ਮੋਹਾਲੀ ਪੁਲਿਸ ਨੂੰ ਵੱਡੀ ਕਾਮਯਾਬੀ, ਬਿਸ਼ਨੋਈ ਗੈਂਗ ਨਾਲ ਸਬੰਧਤ 5 ਸ਼ੂਟਰ ਅਸਲੇ ਸਮੇਤ ਗ੍ਰਿਫ਼ਤਾਰ
ਥਾਣਾ ਡੇਰਾਬਸੀ ਦੀ ਟੀਮ ਵੱਲੋਂ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ 5 ਸ਼ੂਟਰ ਨਜਾਇਜ ਅਸਲੇ ਸਮੇਤ ਕਾਬੂ ਕਰਨ ਵਿੱਚ ਅਹਿਮ ਸਫਲਤਾ ਹਾਸਲ ਕੀਤੀ ਹੈ। ਇਨ੍ਹਾਂ ਕੋਲੋਂ ਪੁਲਿਸ ਨੇ ਇੱਕ ਬਰੀਜ਼ਾ ਕਾਰ ਵੀ ਬਰਾਮਦ ਕੀਤੀ ਹੈ।
ਮੋਹਾਲੀ: ਥਾਣਾ ਡੇਰਾਬਸੀ ਦੀ ਟੀਮ ਵੱਲੋਂ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ 5 ਸ਼ੂਟਰ ਨਜਾਇਜ ਅਸਲੇ ਸਮੇਤ ਕਾਬੂ ਕਰਨ ਵਿੱਚ ਅਹਿਮ ਸਫਲਤਾ ਹਾਸਲ ਕੀਤੀ ਹੈ। ਇਨ੍ਹਾਂ ਕੋਲੋਂ ਪੁਲਿਸ ਨੇ ਇੱਕ ਬਰੀਜ਼ਾ ਕਾਰ ਵੀ ਬਰਾਮਦ ਕੀਤੀ ਹੈ। ਜ਼ਿਲ੍ਹਾ ਪੁਲਿਸ ਕਪਤਾਨ ਡਾ. ਸੰਦੀਪ ਕੁਮਾਰ ਗਰਗ ਨੇ ਜਾਣਕਾਰੀ ਦਿੰਦੇ ਹੋਏ ਅੱਗੇ ਦੱਸਿਆ ਕਿ ਡੇਰਾਬੱਸੀ ਪੁਲਿਸ ਟੀਮ ਨੂੰ ਮੁਖਬਰ ਖਾਸ ਰਾਹੀ ਇਤਲਾਹ ਮਿਲੀ ਸੀ ਕਿ ਹਰਸ਼ਪ੍ਰੀਤ ਸਿੰਘ ਅਤੇ ਰਾਜਵੀਰ ਸਿੰਘ ਜੋ ਕਿ ਚੋਰੀਸ਼ੁਦਾ ਮੋਟਰਸਾਈਕਲ 'ਤੇ ਜਾਅਲੀ ਨੰਬਰ. HR01-AF-8688 ਲਗਾ ਕੇ ਸਮੇਤ ਨਜਾਇਜ਼ ਅਸਲੇ ਥਾਣਾ ਡੇਰਾਬਸੀ ਇਲਾਕੇ ਵਿੱਚ ਵਾਰਦਾਤ ਕਰਨ ਦੀ ਫਿਰਾਕ ਵਿੱਚ ਹਨ। ਸੂਚਨਾ 'ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਮੁਲਜ਼ਮਾਂ ਨੂੰ ਮੌਕੇ 'ਤੇ ਗ੍ਰਿਫਤਾਰ ਕਰ ਲਿਆ।
ਕਥਿਤ ਦੋਸ਼ੀਆਂ ਕੋਲੋਂ ਮੌਕੇ 'ਤੇ ਚੋਰੀਸ਼ੁਦਾ ਮੋਟਰਸਾਈਕਲ ਸਮੇਤ ਇੱਕ/ਇੱਕ (2) ਨਜਾਇਜ ਪਿਸਟਲ 32 ਬੋਰ ਬ੍ਰਾਮਦ ਕੀਤਾ ਗਿਆ। ਮੁਲਜ਼ਮਾਂ ਨੇ ਮੁੱਢਲੀ ਪੁੱਛਗਿੱਛ ਦੌਰਾਨ ਦੱਸਿਆ ਕਿ ਉਨ੍ਹਾਂ ਨੇ ਡੇਰਾਬਸੀ ਬੱਸ ਸਟਾਪ ਤੋਂ ਆਪਣੇ ਸਾਥੀ ਕਾਰਤਿਕ ਉਰਫ ਆਸ਼ੂ ਨੂੰ ਆਪਣੇ ਨਾਲ ਵਾਰਦਾਤ ਵਿੱਚ ਅੰਜਾਮ ਦੇਣ ਲਈ ਨਾਲ ਲੈਣਾ ਸੀ, ਜਿਸ 'ਤੇ ਕਾਰਤਿਕ ਨੂੰ ਵੀ ਡੇਰਾਬਸੀ ਬੱਸ ਸਟਾਪ ਤੋਂ ਗ੍ਰਿਫਤਾਰ ਕੀਤਾ।
ਇਸਤੋਂ ਇਲਾਵਾ ਪੁੱਛਗਿਛ ਦੇ ਆਧਾਰ 'ਤੇ ਇਨ੍ਹਾਂ ਦੇ ਸਾਥੀਆਂ ਰਮਨਦੀਪ ਸਿੰਘ ਨੂੰ ਨਾਜਾਇਜ਼ ਪਿਸਟਲ 32 ਬੋਰ ਅਤੇ ਜੈਦੀਪ ਰਾਜਸਥਾਨੀ ਨੂੰ ਸਮੇਤ 01 ਪਿਸਟਲ 30 ਬੋਰ ਨਾਲ ਗ੍ਰਿਫਤਾਰ ਕੀਤਾ ਗਿਆ। ਜੈਦੀਪ ਰਾਜਸਥਾਨੀ ਕੋਲੋਂ ਇੱਕ ਹੋਰ ਨਾਜਾਇਜ਼ ਪਿਸਟਲ 32 ਬੋਰ ਸਮੇਤ 02 ਜਿੰਦਾ ਕਾਰਤੂਸ, 03 ਮੈਗਜੀਨ ਦੇ ਬ੍ਰਾਮਦ ਹੋਏ।
ਲਾਰੈਂਸ ਨਾਲ ਕਿਵੇਂ ਸੀ ਸੰਪਰਕ ?
ਮੁਕੱਦਮਾ ਦੀ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਜੈਦੀਪ ਰਾਜਸਥਾਨੀ ਕਾਫੀ ਸਮੇਂ ਤੋ ਭਿਵਾਨੀ ਜੇਲ ਵਿੱਚ ਬੰਦ ਗੈਂਗਸਟਰ ਮਿੰਟੂ ਮੋਦਸੀਆ ਦੇ ਸੰਪਰਕ ਵਿੱਚ ਸੀ ਅਤੇ ਮਿੰਟੂ ਮੋਦਸੀਆ, ਜੋ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਕਹਿਣ ਅਨੁਸਾਰ ਪਹਿਲਾਂ ਵੀ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ, ਜੋ ਜੈਦੀਪ ਰਾਜਸਥਾਨੀ, ਮਿੰਟੂ ਮੋਦਸੀਆ ਦੇ ਕਹਿਣ 'ਤੇ ਆਪਣੇ ਇਨ੍ਹਾਂ ਸਾਥੀਆ ਸਮੇਤ ਡੇਰਾਬਸੀ ਦੇ ਇਲਾਕੇ ਵਿੱਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫੀਰਾਕ ਵਿੱਚ ਸੀ।