ਖੂਨ ਦਾਨ ਨਾਲ ਕਈ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ ਹਨ: ਚੇਤਨ ਸਿੰਘ ਜੌੜਾਮਾਜਰਾ

By  Pardeep Singh December 5th 2022 05:06 PM

ਚੰਡੀਗੜ੍ਹ: ਸਿਹਤ ਤੇ ਪਰਿਵਾਰ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਪੰਜਾਬ ਏਡਜ਼ ਕੰਟਰੋਲ ਇੰਪਲਾਈਜ਼ ਵੈਲਫੇਅਰ ਐਸੋਸੀਏਸ਼ਨ ਵੱਲੋਂ ਲਗਾਏ ਖੂਨਦਾਨ ਕੈਂਪ ਦਾ ਉਦਘਾਟਨ ਕੀਤਾ। ਇਹ ਕੈਂਪ ਪੰਜਾਬ ਸਟੇਟ ਬਲੱਡ ਟ੍ਰਾਂਸਫਿਉਜ਼ ਕਾਉਂਸਲ ਦੇ ਸਹਿਯੋਗ ਨਾਲ ਲਗਾਇਆ ਗਿਆ, ਜਿਸ ਵਿੱਚ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੇ ਪੰਜਾਬ ਭਰ ਦੇ ਮੁਲਾਜਮਾਂ ਨੇ ਹਿੱਸਾ ਲਿਆ।

ਇਸ ਦੌਰਾਨ ਚੇਤਨ ਸਿੰਘ ਜੌੜਾਮਾਜਰਾ ਨੇ ਦੱਸਿਆ ਕਿ ਖੂਨ ਹਮੇਸ਼ਾ ਮੰਜੂਰਸ਼ੁਦਾ ਬਲੱਡ ਸੈਂਟਰਾਂ ਤੋਂ ਹੀ ਲਿਆ ਜਾਵੇ।  ਇਨ੍ਹਾਂ ਸੈਂਟਰਾਂ ਵਿੱਚ ਕਈ ਬਿਮਾਰੀਆਂ ਦੇ ਟੈਸਟ ਕੀਤੇ ਜਾਂਦੇ ਹਨ ਅਤੇ ਰਿਪੋਰਟ ਸਹੀ ਆਉਣ ਉਪਰੰਤ ਹੀ ਕਿਸੇ ਵਿਅਕਤੀ ਨੂੰ ਖੂਨ ਚੜ੍ਹਾਇਆ ਜਾਂਦਾ ਹੈ। ਪੰਜਾਬ ਵਿੱਚ 161 ਮਾਣਤਾ ਪ੍ਰਾਪਤ ਬਲੱਡ ਸੈਂਟਰ ਚਲਾਏ ਜਾ ਰਹੇ ਹਨ, ਜਿਨ੍ਹਾਂ ਵਿੱਚੋਂ 46 ਸਰਕਾਰੀ, 7 ਮਿਲਟਰੀ ਅਤੇ 108 ਪ੍ਰਾਈਵੇਟ ਬਲੱਡ ਸੈਂਟਰ ਹਨ। 

ਚੇਤਨ ਸਿੰਘ ਜੌੜਾਮਾਜਰਾ ਨੇ ਐਸੋਸੀਏਸ਼ਨ ਵੱਲੋਂ ਲਗਾਏ ਖੂਨਦਾਨ ਕੈਂਪ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਵੈ-ਇਛੱਕ ਖੂਨਦਾਨ ਕੈਂਪਾਂ ਰਾਹੀਂ ਕਈ ਲੋਕਾਂ ਦੀ ਜਿੰਦਗੀਆਂ ਨੂੰ ਬਚਾਇਆ ਜਾ ਸਕਦਾ ਹੈ। ਇੱਕ ਦਾਨ ਕੀਤਾ ਹੋਇਆ ਖੂਨ ਚਾਰ ਜ਼ਿੰਦਗੀਆਂ ਬਚਾ ਸਕਦਾ ਹੈ।

ਪੰਜਾਬ ਏਡਜ਼ ਕੰਟਰੋਲ ਇੰਪਲਾਈਜ਼ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਜਸਮੇਲ ਸਿੰਘ ਦਿਓਲ ਨੇ ਕਿਹਾ ਕਿ ਉਨ੍ਹਾਂ ਦੀ ਯੂਨਿਅਨ ਏਡਜ਼ ਗ੍ਰਸਤ ਲੋਕਾਂ ਦੇ ਇਲਾਜ ਵਿੱਚ ਸਹਾਇਤਾ ਕਰਨ ਦੇ ਨਾਲ-ਨਾਲ ਖੂਨ ਦਾਨ ਜਿਹੇ ਸਮਾਜ ਭਲਾਈ ਦੇ ਕੰਮ ਵੀ ਕਰਦੀ ਹੈ। ਇਸ ਮੌਕੇ ਤੇ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੀ ਪ੍ਰੋਜੈਕਟ ਡਾਇਰੈਕਟਰ  ਨੀਲਿਮਾ, ਡਾਇਰੈਕਟਰ ਹੈਲਥ ਸਰਵਿਸਸ ਡਾ. ਰਣਜੀਤ ਸਿੰਘ, ਨੈਸ਼ਨਲ ਹੈਲਥ ਮਿਸ਼ਨ, ਪੰਜਾਬ ਦੇ ਡਾਇਰੈਕਟਰ ਡਾ. ਐਸ.ਪੀ. ਸਿੰਘ, ਸਿਵਲ ਸਰਜਨ ਮੋਹਾਲੀ ਡਾ. ਆਦਰਸ਼ਪਾਲ ਕੌਰ, ਅਡੀਸ਼ਨਲ ਪ੍ਰੋਜੈਕਟ ਡਾਇਰੈਕਟਰ ਡਾ. ਬੌਬੀ ਗੁਲਾਟੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। 

Related Post