ਅਕਾਲੀ ਦਲ ਦੀ ਸਰਕਾਰ ਬਣਨ 'ਤੇ ਨਸ਼ਾ ਤਸਕਰਾਂ ਦੀ ਜਾਇਦਾਦ ਹੋਵੇਗੀ ਜ਼ਬਤ ਅਤੇ ਪੀੜਤਾਂ ਦਾ ਕੀਤਾ ਜਾਵੇਗਾ ਮੁੜ ਵਸੇਬਾ : MP ਹਰਸਿਮਰਤ ਕੌਰ ਬਾਦਲ
Akali Dal Talwandi Sabo Rally : ਸ਼੍ਰੋਮਣੀ ਅਕਾਲੀ ਦਲ (SAD) ਦੇ ਸੀਨੀਅਰ ਆਗੂ ਹਰਸਿਮਰਤ ਕੌਰ ਬਾਦਲ (MP Harsimrat Kaut Badal) ਨੇ ਅੱਜ ਕਿਹਾ ਕਿ ਪੁਲਿਸ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ’ਤੇ ਨਸ਼ੇ ਦੀ ਓਵਰਡੋਜ਼ ਨਾਲ ਮਰੇ ਨੌਜਵਾਨ ਦੀ ਲਾਸ਼ ਨੂੰ ਅਗਵਾ ਕੀਤਾ, ਜਦੋਂ ਕਿ ਮੁੱਖ ਮੰਤਰੀ ਖੁਦ ਪੀੜਤ ਪਰਿਵਾਰਾਂ ਦੀ ਥਾਂ ਨਸ਼ਾ ਤਸਕਰਾਂ ਨਾਲ ਰਲਿਆ ਹੋਇਆ ਹੈ।
ਬਠਿੰਡਾ ਦੇ ਐਮਪੀ, ਜਿਹਨਾਂ ਨੇ ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਦੀ ਪਹਿਲਕਦਮੀ ’ਤੇ ਤਲਵੰਡੀ ਸਾਬੋ ਵਿਖੇ ਵਿਸ਼ਾਲ ਮਾਵਾਂ ਧੀਆਂ ਲਲਕਾਰ ਇਨਸਾਫ ਰੈਲੀ ਨੂੰ ਸੰਬੋਧਨ ਕੀਤਾ, ਨੇ ਕਿਹਾ ਕਿ ਮਾਨਸਾ ਦਾ ਐਸ ਐਸ ਪੀ ਜਿਸਨੇ ਪਰਵਿੰਦਰ ਸਿੰਘ ਝੋਟਾ ਕਤਲ ਕੇਸ ਵਿਚ ਮੁਲਜ਼ਮਾਂ ਦੇ ਖਿਲਾਫ ਕਾਰਵਾਈ ਕਰਨ ਤੋਂ ਇਨਕਾਰ ਕੀਤਾ, ਹੁਣ ਭੱਮੇ ਕਲਾਂ ਦੇ ਦਲਜੀਤ ਸਿੰਘ ਦੀ ਮ੍ਰਿਤਕ ਦੇਹ ਚੁੱਕ ਕੇ ਲੈ ਗਏ। ਉਹਨਾਂ ਕਿਹਾ ਕਿ ਇਹ ਸਭ ਕੁਝ ਸ਼ਰ੍ਹੇਆਮ ਲੋਕਾਂ ਦੇ ਸਾਹਮਣੇ ਹੋਇਆ ਜਦੋਂ ਪੀੜਤ ਪਰਿਵਾਰ ਮ੍ਰਿਤਕ ਦੇਹ ਨੂੰ ਮਾਨਸਾ ਲੈ ਕੇ ਜਾ ਰਿਹਾ ਸੀ ਜਿਥੇ ਪਰਵਿੰਦਰ ਸਿੰਘ ਝੋਟਾ ਦਾ ਪਰਿਵਾਰ ਧਰਨੇ ’ਤੇ ਬੈਠਾ ਹੈ। ਉਹਨਾਂ ਕਿਹਾ ਕਿ ਇਸਦੇ ਬਾਵਜੂਦ ਜਦੋਂ ਉਹ ਬੀਤੀ ਰਾਤ ਪੀੜਤ ਪਰਿਵਾਰ ਨੂੰ ਮਿਲਣ ਗਏ ਤਾਂ ਐਸਐਸਪੀ ਨੇ ਉਹਨਾਂ ਨੂੰ ਝੂਠ ਬੋਲਿਆ ਅਤੇ ਸਾਰੇ ਮਾਮਲੇ ’ਤੇ ਪਰਦਾ ਪਾਉਣ ਦਾ ਯਤਨ ਕੀਤਾ।
'ਆਪ' ਵਿਧਾਇਕ ਦੇਵ ਮਾਨ ਦਾ ਕਰੀਬੀ ਸਰਪੰਚ ਮੁਅੱਤਲ, ਨਾਜਾਇਜ਼ ਮਾਈਨਿੰਗ ਸਮੇਤ ਕਈ ਗੰਭੀਰ ਇਲਜ਼ਾਮ
ਹਰਸਿਮਰਤ ਕੌਰ ਬਾਦਲ ਨੇ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਖਿਲਾਫ ਜੰਗ ਨੂੰ ਆਪਣੇ ਹੱਥਾਂ ਵਿਚ ਲੈਣ ਅਤੇ ਕਿਹਾ ਕਿ ਉਹਨਾਂ ਦੇ ਮਨ ਨੂੰ ਸੰਤੁਸ਼ਟੀ ਹੈ ਕਿ ਔਰਤਾਂ ਨਾ ਸਿਰਫ ਅਕਾਲੀ ਦਲ ਵੱਲੋਂ ਬਣਾਈ ਮਾਈ ਭਾਗੋ ਦੀ ਫੌਜ ਵਿਚ ਸ਼ਾਮਲ ਹੋ ਰਹੀਆਂ ਹਨ, ਬਲਕਿ ਨਸ਼ਾ ਤਸਕਰਾਂ ਨਾਲ ਲੋਹਾ ਵੀ ਲੈ ਰਹੀਆਂ ਹਨ।
ਉਹਨਾਂ ਨੇ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਆਪੋ ਆਪਣੇ ਪਿੰਡਾਂ ਤੇ ਮੁਹੱਲਿਆਂ ਵਿਚ ਨਸ਼ਾ ਤਸਕਰਾਂ ਦੇ ਨਾਮ ਦਰਜ ਕਰਨ ਬਲਕਿ ਆਮ ਆਦਮੀ ਪਾਰਟੀ (ਆਪ) ਦੇ ਉਹਨਾਂ ਦੀ ਪੁਸ਼ਤ ਪਨਾਹੀ ਕਰਨ ਵਾਲੇ ਆਗੂਆਂ ਤੇ ਪੁਲਿਸ ਮੁਲਾਜ਼ਮਾਂ ਦੇ ਨਾਮ ਵੀ ਦਰਜ ਕਰਨ। ਉਹਨਾਂ ਕਿਹਾ ਕਿ 2027 ਵਿਚ ਅਕਾਲੀ ਦੀ ਸਰਕਾਰ ਬਣਨ ’ਤੇ ਅਸੀਂ ਇਕ ਮਹਿਲਾ ਡੀ ਜੀ ਪੀ ਅਗਵਾਈ ਹੇਠ ਵਿਸ਼ੇਸ਼ ਟਾਸਕ ਫੋਰਸ ਗਠਿਤ ਕਰਾਂਗੇ ਜੋ ਇਹਨਾਂ ਸਾਰੇ ਵਿਅਕਤੀਆਂ ਦੇ ਖਿਲਾਫ ਜਾਂਚ ਕਰੇਗੀ ਅਤੇ ਸਖ਼ਤ ਸਜ਼ਾਵਾਂ ਦੇਵੇਗੀ। ਉਹਨਾਂ ਨੇ ਮਾਈ ਭਾਗ ਦੀ ਫੌਜ ਦੇ ਹਲਕਾ ਪੱਧਰੀ ਕੋਆਰਡੀਨੇਟਰ ਨਿਯੁਕਤ ਕਰਨ ਦਾ ਵੀ ਐਲਾਨ ਕੀਤਾ।
ਸਾਂਸਦ ਨੇ ਔਰਤਾਂ ਨੂੰ ਇਹ ਵੀ ਭਰੋਸਾ ਦੁਆਇਆ ਕਿ ਨਸ਼ਾ ਤਸਕਰ ਤੇ ਉਹਨਾਂ ਦੇ ਆਕਾ ਅਕਾਲੀ ਦਲ ਦੀ ਸਰਕਾਰ ਵਿਚ ਨਹੀਂ ਬਚਣਗੇ ਤੇ ਅਕਾਲੀ ਦਲ ਦੀ ਸਰਕਾਰ ਕਾਨੂੰਨ ਲਿਆ ਕੇ ਉਹਨਾਂ ਨੂੰ 10 ਸਾਲ ਤੱਕ ਜ਼ਮਾਨਤ ਨਾ ਮਿਲਣਾ ਤੇ ਉਹਨਾਂ ਦੀ ਜਾਇਦਾਦ ਜ਼ਬਤ ਕਰਨੀ ਯਕੀਨੀ ਬਣਾਵੇਗੀ।

ਸਰਦਾਰਨੀ ਬਾਦਲ ਨੇ ਇਸ ਮੌਕੇ ਨਸ਼ਿਆਂ ਕਾਰਨ ਪੁੱਤ ਗੁਆਉਣ ਵਾਲੀ ਮਹਿਲਾ ਪੁਸ਼ਪਾ ਨਾਲ ਵੀ ਗੱਲਬਾਤ ਕੀਤੀ ਤੇ ਕਿਹਾ ਕਿ ਜਿਥੇ ਵੀ ਮੈਂ ਜਾਂਦੀ ਹੈ, ਔਰਤਾਂ ਆ ਕੇ ਉਹਨਾਂ ਨੂੰ ਨਸ਼ਿਆਂ ਦੀ ਬੁਰਾਈ ਬਾਰੇ ਦੱਸਦੀਆਂ ਹਨ ਕਿ ਕਿਵੇਂ ਉਹਨਾਂ ਦੀ ਜ਼ਿੰਦਗੀ ਨਸ਼ਿਆਂ ਨੇ ਬਰਬਾਦ ਕੀਤੀ। ਉਹਨਾਂ ਕਿਹਾ ਕਿ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੀਆਂ ਅਪੀਲਾਂ ਸੁਣਨ ਵਾਸਤੇ ਤਿਆਰ ਨਹੀਂ ਤੇ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕਰਨ ਤੋਂ ਵੀ ਇਨਕਾਰੀ ਹਨ। ਉਹਨਾਂ ਨੇ ਮੁੱਖ ਮੰਤਰੀ ਵੱਲੋਂ ਪਰਵਿੰਦਰ ਝੋਟਾ ਦੇ ਪਰਿਵਾਰ ਨਾਲ ਮਿਲਣ ਤੋਂ ਇਨਕਾਰ ਕਰਨ ਦੀ ਵੀ ਨਿਖੇਧੀ ਕੀਤੀ ਤੇ ਦੱਸਿਆ ਕਿ 15 ਦਿਨਾਂ ਤੋਂ ਝੋਟਾ ਦਾ ਅੰਤਿਮ ਸਸਕਾਰ ਨਹੀਂ ਹੋ ਸਕਿਆ।
ਉਹਨਾਂ ਇਹ ਵੀ ਕਿਹਾ ਕਿ ਮੁੱਖ ਮੰਤਰੀ ਨੇ ਇਹ ਵੀ ਦੱਸ ਦਿੱਤਾ ਹੈ ਕਿ ਉਹਨਾਂ ਦੀ ਹਮਦਰਦੀ ਕਿਥੇ ਹੈ ਕਿਉਂਕਿ ਉਹਨਾਂ ਨੇ ਨਸ਼ਾ ਤਸਕਰੀ ਖਿਲਾਫ ਕਾਲੇ ਝੰਡੇ ਵਿਖਾਉਣ ’ਤੇ ਮੋਹਣਜੀਤ ਸਿੰਘ ਨਾਲ ਕਿਵੇਂ ਤਸ਼ੱਦਦ ਕੀਤਾ ਤੇ ਉਸ ਨੂੰ ਕਰੰਟ ਲਗਾਇਆ ਗਿਆ। ਉਹਨਾਂ ਕਿਹਾ ਕਿ ਇਹੀ ਕੁਝ ਤੂਰ ਵਣਜਾਰਾ ਦੇ ਗੁਲਜ਼ਾਰ ਸਿੰਘ ਨਾਲ ਹੋਇਆ ਜਿਸਨੇ ਵਿੱਤ ਮੰਤਰੀ ਹਰਪਾਲ ਚੀਮਾ ਨੂੰ ਇਹ ਸਵਾਲ ਕੀਤਾ ਸੀ ਕਿ ਚਿੱਟੇ ਦੇ ਕਾਰੋਬਾਰ ਦੇ ਮਾਮਲੇ ਵਿਚ ਕਾਰਵਾਈ ਕਿਉਂ ਨਹੀਂ ਹੋ ਰਹੀ। ਉਹਨਾਂ ਕਿਹਾ ਕਿ ਇਹ ਸਾਰੇ ਕੇਸ ਸਪਸ਼ਟ ਸੁਨੇਹਾ ਦੇ ਰਹੇ ਹਨ ਕਿ ਜੇਕਰ ਉਹਨਾਂ ਨੇ ਸ਼ਾਸਕਾਂ ਖਿਲਾਫ ਆਵਾਜ਼ ਬੁਲੰਦ ਕੀਤੀ ਤਾਂ ਉਹ ਮੌਤ ਦੇ ਮੂੰਹ ਵਿਚ ਜਾਣਗੇ ਅਤੇ ਇਸੇ ਕਾਰਨ ਨਸ਼ਾ ਤਸਕਰੀ ਵਿਚ ਦਿਨੋਂ ਦਿਨ ਵਾਧਾ ਹੋ ਰਿਹਾ ਹੈ।
ਇਸ ਮੌਕੇ ਅਕਾਲੀ ਦਲ ਦੇ ਤਲਵੰਡੀ ਸਾਬੋ ਦੇ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਤੇ ਉਹਨਾਂ ਦੀ ਪਤਨੀ ਰਿਤਿਕਾ ਸਿੱਧੂ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ...ਫੁੱਲਗੋਭੀ 'ਚੋਂ ਕੀੜੇ ਕਿਵੇਂ ਕੱਢੀਏ ? ਜਾਣੋ ਸਾਫ਼ ਕਰਨ ਦਾ ਅਸਰਦਾਰ ਤੇ ਸੌਖਾ ਢੰਗ
ਕਿਸਾਨ ਕ੍ਰੈਡਿਟ ਕਾਰਡ ਦੇ ਨਿਯਮਾਂ 'ਚ ਵੱਡਾ ਬਦਲਾਅ; ਜਾਣੋ ਕਿਸਾਨਾਂ 'ਤੇ ਕਿੰਨਾ ਬੋਝ ਪਵੇਗਾ ?
- PTC NEWS