Weather update : ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਤੇਜ਼ ਹਵਾਵਾਂ ਨਾਲ ਹਲਕੀ ਬਾਰਿਸ਼, ਦਿੱਲੀ 'ਚ ਵੀ ਹੋਈ ਬੂੰਦਾਬਾਂਦੀ

By  Ravinder Singh March 1st 2023 09:07 AM -- Updated: March 1st 2023 09:25 AM

ਚੰਡੀਗੜ੍ਹ : ਬੁੱਧਵਾਰ ਤੜਕੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਤੇਜ਼ ਹਵਾਵਾਂ ਤੇ ਹਲਕੀ ਬਾਰਿਸ਼ ਹੋਈ। ਹਲਕੇ ਮੀਂਹ ਕਾਰਨ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ ਗਈ। ਇਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਮੀਂਹ ਤੇ ਤੇਜ਼ ਹਵਾਵਾਂ ਵਿਚਕਾਰ ਲੋਕਾਂ ਨੇ ਠੰਢ ਦਾ ਅਹਿਸਾਸ ਕੀਤਾ। ਪੰਜਾਬ ਵਿਚ ਅੱਜ ਵੀ ਅੰਸ਼ਕ ਬੱਦਲਵਾਈ ਦੀ ਸੰਭਾਵਨਾ ਹੈ। 



ਮੰਗਲਵਾਰ ਨੂੰ ਚੰਡੀਗੜ੍ਹ , ਪੰਚਕੂਲਾ ਤੇ ਮੁਹਾਲੀ (ਟ੍ਰਾਈਸਿਟੀ) ’ਚ ਸਵੇਰੇ ਬੱਦਲ ਛਾਏ ਰਹੇ। ਦੁਪਹਿਰ ਕਰੀਬ ਇਕ ਵਜੇੇ ਕੁਝ ਇਲਾਕਿਆਂ ’ਚ ਬੂੰਦਾਬਾਂਦੀ ਵੀ ਹੋਈ। ਉਸ ਤੋਂ ਬਾਅਦ ਧੁੱਪ ਨਿਕਲ ਆਈ ਤੇ ਫਿਰ ਬੱਦਲਾਂ ਤੇ ਸੂਰਜ ਵਿਚਾਲੇ ਲੁਕਣਮੀਟੀ ਦੀ ਖੇਡ ਚੱਲਦੀ ਰਹੀ। ਉਧਰ ਧੂੜ ਭਰੀ ਹਨੇਰੀ ਚੱਲਣ ਨਾਲ ਦਰੱਖ਼ਤਾਂ ਦੇ ਸੁੱਕੇ ਪੱਤੇ ਸੜਕਾਂ ’ਤੇ ਉਡਦੇ ਰਹੇ ਜਿਸ ਨਾਲ ਵਾਹਨ ਚਾਲਕਾਂ ਖ਼ਾਸ ਕਰ ਦੋ-ਪਹੀਆ ਵਾਹਨ ਚਾਲਕਾਂ ਨੂੰ ਪਰੇਸ਼ਾਨੀ ਹੋਈ।

ਇਸ ਤੋਂ ਇਲਾਵਾ ਦੇਸ਼ ਦੀ ਰਾਜਧਾਨੀ ਦਿੱਲੀ ਤੇ ਐਨਸੀਆਰ ਵਿਚ ਅੱਜ ਸਵੇਰੇ ਤੇਜ਼ ਹਵਾਵਾਂ ਤੇ ਬੂੰਦਾਬਾਂਦੀ ਹੋਈ। ਦਿੱਲੀ-ਨੋਇਡਾ, ਗਾਜ਼ੀਆਬਾਦ ਅਤੇ ਹਾਪੁੜ 'ਚ ਅਚਾਨਕ ਮੌਸਮ ਬਦਲ ਗਿਆ। ਗਾਜ਼ੀਆਬਾਦ ਅਤੇ ਹਾਪੁੜ ਵਿਚ ਵੀ ਸਵੇਰੇ ਹਲਕੀ ਬਾਰਿਸ਼ ਹੋਈ। ਇਸ ਦੌਰਾਨ ਤੇਜ਼ ਹਵਾਵਾਂ ਨੇ ਵੀ ਠੰਢ ਦਾ ਅਹਿਸਾਸ ਕਰਵਾਇਆ। ਮੌਸਮ ਵਿਭਾਗ ਮੁਤਾਬਕ ਉੱਤਰ-ਪੱਛਮੀ ਦਿੱਲੀ, ਦੱਖਣ-ਪੱਛਮੀ ਦਿੱਲੀ ਅਤੇ ਦਿੱਲੀ-ਐਨਸੀਆਰ ਦੇ ਆਸ-ਪਾਸ ਦੇ ਇਲਾਕਿਆਂ 'ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਨੇ ਰਾਸ਼ਟਰੀ ਰਾਜਧਾਨੀ ਖੇਤਰ (NCR) ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਗਰਜ ਨਾਲ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ।

ਅੱਜ ਦਿੱਲੀ ਅਤੇ ਆਸ-ਪਾਸ ਦੇ ਇਲਾਕਿਆਂ 'ਚ ਅੰਸ਼ਕ ਤੌਰ 'ਤੇ ਬੱਦਲ ਛਾਏ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ। ਮੰਗਲਵਾਰ ਨੂੰ ਮੌਸਮ ਦੇ ਬੁਲੇਟਿਨ ਵਿਚ ਕਿਹਾ ਗਿਆ ਹੈ ਕਿ 48 ਘੰਟਿਆਂ ਵਿਚ ਵੱਧ ਤੋਂ ਵੱਧ ਤਾਪਮਾਨ ਵਿੱਚ 2-3 ਡਿਗਰੀ ਦੀ ਗਿਰਾਵਟ ਆਵੇਗੀ ਅਤੇ ਇਸ ਤੋਂ ਬਾਅਦ ਉੱਤਰ ਪੱਛਮੀ ਮੈਦਾਨੀ ਖੇਤਰਾਂ ਵਿਚ ਵਾਧਾ ਹੋਵੇਗਾ।

ਇਹ ਵੀ ਪੜ੍ਹੋ : LPG Cylinder Price Hike: ਹੋਲੀ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ, ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ 'ਚ 50 ਰੁਪਏ ਇਜ਼ਾਫਾ

ਪੂਰਵ ਅਨੁਮਾਨ ਅਨੁਸਾਰ ਰਾਸ਼ਟਰੀ ਰਾਜਧਾਨੀ ਅਤੇ ਆਸਪਾਸ ਦੇ ਖੇਤਰਾਂ ਵਿਚ ਵੱਧ ਤੋਂ ਵੱਧ ਤੇ ਘੱਟੋ-ਘੱਟ ਡਿਗਰੀ 32 ਅਤੇ 14 ਡਿਗਰੀ ਦੇ ਆਸਪਾਸ ਰਹੇਗਾ। ਉੱਤਰ-ਪੱਛਮੀ ਹਿਮਾਲੀਅਨ ਖੇਤਰ ਵਿਚ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ, ਹਵਾ ਦੀ ਰਫ਼ਤਾਰ 30-40 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚਣ ਦੇ ਨਾਲ ਦਿਨ ਭਰ ਅੰਸ਼ਕ ਤੌਰ 'ਤੇ ਬੱਦਲ ਛਾਏ ਰਹੇ। ਬੁੱਧਵਾਰ ਨੂੰ ਵੀ ਲਗਭਗ ਅਜਿਹਾ ਹੀ ਮੌਸਮ ਰਹਿਣ ਦੀ ਉਮੀਦ ਹੈ। ਅਗਲੇ ਹਫ਼ਤੇ ਤੱਕ ਤਾਪਮਾਨ 32-33 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 14-15 ਡਿਗਰੀ ਦੇ ਵਿਚਕਾਰ ਰਹੇਗਾ। ਇਸ ਕਾਰਨ ਮਾਰਚ ਵਿਚ ਹੀ ਅਪ੍ਰੈਲ ਵਰਗੀ ਗਰਮੀ ਮਹਿਸੂਸ ਹੋਵੇਗੀ।

Related Post