ਥਾਣੇ ’ਚੋਂ ਹਥਿਆਰ ਗਾਇਬ ਹੋਣ ਦਾ ਮਾਮਲਾ, ਮੁਨਸ਼ੀ ਸੰਦੀਪ ਸਿੰਘ ਪੁਲਿਸ ਅੜਿੱਕੇ

ਦਿਆਲਪੁਰਾ ਥਾਣੇ ਵਿੱਚ ਅਸਲਾ ਅਤੇ ਕਰੰਸੀ ਗਾਇਬ ਹੋਣ ਦੇ ਮਾਮਲੇ ਵਿੱਚ ਕਥਿਤ ਮੁੱਖ ਮੁਲਜ਼ਮ ਸੰਦੀਪ ਸਿੰਘ ਨੂੰ ਬਠਿੰਡਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।

By  Aarti January 10th 2023 10:02 AM

ਬਠਿੰਡਾ: ਦਿਆਲਪੁਰਾ ਥਾਣੇ ਵਿੱਚ ਅਸਲਾ ਅਤੇ ਕਰੰਸੀ ਗਾਇਬ ਹੋਣ ਦੇ ਮਾਮਲੇ ਵਿੱਚ ਕਥਿਤ ਮੁੱਖ ਮੁਲਜ਼ਮ ਸੰਦੀਪ ਸਿੰਘ ਨੂੰ ਬਠਿੰਡਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਸੂਤਰਾਂ ਮੁਤਾਬਿਕ ਪੁਲਿਸ ਨੇ ਮੁਨਸ਼ੀ ਸੰਦੀਪ ਸਿੰਘ ਦੀ ਗ੍ਰਿਫਤਾਰੀ ਜ਼ਿਲ੍ਹਾ ਬਠਿੰਡਾ ਦੇ ਪਿੰਡ ਭੋਖੜਾ ਤੋਂ ਕੀਤੀ ਹੈ ਤੇ ਇਸਦੀ ਗ੍ਰਿਫਤਾਰੀ ਦੀ ਪੁਸ਼ਟੀ ਜ਼ਿਲ੍ਹਾ ਪੁਲਿਸ ਮੁਖੀ ਨੇ ਕੀਤੀ ਹੈ। 

ਮਿਲੀ ਜਾਣਕਾਰੀ ਮੁਤਾਬਿਕ ਸੋਮਵਾਰ ਨੂੰ ਪੁਲਿਸ ਨੇ ਗ੍ਰਿਫਤਾਰੀ ਤੋਂ ਬਾਅਦ ਸੰਦੀਪ ਸਿੰਘ ਨੂੰ ਅਦਾਲਤ ’ਚ ਪੇਸ਼ ਕੀਤਾ ਸੀ, ਪਰ ਮਾਨਯੋਗ ਅਦਾਲਤ ਨੇ ਸੰਦੀਪ ਸਿੰਘ ਨੂੰ ਪੁਲਿਸ ਰਿਮਾਂਡ ਭੇਜਣ ਦੀ ਥਾਂ ਜੁਡੀਸ਼ੀਅਲ ਰਿਮਾਂਡ ’ਤੇ ਜੇਲ੍ਹ ਭੇਜ ਦਿੱਤਾ ਹੈ। 

ਕਾਬਿਲੇਗੌਰ ਹੈ ਕਿ ਇਕ ਸਾਲ ਪਹਿਲਾਂ ਹੌਲਦਾਰ ਸੰਦੀਪ ਸਿੰਘ ਨੇ ਥਾਣਾ ਦਿਆਲਪੁਰਾ ਵਿਚ ਮੁਨਸ਼ੀ ਵਜੋਂ ਤਾਇਨਾਤੀ ਦੌਰਾਨ ਥਾਣੇ ਦੇ ਮਾਲਖਾਨੇ 12 ਦੇ ਕਰੀਬ ਹਥਿਆਰਾਂ ਨੂੰ ਬਾਹਰ ਕੱਢ ਕੇ ਵੱਖ-ਵੱਖ ਲੋਕਾਂ ਨੂੰ ਵੇਚ ਦਿੱਤਾ ਸੀ। ਜਿਸ ਤੋਂ ਬਾਅਦ ਮੁਲਜ਼ਮ ਮੁਨਸ਼ੀ ਸੰਦੀਪ ਸਿੰਘ ਖਿਲਾਫ ਥਾਣਾ ਦਿਆਲਪੁਰਾ ’ਚ ਕੇਸ ਦਰਜ ਕਰਕੇ ਗ੍ਰਿਫਤਾਰੀ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।

ਇੱਥੇ ਦੱਸਣਯੋਗ ਹੈ ਕਿ ਐੱਸਐੱਸਪੀ ਬਠਿੰਡਾ ਜੇ ਇਲਨਚੇਜੀਅਨ ਨੇ ਮਾਮਲੇ ਦੀ ਜਾਂਚ ਲਈ ਡੀਐੱਸਪੀ ਫੂਲ ਅਸ਼ਵੰਤ ਸਿੰਘ ਦੀ ਅਗਵਾਈ ਵਿਚ ਐਸਆਈਟੀ ਦਾ ਗਠਨ ਕੀਤਾ ਸੀ। ਐੱਸਆਈਟੀ ਨੇ ਮਾਮਲੇ ਦੀ ਜਾਂਚ ਪੂਰੀ ਕਰਨ ਮਗਰੋਂ ਕੁਝ ਦਿਨ ਪਹਿਲਾਂ ਰਿਪੋਰਟ ਐੱਸਐੱਸਪੀ ਨੂੰ ਸੌਂਪ ਦਿੱਤੀ ਸੀ। ਇਸ ਜਾਂਚ ਰਿਪੋਰਟ ਵਿਚ ਇਹ ਗੱਲ ਸਾਹਮਣੇ ਆਈ ਸੀ ਕਿ ਉਕਤ ਮੁਲਜ਼ਮ ਮੁਨਸ਼ੀ ਸੰਦੀਪ ਸਿੰਘ ਨੇ ਦੋ ਵਿਅਕਤੀਆਂ ਨਾਲ ਮਿਲ ਕੇ ਥਾਣਾ ਮਲਖਾਨਾ ਤੋਂ ਹਥਿਆਰ ਗਾਇਬ ਕਰ ਦਿੱਤੇ ਸੀ ਤੇ 7 ਲੱਖ ਰੁਪਏ ਦੀ ਡਰੱਗ ਮਨੀ ਵੀ ਹੜੱਪ ਲਈ ਸੀ। ਇਸ ਜਾਂਚ ਰਿਪੋਰਟ ਦੇ ਆਧਾਰ 'ਤੇ ਐੱਸਐੱਸਪੀ ਨੇ ਮੁਲਜ਼ਮ ਮੁਨਸ਼ੀ ਖ਼ਿਲਾਫ਼ ਧਾਰਾ 409 ਤਹਿਤ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਗਏ ਸੀ। 

-ਰਿਪੋਰਟਰ ਮੁਨੀਸ਼ ਗਰਗ ਦੇ ਸਹਿਯੋਗ ਨਾਲ 

ਇਹ ਵੀ ਪੜ੍ਹੋ: ਕੜਾਕੇ ਦੀ ਠੰਢ ਨੇ ਛੇੜੀ ਕੰਬਣੀ, ਸੰਘਣੀ ਧੁੰਦ ਕਾਰਨ ਪੰਜਾਬ 'ਚ ਜਨਜੀਵਨ ਹੋਇਆ ਪ੍ਰਭਾਵਿਤ

Related Post