ਰੈਲ ਨੂੰ ਅੰਮ੍ਰਿਤਪਾਲ ਸਿੰਘ ਅਤੇ ਪਪਲਪ੍ਰੀਤ ਸਿੰਘ ਨੂੰ ਪੀਲੀਭੀਤ ਤੋਂ ਪੰਜਾਬ ਲੈ ਕੇ ਆਇਆ ਸੀ। ਜੋਗਾ ਸਿੰਘ ਲੁਧਿਆਣਾ ਦਾ ਰਹਿਣ ਵਾਲਾ ਹੈ ਅਤੇ ਯੂਪੀ ਵਿੱਚ ਡੇਰਾ ਚਲਾ ਰਿਹਾ ਸੀ।

ਆਈਐਸਆਈ ਨਾਲ ਸਬੰਧ?


ਭਾਰਤੀ ਖੁਫੀਆ ਏਜੰਸੀਆਂ ਦਾ ਦੋਸ਼ ਹੈ ਕਿ ਅੰਮ੍ਰਿਤਪਾਲ ਸਿੰਘ ਦੇ ਪਾਕਿਸਤਾਨ ਦੀ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ਆਈ.ਐੱਸ.ਆਈ.) ਅਤੇ ਖਾਲਿਸਤਾਨੀ ਅੱਤਵਾਦੀ ਸਮੂਹਾਂ ਨਾਲ ਸਬੰਧ ਹਨ। ਉਨ੍ਹਾਂ ਦਾ ਕਹਿਣਾ ਕਿ ਆਈ.ਐੱਸ.ਆਈ ਨੇ ਉਨ੍ਹਾਂ ਨੂੰ ਜਾਰਜੀਆ ਵਿੱਚ ਵੱਖਵਾਦੀ ਏਜੰਡੇ ਨੂੰ ਅੰਜਾਮ ਦੇਣ ਲਈ ਸਿਖਲਾਈ ਦਿੱਤੀ।


18 ਅਪ੍ਰੈਲ ਤੱਕ ਅੰਮ੍ਰਿਤਪਾਲ ਸਿੰਘ ਪੁਲਿਸ ਦੀ ਗ੍ਰਿਫਤ 'ਚੋਣ ਬਾਹਰ ਚਾਲ ਰਿਹਾ ਅਤੇ ਅਜੇ ਤਕ ਪੁਲਿਸ ਨੂੰ ਉਸਦੀ ਮੌਜੂਦਗੀ ਕਿਥੇ ਹੈ, ਨੂੰ ਲੈਕੇ ਵੀ ਕੋਈ ਸਬੂਤ ਹੱਥ ਨਹੀਂ ਲੱਗਾ ਹੈ।   


- PTC NEWS

adv-img

Top News view more...

Latest News view more...