Navjot Kaur Sidhu : ਕਾਂਗਰਸ ਚੋਂ ਕੱਢਣ ਮਗਰੋਂ ਨਵਜੋਤ ਕੌਰ ਸਿੱਧੂ ਦਾ ਵੱਡਾ ਬਿਆਨ , ਰਾਹੁਲ ਗਾਂਧੀ ’ਤੇ ਸਾਧੇ ਤਿੱਖੇ ਨਿਸ਼ਾਨੇ
Navjot Kaur Sidhu News : ਕਾਂਗਰਸ 'ਚੋਂ ਕੱਢਣ ਮਗਰੋਂ ਸਾਬਕਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ( Navjot Kaur Sidhu) ਨੇ ਕਾਂਗਰਸ (Congress) ਦੀ ਸੀਨੀਅਰ ਲੀਡਰਸ਼ਿਪ 'ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਡਾ. ਨਵਜੋਤ ਕੌਰ ਸਿੱਧੂ ਨੇ ਰਾਹੁਲ ਗਾਂਧੀ (Rahul Gandhi) ਨੂੰ ਪੱਪੂ ਦੱਸਦਿਆਂ ਕਿਹਾ ਹੈ ਕਿ "ਪੱਪੂ" ਨੇ ਆਖਰਕਾਰ ਆਪਣੇ ਨਾਮ 'ਤੇ ਮੋਹਰ ਲਗਾ ਦਿੱਤੀ ਹੈ
Navjot Kaur Sidhu News : ਕਾਂਗਰਸ 'ਚੋਂ ਕੱਢਣ ਮਗਰੋਂ ਸਾਬਕਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ( Navjot Kaur Sidhu) ਨੇ ਕਾਂਗਰਸ (Congress) ਦੀ ਸੀਨੀਅਰ ਲੀਡਰਸ਼ਿਪ 'ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਡਾ. ਨਵਜੋਤ ਕੌਰ ਸਿੱਧੂ ਨੇ ਰਾਹੁਲ ਗਾਂਧੀ (Rahul Gandhi) ਨੂੰ ਪੱਪੂ ਦੱਸਦਿਆਂ ਕਿਹਾ ਹੈ ਕਿ "ਪੱਪੂ" ਨੇ ਆਖਰਕਾਰ ਆਪਣੇ ਨਾਮ 'ਤੇ ਮੋਹਰ ਲਗਾ ਦਿੱਤੀ ਹੈ। ਨਵਜੋਤ ਕੌਰ ਸਿੱਧੂ ਨੇ ਰਾਹੁਲ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਹ ਆਪਣੇ ਆਪ ਨੂੰ ਇਕੱਲਾ ਇਮਾਨਦਾਰ ਅਤੇ ਗਿਆਨਵਾਨ ਸਮਝਦਾ ਹੈ, ਜਦੋਂ ਕਿ ਉਹ ਜ਼ਮੀਨੀ ਹਕੀਕਤਾਂ ਤੋਂ ਪੂਰੀ ਤਰ੍ਹਾਂ ਅਣਜਾਣ ਹੈ।
ਸਿੱਧੂ ਨੇ ਆਰੋਪ ਲਾਇਆ ਕਿ ਇਸ ਆਗੂ ਦੇ ਨਜ਼ਦੀਕੀ ਲੋਕ ਉਸ ਨੂੰ ਹਕੀਕਤ ਤੋਂ ਦੂਰ ਰੱਖਦੇ ਹਨ ਅਤੇ ਕਿਸੇ ਵੀ ਫੈਸਲੇ ਤੋਂ ਪਹਿਲਾਂ ਹੀ ਟਿਕਟਾਂ ਵੇਚ ਕੇ ਐਸ਼ੋ-ਆਰਾਮ ਦੀ ਜ਼ਿੰਦਗੀ ਜਿਊ ਰਹੇ ਹਨ। ਉਨ੍ਹਾਂ ਨੇ ਰਾਹੁਲ ਦੀ ਕਾਰਜਪ੍ਰਣਾਲੀ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਉਸਨੂੰ ਕਿਸੇ ਵੀ ਐਮਰਜੈਂਸੀ ਕਾਲ 'ਤੇ ਕੋਈ ਅਹਿਮ ਫੈਸਲਾ ਲੈਣ 'ਚ 6 ਮਹੀਨੇ ਲੱਗ ਜਾਂਦੇ ਹਨ ,ਜਿਸ ਕਾਰਨ ਨੁਕਸਾਨ ਹੋਣਾ ਲਾਜ਼ਮੀ ਹੋ ਜਾਂਦਾ ਹੈ। ਸਿੱਧੂ ਨੇ ਆਪਣੇ ਟਵੀਟ ਵਿੱਚ ਸਵਾਲ ਕਰਦਿਆਂ ਪੁੱਛਿਆ ਕਿ ਕੀ ਇਸ ਆਗੂ ਦੇ ਸਮਰਥਕ ਪੰਜਾਬ ਲਈ ਇਮਾਨਦਾਰੀ ਨਾਲ ਕੰਮ ਕਰਨ ਲਈ ਤਿਆਰ ਹਨ? ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਜ਼ਿਆਦਾਤਰ ਆਗੂ ਨਿਸ਼ਕਾਮ ਸੇਵਾ ਦੀ ਬਜਾਏ ਆਪਣੀਆਂ ਜੇਬਾਂ ਭਰਨ ਵਿਚ ਲੱਗੇ ਹੋਏ ਹਨ ,ਕਿਉਂਕਿ ਉਹ ਜਾਣਦੇ ਹਨ ਕਿ ਉਹ ਵਾਪਸ ਨਹੀਂ ਆਉਣਗੇ।
ਨਵਜੋਤ ਕੌਰ ਸਿੱਧੂ ਨੇ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਜੇਕਰ ਹਿੰਮਤ ਹੈ ਤਾਂ ਆਪਣੇ ਸਾਥੀਆਂ ਨੂੰ ਮੌਜੂਦਾ ਸਰਕਾਰ ਵਿਰੁੱਧ ਬੋਲਣ ਅਤੇ ਆਪਣੀਆਂ ਫਾਈਲਾਂ ਦੇ ਖੁਲਾਸੇ ਦਾ ਸਾਹਮਣਾ ਕਰਨ ਲਈ ਕਹਿਣ। ਅੰਤ ਵਿਚ ਸਿੱਧੂ ਨੇ ਰਾਹੁਲ ਨੂੰ ਇੱਕ "ਚੰਗੇ ਦੋਸਤ" ਵਜੋਂ ਸਲਾਹ ਦਿੱਤੀ ਕਿ ਉਸ ਨੂੰ ਵਧੇਰੇ ਸਿਆਣਾ, ਗੰਭੀਰ, ਗ੍ਰਹਿਣਸ਼ੀਲ ਅਤੇ ਵਿਹਾਰਕ ਹੋਣਾ ਚਾਹੀਦਾ ਹੈ।
ਕਾਂਗਰਸ ਨੇ ਡਾ. ਨਵਜੋਤ ਕੌਰ ਸਿੱਧੂ ਨੂੰ ਪਾਰਟੀ 'ਚੋਂ ਕੱਢਿਆ
ਪੰਜਾਬ 'ਚ ਸਾਬਕਾ ਕ੍ਰਿਕਟਰ ਅਤੇ ਸਾਬਕਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੂੰ ਪਾਰਟੀ 'ਚੋਂ ਕੱਢ ਦਿੱਤਾ ਗਿਆ ਹੈ। ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਇੰਚਾਰਜ ਭੁਪੇਸ਼ ਬਘੇਲ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਹਾਲਾਂਕਿ, ਨਵਜੋਤ ਕੌਰ ਸਿੱਧੂ ਨੇ ਹਾਲ ਹੀ ਵਿੱਚ ਪਾਰਟੀ ਛੱਡਣ ਦਾ ਐਲਾਨ ਕੀਤਾ ਸੀ। ਭੁਪੇਸ਼ ਬਘੇਲ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਨਵਜੋਤ ਕੌਰ ਸਿੱਧੂ ਨੂੰ ਪਹਿਲਾਂ ਪਾਰਟੀ ਤੋਂ ਮੁਅੱਤਲ ਕੀਤਾ ਗਿਆ ਸੀ, ਪਰ ਹੁਣ ਪਾਰਟੀ 'ਚੋਂ ਕੱਢ ਦਿੱਤਾ ਗਿਆ ਹੈ।
ਨਵਜੋਤ ਕੌਰ ਸਿੱਧੂ ਨੇ ਬੀਤੇ ਦਿਨੀਂ ਕਾਂਗਰਸ ਨੂੰ ਕਿਹਾ ਸੀ ਅਲਵਿਦਾ
ਨਵਜੋਤ ਕੌਰ ਸਿੱਧੂ ਨੇ ਟਵੀਟ ਕਰਦਿਆਂ ਕਿਹਾ ਸੀ ਕਿ ਰਾਜਾ ਵੜਿੰਗ ਹੁਣ ਤੱਕ ਦਾ ਸਭ ਤੋਂ ਨਾਕਾਬਿਲ ਤੇ ਭ੍ਰਿਸ਼ਟ ਪ੍ਰਧਾਨ ਹੈ। ਕਾਂਗਰਸ ਨੂੰ ਖ਼ਤਮ ਕਰਨ ਲਈ ਮੁੱਖ ਮੰਤਰੀ ਨਾਲ ਮਿਲ ਕੇ ਖ਼ੁਦ ਨੂੰ ਜੇਲ੍ਹ ਜਾਣ ਤੋਂ ਬਚਾਇਆ। ਛੋਟੇ-ਮੋਟੇ ਫਾਇਦੇ ਲਈ ਪਾਰਟੀ ਨੂੰ ਵੇਚ ਦਿੱਤਾ। ਉਨ੍ਹਾਂ ਕਿਹਾ ਕਿ ਮੇਰੇ ਕੋਲ ਤੈਨੂੰ ਖ਼ਤਮ ਕਰਨ ਲਈ ਕਾਫ਼ੀ ਸਬੂਤ ਹਨ। ਰਾਜਾ ਵੜਿੰਗ ਜਿੱਤਣ ਦੀ ਬਜਾਏ ਪਾਰਟੀ ਨੂੰ ਖ਼ਤਮ ਕਰਨ ਵਿੱਚ ਜ਼ਿਆਦਾ ਵਿਅਸਤ ਹੈ। ਆਪਣੀ ਪਾਰਟੀ ਪ੍ਰਤੀ ਇਮਾਨਦਾਰ ਨਾ ਹੋਣ 'ਤੇ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ।''
ਕੀ ਸੀ ਪੂਰਾ ਮਾਮਲਾ
ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਡਾ. ਨਵਜੋਤ ਕੌਰ ਸਿੱਧੂ ਨੇ ਚੰਡੀਗੜ੍ਹ ਵਿੱਚ ਰਾਜਪਾਲ ਨਾਲ ਮੁਲਾਕਾਤ ਕੀਤੀ ਸੀ। ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਬਣਾਉਣ ਦੇ ਸਵਾਲ 'ਤੇ ਉਨ੍ਹਾਂ ਕਿਹਾ, "ਸਾਡੇ ਕੋਲ ਮੁੱਖ ਮੰਤਰੀ ਬਣਨ ਲਈ 500 ਕਰੋੜ ਰੁਪਏ ਨਾਲ ਭਰਿਆ ਬ੍ਰੀਫਕੇਸ ਨਹੀਂ ਹੈ। ਉਹ ਤਾਂ ਹੀ ਐਕਟਿਵ ਹੋਣਗੇ ਜੇਕਰ ਕਾਂਗਰਸ ਉਨ੍ਹਾਂ ਨੂੰ ਮੁੱਖ ਮੰਤਰੀ ਚਿਹਰਾ ਬਣਾਏਗੀ। ਇਸ ਦੇ ਬਾਅਦ ਕਾਂਗਰਸ 'ਤੇ ਮੁੱਖ ਮੰਤਰੀ ਬਣਾਉਣ ਲਈ 500 ਕਰੋੜ ਰੁਪਏ ਲੈਣ ਦੇ ਆਰੋਪ ਲੱਗ ਗਏ। ਨਵਜੋਤ ਕੌਰ ਇੱਥੇ ਹੀ ਨਹੀਂ ਰੁਕੀ; ਉਸਨੇ ਵੜਿੰਗ ਅਤੇ ਰੰਧਾਵਾ 'ਤੇ ਟਿਕਟਾਂ ਵੇਚਣ ਦਾ ਵੀ ਆਰੋਪ ਲਗਾਇਆ। ਇਸ ਤੋਂ ਬਾਅਦ ਡਾ. ਨਵਜੋਤ ਕੌਰ ਸਿੱਧੂ ਨੂੰ ਮੁਅੱਤਲ ਕਰ ਦਿੱਤਾ ਗਿਆ।