G20 Summit: ਜੀ-20 ਸੰਮੇਲਨ ਤੇ ਖ਼ਰਚ ਹੋਏ ਕਰੋੜਾਂ ਰੁਪਇਆ ਤੋਂ ਜਾਣੋ ਭਾਰਤ ਨੂੰ ਕਿਹੜੇ ਫ਼ਾਇਦੇ ਹੋਏ

G20 Summit 2023: ਭਾਰਤ 'ਚ ਹੋਈ ਜੀ-20 ਕਾਨਫਰੰਸ ਦੀ ਸ਼ਾਨ ਨੂੰ ਪੂਰੀ ਦੁਨੀਆ ਨੇ ਦੇਖਿਆ। ਭਾਰਤ ਸਰਕਾਰ ਨੇ ਸਮਾਗਮ ਵਾਲੀ ਥਾਂ, ਦਿੱਲੀ ਦੀ ਸਜਾਵਟ, ਤਿਆਰੀਆਂ ਅਤੇ ਮਹਿਮਾਨਾਂ ਦੇ ਸੁਆਗਤ ’ਤੇ ਕਰੋੜਾਂ ਰੁਪਇਆ ਦਾ ਖ਼ਰਚਾ ਕੀਤਾ। ਜੀ-20 ਸਿਖਰ ਸੰਮੇਲਨ ਤੋਂ ਇਲਾਵਾ ਪੀ.ਐਮ. ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ, ਯੂ.ਕੇ. ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਸਮੇਤ ਕਈ ਵੱਡੇ ਗਲੋਬਲ ਨੇਤਾਵਾਂ ਨਾਲ ਵੀ ਦੁਵੱਲੀ ਗੱਲਬਾਤ ਕੀਤੀ ਅਤੇ ਇਨ੍ਹਾਂ ਰਾਹੀਂ ਕਈ ਅਹਿਮ ਅਤੇ ਵੱਡੇ ਸਮਝੌਤੇ ਹੋਏ।
ਅਮਰੀਕਾ ਅਤੇ ਭਾਰਤ ਵਿਚਕਾਰ 1 ਬਿਲੀਅਨ ਡਾਲਰ ਦਾ ਨਿਵੇਸ਼ ਸਮਝੌਤਾ
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਵੀ ਜੀ-20 ਸੰਮੇਲਨ 'ਚ ਹਿੱਸਾ ਲੈਣ ਲਈ ਭਾਰਤ ਆਏ। ਭਾਰਤ ਪਹੁੰਚਣ ਤੋਂ ਥੋੜ੍ਹੀ ਦੇਰ ਬਾਅਦ ਉਨ੍ਹਾਂ ਨੇ ਪੀ.ਐਮ. ਨਰਿੰਦਰ ਮੋਦੀ ਨਾਲ ਦੁਵੱਲੀ ਗੱਲਬਾਤ ਕੀਤੀ। ਨਵਿਆਉਣਯੋਗ ਬੁਨਿਆਦੀ ਢਾਂਚਾ ਨਿਵੇਸ਼ ਫੰਡ 'ਤੇ ਦੋਵਾਂ ਦੇਸ਼ਾਂ ਵਿਚਾਲੇ ਸਮਝੌਤਾ ਹੋਇਆ। ਭਾਰਤ ਅਤੇ ਅਮਰੀਕਾ ਮਿਲ ਕੇ ਇਸ ਖੇਤਰ ਵਿੱਚ 1 ਬਿਲੀਅਨ ਡਾਲਰ ਦਾ ਨਿਵੇਸ਼ ਕਰਨਗੇ। ਇਸ ਤੋਂ ਇਲਾਵਾ ਚੀਨ ਦੀ ਕਮਜ਼ੋਰ ਹੋ ਰਹੀ ਅਰਥਵਿਵਸਥਾ ਦੇ ਵਿਚਕਾਰ ਭਾਰਤ ਨੂੰ ਮਿਲਿਆ ਨਿਰਮਾਣ ਹੱਬ ਬਣਨ ਦਾ ਸੁਨਹਿਰੀ ਮੌਕਾ ਅਤੇ ਇਸ ਲਈ ਜੀ-20 ਇੱਕ ਸਹੀ ਪਲੇਟਫਾਰਮ ਸੀ।
ਭਾਰਤ ਦੇ ਜਵਾਈ ਰਿਸ਼ੀ ਸੁਨਕ ਨੇ ਦਿੱਤਾ ਵੱਡਾ ਤੋਹਫਾ
ਮੀਡੀਆ ਵਿੱਚ ਭਾਰਤ ਦੇ ਜਵਾਈ ਵਜੋਂ ਜਾਣੇ ਜਾਂਦੇ ਬ੍ਰਿਟਿਸ਼ ਪੀ.ਐਮ. ਰਿਸ਼ੀ ਸੁਨਕ ਨੇ ਭਾਰਤ ਨੂੰ ਇੱਕ ਵੱਡਾ ਤੋਹਫ਼ਾ ਦਿੱਤਾ। ਸੁਨਕ ਅਤੇ ਪੀ.ਐਮ. ਮੋਦੀ ਵਿਚਾਲੇ ਸਮਾਗਮ 'ਚ ਦੁਵੱਲੀ ਗੱਲਬਾਤ ਹੋਈ। ਜੀ-20 ਦੇ ਸਮਾਗਮ 'ਚ ਦੋਵਾਂ ਦੇਸ਼ਾਂ ਵਿਚਾਲੇ ਵਪਾਰ ਸਮਝੌਤਾ, ਅਨਾਜ ਸਮਝੌਤਾ, ਕੋਰੋਨਾ ਵੈਕਸੀਨ ਖੋਜ, ਐਮ.ਐਸ.ਸੀ.ਏ ਲੜਾਕੂ ਜੈੱਟ ਇੰਜਣ ਨੂੰ ਲੈ ਕੇ ਗੱਲਬਾਤ ਹੋਈ। ਬ੍ਰਿਟੇਨ ਅਤੇ ਜਰਮਨੀ ਵਰਗੇ ਜੀ-20 ਦੇਸ਼ਾਂ ਵਿਚਾਲੇ ਸੌਰ ਊਰਜਾ, ਗ੍ਰੀਨ ਹਾਈਡ੍ਰੋਜਨ, ਕਲੀਨ ਐਨਰਜੀ, UPI 'ਤੇ ਚਰਚਾ ਹੋਈ।
ਮੋਦੀ ਨੇ ਇਨ੍ਹਾਂ ਦੇਸ਼ਾਂ ਦੇ ਮੁਖੀਆਂ ਨਾਲ ਕੀਤੀ ਮੁਲਾਕਾਤ
ਭਾਰਤ ਅਤੇ ਜਰਮਨੀ ਵਿਚਾਲੇ ਜੀ-20 ਸੰਮੇਲਨ ਤੋਂ ਇਲਾਵਾ ਹੋਰ ਕਈ ਮੁੱਦਿਆਂ 'ਤੇ ਚਰਚਾ ਹੋਈ ਅਤੇ ਦੋਵਾਂ ਦੇਸ਼ਾਂ ਵਿਚਾਲੇ ਅਹਿਮ ਸਮਝੌਤੇ ਕੀਤੇ ਗਏ। ਪ੍ਰਧਾਨ ਮੰਤਰੀ ਮੋਦੀ ਨੇ ਇਟਲੀ ਦੇ ਪ੍ਰਧਾਨ ਮੰਤਰੀ ਮੇਲੋਨੀ ਨਾਲ ਵੀ ਦੁਵੱਲੀ ਗੱਲਬਾਤ ਕੀਤੀ। ਦੋਹਾਂ ਦੇਸ਼ਾਂ ਵਿਚਾਲੇ ਹੈਲੀਕਾਪਟਰ, ਰਾਡਾਰ, ਇਲੈਕਟ੍ਰਾਨਿਕ ਯੁੱਧ ਆਦਿ 'ਤੇ ਚਰਚਾ ਹੋਈ। ਮੰਨਿਆ ਜਾ ਰਿਹਾ ਹੈ ਕਿ ਇਹ ਸਾਰੀਆਂ ਦੁਵੱਲੀ ਗੱਲਬਾਤ ਭਾਰਤ ਅਤੇ ਵੱਡੇ ਦੇਸ਼ਾਂ ਵਿਚਾਲੇ ਦੂਰਗਾਮੀ ਸਬੰਧਾਂ ਨੂੰ ਲੈ ਕੇ ਕੀਤੀ ਗਈ।
ਜੀ-20 ਦੇ ਸ਼ਾਨਦਾਰ ਸਮਾਗਮ ਨੇ ਬਦਲੀ ਭਾਰਤ ਦੀ ਤਸਵੀਰ
ਕੌਮੀ ਮੀਡੀਆ ਰਿਪੋਰਟਾਂ ਮੁਤਾਬਕ ਜੀ-20 ਸੰਮੇਲਨ ਲਈ ਦਿੱਲੀ ਨੂੰ ਸਜਾਉਣ ਲਈ 4254.75 ਕਰੋੜ ਰੁਪਏ ਦਾ ਖ਼ਰਚਾ ਕੀਤਾ। ਇਹ ਪੈਸਾ ਫੁੱਟਪਾਥਾਂ ਦੀ ਮੁਰੰਮਤ, ਸਟਰੀਟ ਲਾਈਟਾਂ, ਸਮਾਗਮ ਵਾਲੀ ਥਾਂ ਨੂੰ ਸਜਾਉਣ ਅਤੇ ਮਹਿਮਾਨਾਂ ਦੇ ਸੁਆਗਤ 'ਤੇ ਖਰਚ ਕੀਤਾ ਗਿਆ। ਹਾਲਾਂਕਿ ਇਸ ਸ਼ਾਨਦਾਰ ਸਮਾਗਮ ਦੀ ਸਫ਼ਲਤਾ ਭਾਰਤ ਨੂੰ ਪੂਰੀ ਦੁਨੀਆ ਵਿੱਚ ਮਾਣ ਮਹਿਸੂਸ ਕਰਵਾਉਣ ਵਾਲੀ ਗੱਲ ਰਹੀ। ਪ੍ਰਧਾਨ ਮੰਤਰੀ ਮੋਦੀ ਦੇ ਗਲੋਬਲ ਅਕਸ ਦੇ ਨਾਲ-ਨਾਲ ਇਹ ਬਦਲਦੇ ਭਾਰਤ ਦੀ ਮਜ਼ਬੂਤ ਤਸਵੀਰ ਵੀ ਪੇਸ਼ ਹੋਈ। ਅਜਿਹੇ ਵੱਡੇ ਵਿਸ਼ਵ ਸਮਾਗਮ ਹੁਣ ਭਾਰਤ ਵਰਗੇ ਏਸ਼ੀਆਈ ਦੇਸ਼ਾਂ ਵਿੱਚ ਸੰਭਵ ਹਨ।
- ਸਚਿਨ ਜਿੰਦਲ ਦੇ ਸਹਿਯੋਗ ਨਾਲ