PTC News
Search

MP ਹਰਸਿਮਰਤ ਕੌਰ ਬਾਦਲ ਨੇ Panjab University ਦੇ ਇਤਿਹਾਸ ਸਿਲੇਬਸ ਦਾ ਚੁੱਕਿਆ ਮੁੱਦਾ, ਕੇਂਦਰੀ ਸਿੱਖਿਆ ਮੰਤਰੀ ਨੂੰ ਲਿਖਿਆ ਪੱਤਰ

MP Harsimrat Kaur Badal ਨੇ ਪੰਜਾਬ ਯੂਨੀਵਰਸਿਟੀ ਦੇ ਪੋਸਟਗ੍ਰੈਜੂਏਟ ਇਤਿਹਾਸ ਦੇ ਸਿਲੇਬਸ ਵਿੱਚ ਪੰਜਾਬ ਅਤੇ ਸਿੱਖ ਭਾਈਚਾਰੇ ਦੇ ਅਮੀਰ ਇਤਿਹਾਸ ਨੂੰ ਸਹੀ, ਵਿਸਥਾਰਪੂਰਵਕ ਅਤੇ ਲਾਜ਼ਮੀ ਤੌਰ ’ਤੇ ਸ਼ਾਮਲ ਕਰਨ ਦੀ ਮੰਗ ਕੀਤੀ ਹੈ।

By  KRISHAN KUMAR SHARMA September 14th 2026 09:21 AM -- Updated: September 14th 2026 09:32 AM

Panjab University Chandigarh : ਸ਼੍ਰੋਮਣੀ ਅਕਾਲੀ ਦਲ ਦੀ ਆਗੂ ਅਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ (MP Harsimrat Kaur Badal) ਨੇ ਪੰਜਾਬ ਯੂਨੀਵਰਸਿਟੀ ਦੇ ਪੋਸਟਗ੍ਰੈਜੂਏਟ ਇਤਿਹਾਸ ਦੇ ਸਿਲੇਬਸ ਵਿੱਚ ਪੰਜਾਬ ਅਤੇ ਸਿੱਖ ਭਾਈਚਾਰੇ ਦੇ ਅਮੀਰ ਇਤਿਹਾਸ ਨੂੰ ਸਹੀ, ਵਿਸਥਾਰਪੂਰਵਕ ਅਤੇ ਲਾਜ਼ਮੀ ਤੌਰ ’ਤੇ ਸ਼ਾਮਲ ਕਰਨ ਦੀ ਮੰਗ ਕੀਤੀ ਹੈ।

ਕੇਂਦਰੀ ਸਿੱਖਿਆ ਮੰਤਰੀ ਨੂੰ ਮਾਮਲੇ 'ਚ ਦਖਲ ਦੀ ਕੀਤੀ ਮੰਗ

ਹਰਸਿਮਰਤ ਕੌਰ ਬਾਦਲ ਨੇ ਦੱਸਿਆ ਕਿ ਉਨ੍ਹਾਂ ਨੇ ਹਾਲ ਹੀ ਵਿੱਚ ਕੇਂਦਰੀ ਸਿੱਖਿਆ ਮੰਤਰੀ ਪ੍ਰਹਿਲਾਦ ਜੋਸ਼ੀ ਨੂੰ ਪੱਤਰ ਲਿਖ ਕੇ ਇਸ ਮਾਮਲੇ ਵਿੱਚ ਦਖ਼ਲ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਦੇ ਇਤਿਹਾਸ ਦੇ ਪੋਸਟਗ੍ਰੈਜੂਏਟ ਪਾਠਕ੍ਰਮ ਵਿੱਚ ਪੰਜਾਬ ਦੇ ਇਤਿਹਾਸ ਨੂੰ ਬਣਦਾ ਸਥਾਨ ਮਿਲਣਾ ਬੇਹੱਦ ਜ਼ਰੂਰੀ ਹੈ।

ਉਨ੍ਹਾਂ ਕਿਹਾ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਯੂਨੀਵਰਸਿਟੀ ਦੇ ਇਸ ਫੈਸਲੇ ਦਾ ਸਖ਼ਤ ਵਿਰੋਧ ਕੀਤਾ ਤਾਂ ਯੂਨੀਵਰਸਿਟੀ ਵੱਲੋਂ ਮੌਖਿਕ ਤੌਰ ’ਤੇ ਭਰੋਸਾ ਦਿੱਤਾ ਗਿਆ ਸੀ ਕਿ ਪਹਿਲਾਂ ਵਾਲਾ ਫੈਸਲਾ ਵਾਪਸ ਲਿਆ ਜਾਵੇਗਾ। ਹਾਲਾਂਕਿ, ਉਨ੍ਹਾਂ ਮੁਤਾਬਕ ਇਸ ਮਾਮਲੇ ਕਾਰਨ ਪੈਦਾ ਹੋਏ ਗੰਭੀਰ ਭਰੋਸੇ ਦੇ ਸੰਕਟ ਨੂੰ ਦੇਖਦੇ ਹੋਏ ਹੁਣ ਰਸਮੀ ਲਿਖਤੀ ਹੁਕਮ ਜਾਰੀ ਕਰਨਾ ਜ਼ਰੂਰੀ ਹੈ।

ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਸਿੱਖਿਆ ਮੰਤਰੀ ਤੋਂ ਪੰਜਾਬ ਯੂਨੀਵਰਸਿਟੀ ਦੇ ਅਧਿਕਾਰੀਆਂ ਨੂੰ ਹੇਠ ਲਿਖੇ ਨਿਰਦੇਸ਼ ਦੇਣ ਦੀ ਮੰਗ ਕੀਤੀ ਹੈ:

  • ਲਿਖਤੀ ਹੁਕਮ ਜਾਰੀ ਕੀਤੇ ਜਾਣ ਕਿ ਅਸਲ ਇਤਿਹਾਸ ਦਾ ਸਿਲੇਬਸ ਪਹਿਲਾਂ ਦੀ ਤਰ੍ਹਾਂ ਬਰਕਰਾਰ ਰਹੇ।
  • ਪੰਜਾਬ ਦੇ ਪੰਜ ਸਦੀਆਂ ਦੇ ਖੇਤਰੀ ਇਤਿਹਾਸ ਦੇ ਅਧਿਐਨ ਨੂੰ ਪਾਠਕ੍ਰਮ ਦਾ ਅਟੁੱਟ ਹਿੱਸਾ ਬਣਾਇਆ ਜਾਵੇ।
  • ਪੰਜਾਬ ਅਤੇ ਸਿੱਖ ਇਤਿਹਾਸ ਦੀ ਪੰਜਾਬੀਆਂ ਲਈ ਡੂੰਘੀ ਸੱਭਿਆਚਾਰਕ ਅਤੇ ਇਤਿਹਾਸਕ ਮਹੱਤਤਾ ਨੂੰ ਮਾਨਤਾ ਦਿੱਤੀ ਜਾਵੇ।
  • ਇਸ ਫੈਸਲੇ ਤੱਕ ਪਹੁੰਚਣ ਵਾਲੀਆਂ ਸਥਿਤੀਆਂ ਦੀ ਜਾਂਚ ਲਈ ਪੜਤਾਲ ਕਰਵਾਈ ਜਾਵੇ।
  • ਭਵਿੱਖ ਵਿੱਚ ਇਤਿਹਾਸ ਦੇ ਸਿਲੇਬਸ ਨਾਲ ਇਸ ਤਰ੍ਹਾਂ ਦੀ ਛੇੜਛਾੜ ਨਾ ਕਰਨ ਸਬੰਧੀ ਲਿਖਤੀ ਭਰੋਸਾ ਦਿੱਤਾ ਜਾਵੇ।

ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬ ਨਾਲ ਸਬੰਧਤ ਕਿਸੇ ਵੀ ਫੈਸਲੇ ਵਿੱਚ ਪੰਜਾਬ ਦੇ ਹਿੱਤਾਂ, ਇਤਿਹਾਸ ਅਤੇ ਵਿਰਾਸਤ ਨੂੰ ਸਭ ਤੋਂ ਵੱਧ ਤਰਜੀਹ ਮਿਲਣੀ ਚਾਹੀਦੀ ਹੈ।

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਦਾ ਇਤਿਹਾਸ ਨਾ ਤਾਂ ਕਮਜ਼ੋਰ ਕੀਤਾ ਜਾ ਸਕਦਾ ਹੈ, ਨਾ ਹੀ ਇਸ ਵਿੱਚੋਂ ਮਹੱਤਵਪੂਰਨ ਹਿੱਸੇ ਹਟਾਏ ਜਾ ਸਕਦੇ ਹਨ ਅਤੇ ਨਾ ਹੀ ਇਸ ਨੂੰ ਸਿਰਫ਼ ਇੱਕ ਵਿਕਲਪਿਕ ਵਿਸ਼ੇ ਜਾਂ ਫੁੱਟਨੋਟ ਵਜੋਂ ਪੇਸ਼ ਕੀਤਾ ਜਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ...

SAD Manifesto Committee : ਅਕਾਲੀ ਦਲ ਵੱਲੋਂ 9 ਮੈਂਬਰੀ ਮੈਨੀਫੈਸਟੋ ਕਮੇਟੀ ਦਾ ਐਲਾਨ, ਬਲਵਿੰਦਰ ਸਿੰਘ ਭੂੰਦੜ ਲਾਏ ਚੇਅਰਮੈਨ

Related Post