ਲਾਰੈਂਸ ਨੇ ਵਿਖਾਈ ਜੇਲ੍ਹ ਬੈਰਕ; DGP ਪੰਜਾਬ ਦੇ ਦਾਅਵਿਆਂ ਤੇ ਖੜੇ ਕੀਤੇ ਕਈ ਸਵਾਲ
ਇੱਕ ਗੱਲ ਤਾਂ ਸਾਫ਼ ਹੈ ਕਿ ਲਾਰੈਂਸ ਬਿਸ਼ਨੋਈ ਨੇ ਆਪਣੀ ਦੂਜੀ ਇੰਟਰਵਿਊ ਨਾਲ ਕਾਨੂੰਨ ਅਤੇ ਵਿਵਸਥਾ ਦਾ ਜ਼ਰੂਰ ਮਜ਼ਾਕ ਬਣਾ ਦਿੱਤਾ ਹੈ ਕਿ ਭਾਰਤ ਦੀਆਂ ਜੇਲ੍ਹਾਂ 'ਚੋਂ ਆਮ ਜਨਤਾ ਦੇ ਰੂਬਰੂ ਹੋਣਾ ਕ੍ਰਿਮਿਨਲਸ ਲਈ ਕੋਈ ਔਖੀ ਗੱਲ ਨਹੀਂ ਰਹਿ ਗਈ ਹੈ। ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਆਪਣੀਆਂ ਜੇਲ੍ਹ ਨੀਤੀਆਂ ਅਤੇ ਪ੍ਰਬੰਧਾਂ ਦਾ ਇੱਕ ਵਾਰ ਤਾਂ ਹੁਣ ਜ਼ਰੂਰ ਮੁਆਇਨਾਂ ਕਰ ਲੈਣਾ ਚਾਹੀਦਾ ਹੈ।
ਚੰਡੀਗੜ੍ਹ: ਇੱਕ ਨਿੱਜੀ ਪੰਜਾਬੀ ਮੀਡੀਆ ਚੈਨਲ ਵੱਲੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਪਿਛਲੇ ਦਿਨਾਂ 'ਚ ਇੱਕ ਇੰਟਰਵਿਊ ਕੀਤੀ ਗਈ ਜਿਸਨੇ ਪੰਜਾਬ ਦੇ ਸਿਆਸੀ ਗਲਿਆਰਿਆਂ ਵਿੱਚ ਤਹਿਲਕਾ ਮਚਾ ਦਿੱਤਾ ਸੀ।
ਹਾਲਾਂਕਿ ਡੀ.ਜੀ.ਪੀ ਪੰਜਾਬ ਵੱਲੋਂ ਬਿਸ਼ਨੋਈ ਦੀ ਇੰਟਰਵਿਊ ਮਗਰੋਂ ਪ੍ਰੈਸ ਕਾਨਫਰੰਸ ਕਰਕੇ ਵੱਡੇ ਦਾਅਵੇ ਕੀਤੇ ਗਏ ਸਨ। ਜਿਨ੍ਹਾਂ 'ਚ ਸਭ ਤੋਂ ਵੱਡਾ ਇਹ ਸੀ ਕਿ ਬਿਸ਼ਨੋਈ ਦੀ ਜਿਹੜੀ ਦਿੱਖ ਹੈ ਉਹ ਪੁਰਾਣੀ ਹੈ। ਜਿਸ ਲਈ DGP ਵੱਲੋਂ 8 ਮਾਰਚ ਨੂੰ ਰਾਜਸਥਾਨ ਜੇਲ੍ਹ ਤੋਂ ਪੰਜਾਬ ਵਾਪਸ ਲਿਆਏ ਗਏ ਬਿਸ਼ਨੋਈ ਦੀਆਂ ਵੱਖ ਵੱਖ ਤਰੀਕਾਂ ਦੀ ਤਸਵੀਰਾਂ ਨੂੰ ਜਨਤਕ ਕੀਤਾ ਗਿਆ।
ਪਰ ਉਸੇ ਨਿਜੀ ਚੈਨਲ ਦੇ ਅੱਜ ਦੇ ਦੂਜੇ ਇੰਟਰਵਿਊ 'ਚ ਬਿਸ਼ਨੋਈ ਹੂਬਹੂ ਉਸੀ ਦਿੱਖ ਚ ਦਿਖਿਆ ਜਿਸ ਨੂੰ ਲੈਕੇ DGP ਪੰਜਾਬ ਗੌਰਵ ਯਾਦਵ ਵੱਲੋਂ ਦਾਅਵੇ ਕੀਤੇ ਗਏ ਸਨ, ਜੋ ਹੁਣ ਕਿਤੇ ਨਾ ਕਿਤੇ ਪੰਜਾਬ ਦੇ ਜੇਲ੍ਹ ਸਿਸਟਮ 'ਤੇ ਵੱਡੇ ਸਵਾਲੀਆ ਨਿਸ਼ਾਨ ਖੜੇ ਕਰਦੇ ਹਨ।
ਲਾਰੈਂਸ ਬਿਸ਼ਨੋਈ ਦੀ ਦੂਜੀ ਇੰਟਰਵਿਊ ਵਿੱਚ ਹੋਰ ਵੱਡੇ ਖੁਲਾਸੇ
ਲਾਰੈਂਸ ਨੇ ਆਪਣੇ ਦੂਜੇ ਇੰਟਰਵਿਊ 'ਚ ਇਹ ਦਾਅਵਾ ਕਰਦਿਆਂ ਕਿਹਾ ਕਿ ਜਦੋਂ ਤੱਕ ਸਿੱਧੂ ਮੂਸੇਵਾਲਾ ਕੋਲ ਸਰਕਾਰੀ ਸੁਰੱਖਿਆ ਸੀ ਅਸੀਂ ਉਸ ਨੂੰ ਨਹੀਂ ਮਾਰ ਸਕੇ ਪਰ ਜਿਵੇਂ ਹੀ ਸੁਰੱਖਿਆ ਘਟਾਈ ਗਈ ਅਸੀਂ ਉਸੇ ਵੇਲੇ ਮਾਰ ਦਿੱਤਾ।
ਲਾਰੈਂਸ ਦੇ ਇਸ ਬਿਆਨ ਨਾਲ ਨਾ ਸਿਰਫ਼ ਪੰਜਾਬ ਸਰਕਾਰ ਦੀ ਵੱਡੀ ਨਾਕਾਮਯਾਬੀ ਸਾਹਮਣੇ ਆਈ ਹੈ ਸਗੋਂ ਬਿਸ਼ਨੋਈ ਨੇ ਇਸ ਕਤਲ ਦਾ ਸਿੱਧਾ ਜ਼ਿੰਮਾ ਕੈਨੇਡਾ ਬੈਠੇ ਗੋਲਡੀ ਬਰਾੜ ਦੇ ਸਿਰੇ ਮੜ੍ਹ ਦਿੱਤਾ।
ਇਸ ਦੇ ਨਾਲ ਹੀ ਡੀਜੀਪੀ ਵੱਲੋਂ ਪ੍ਰੈਸ ਵਾਰਤਾ ਦਰਮਿਆਨ ਕੀਤੇ ਗਏ ਦਾਅਵਿਆਂ 'ਤੇ ਵੀ ਸਵਾਲ ਖੜੇ ਹੋ ਗਏ ਹਨ। ਡੀਜੀਪੀ ਨੇ ਪਹਿਲੀ ਇੰਟਰਵਿਊ ਦੇ ਸਾਹਮਣੇ ਆਉਣ ਤੋਂ ਬਾਅਦ ਕਿਹਾ ਸੀ ਕਿ ਇੰਟਰਵਿਊ ਬਹੁਤ ਪੁਰਾਣੀ ਹੈ ਕਿਉਂਕਿ ਗੋਇੰਦਵਾਲ ਜੇਲ੍ਹ ਦਾ ਕੋਈ ਜ਼ਿਕਰ ਨਹੀਂ ਸੁਣਨ ਨੂੰ ਮਿਲਿਆ ਪਰ ਹੁਣ ਦੂਜੇ ਇੰਟਰਵਿਊ ਦੇ ਸਾਹਮਣੇ ਆਉਣ ਤੋਂ ਬਾਅਦ ਗੋਇੰਦਵਾਲ ਜੇਲ੍ਹ ਕਤਲ ਕਾਂਡ ਦੀ ਘਟਨਾ ਦਾ ਵੀ ਜ਼ਿਕਰ ਕੀਤਾ ਗਿਆ।
ਫਿਰ DGP ਪੰਜਾਬ ਨੇ ਇਹ ਤਰਕ ਦਿੱਤਾ ਸੀ ਕਿ ਇਹ ਕਿਸੇ ਸਟੂਡੀਓ ਦੀ ਰਿਕਾਰਡਿੰਗ ਹੋਵੇਗੀ ਕਿਉਂਕਿ ਬਠਿੰਡਾ ਜੇਲ੍ਹ ਇਸ ਇੰਟਰਵਿਊ 'ਚ ਨਹੀਂ ਦਿਖਾਈ ਦਿੱਤੀ ਹੈ। ਪਰ ਅੱਜ ਦੇ ਦੂਜੇ ਇੰਟਰਵਿਊ 'ਚ ਲਾਰੈਂਸ ਬਿਸ਼ਨੋਈ ਨੇ ਆਪਣੀ ਜੇਲ੍ਹ ਬੈਰਕ ਵੀ ਦਿਖਾ ਦਿੱਤੀ ਹੈ, ਹਾਲਾਂਕਿ ਇਹ ਕਹਿਣਾ ਜਾਂਚ ਦਾ ਵਿਸ਼ਾ ਹੈ ਕਿ ਇਹ ਬੈਰਕ ਕਿਹੜੇ ਸੂਬੇ ਦੀ ਜੇਲ੍ਹ ਦੀ ਹੋਵੇਗੀ।
ਡੀਜੀਪੀ ਪੰਜਾਬ ਵੱਲੋਂ ਜਿਹੜਾ ਸਭ ਤੋਂ ਵੱਡਾ ਦਾਅਵਾ ਕੀਤਾ ਗਿਆ ਸੀ ਕਿ ਲਾਰੈਂਸ ਦੀ ਦਾੜ੍ਹੀ ਵਧੀ ਹੋਈ ਹੈ ਅਤੇ ਜਿਸ ਦਿੱਖ ਵਿੱਚ ਪਹਿਲੀ ਇੰਟਰਵਿਊ ਹੋਈ, ਉਹ ਪੰਜਾਬ ਦੀ ਜੇਲ੍ਹ 'ਚ ਐਂਟਰੀ ਸਮੇਂ ਦੀ ਨਹੀਂ ਹੈ ਕਿਉਂਕਿ ਲਾਰੈਂਸ ਦੀ ਰਾਜਸਥਾਨ ਪੁਲਿਸ ਵੱਲੋਂ ਰਿਮਾਂਡ ਖ਼ਤਮ ਹੋਣ ਮਗਰੋਂ ਜਦੋਂ ਉਸਨੂੰ ਪੰਜਾਬ ਪੁਲਿਸ ਨੂੰ ਸੌਂਪਿਆ ਗਿਆ ਤਾਂ ਉਹ ਟ੍ਰਿਮ ਦਾੜ੍ਹੀ ਅਤੇ ਛੋਟੇ ਵਾਲਾਂ ਆਲੀ ਦਿੱਖ 'ਚ ਸੀ।
ਪਰ ਅੱਜ ਦੀ ਇੰਟਰਵਿਊ 'ਚ ਲਾਰੈਂਸ ਹੂਬਹੂ ਉਸੀ ਹੁਲੀਏ 'ਚ ਸੀ ਜਿਸ ਵਿੱਚ ਡੀਜੀਪੀ ਪੰਜਾਬ ਵੱਲੋਂ ਮੀਡੀਆ ਦੇ ਸਾਹਮਣੇ ਉਸਦੀਆਂ ਤਸਵੀਰਾਂ ਨੂੰ ਜਨਤਕ ਕੀਤਾ ਗਿਆ। ਸੋ ਹੁਣ ਕਿਤੇ ਨਾ ਕਿਤੇ DGP ਪੰਜਾਬ ਦੀਆਂ ਮੁਸ਼ਕਲਾਂ ਜ਼ਰੂਰ ਵੱਧ ਗਈਆਂ ਹਨ ਕਿਉਂਕਿ ਹੁਣ ਉਹ ਆਪਣੇ ਵੱਲੋਂ ਕੀਤੀ ਗਈ ਪ੍ਰੈਸ ਵਾਰਤਾ ਨੂੰ ਕਿਵੇਂ ਜਾਇਜ਼ ਠਹਿਰਾਉਣਗੇ ਇਹ ਵੇਖਣਾ ਦਿਲਚਸਪ ਹੋਣ ਵਾਲਾ ਹੈ।
ਇੱਕ ਗੱਲ ਤਾਂ ਸਾਫ਼ ਹੈ ਕਿ ਲਾਰੈਂਸ ਬਿਸ਼ਨੋਈ ਨੇ ਆਪਣੀ ਦੂਜੀ ਇੰਟਰਵਿਊ ਨਾਲ ਕਾਨੂੰਨ ਅਤੇ ਵਿਵਸਥਾ ਦਾ ਜ਼ਰੂਰ ਮਜ਼ਾਕ ਬਣਾ ਦਿੱਤਾ ਹੈ ਕਿ ਭਾਰਤ ਦੀਆਂ ਜੇਲ੍ਹਾਂ 'ਚੋਂ ਆਮ ਜਨਤਾ ਦੇ ਰੂਬਰੂ ਹੋਣਾ ਅਪਰਾਧੀਆਂ ਲਈ ਕੋਈ ਔਖੀ ਗੱਲ ਨਹੀਂ ਰਹਿ ਗਈ ਹੈ। ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਆਪਣੀਆਂ ਜੇਲ੍ਹ ਨੀਤੀਆਂ ਅਤੇ ਪ੍ਰਬੰਧਾਂ ਦਾ ਇੱਕ ਵਾਰ ਤਾਂ ਹੁਣ ਜ਼ਰੂਰ ਮੁਆਇਨਾਂ ਕਰ ਲੈਣਾ ਚਾਹੀਦਾ ਹੈ।
ਸਲਮਾਨ ਖਾਨ ਨੂੰ ਮਾਰਨ ਦੀ ਧਮਕੀ
ਉੱਥੇ ਹੀ ਅੰਤ 'ਚ ਲਾਰੈਂਸ ਬਿਸ਼ਨੋਈ ਨੇ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਨੂੰ ਮੁੜ ਤੋਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਅਤੇ ਕਿਹਾ ਕਿ ਉਹ ਉਦੋਂ ਤੱਕ ਸ਼ਾਂਤ ਨਹੀਂ ਬੈਠੇਗਾ ਜਦੋਂ ਤੱਕ ਉਹ ਸਲਮਾਨ ਨੂੰ ਮਾਰ ਨਹੀਂ ਦਿੰਦਾ।