ਬਜ਼ੁਰਗ ਔਰਤ ਦੇ ਇਲਾਜ ਚ ਲਾਪ੍ਰਵਾਹੀ ਮਾਮਲਾ: ਚੰਡੀਗੜ੍ਹ ਪੁਲਿਸ ਵੱਲੋਂ ਲੈਂਡਮਾਰਕ ਹਸਪਤਾਲ ਦੇ ਡਾਕਟਰ ਖਿਲਾਫ਼ ਚਲਾਨ ਪੇਸ਼
Chandigarh News: ਚੰਡੀਗੜ੍ਹ ਪੁਲਿਸ ਨੇ ਆਖਰ ਡੇਢ ਸਾਲ ਤੋਂ ਵਧ ਸਮੇਂ ਤੋਂ ਬਾਅਦ ਬਜ਼ੁਰਗ ਔਰਤ ਅਮਰਜੀਤ ਕੌਰ ਦੀ ਮੌਤ ਦੇ ਮਾਮਲੇ ਵਿਚ ਲੈਂਡਮਾਰਕ ਹਸਪਤਾਲ ਸੈਕਟਰ 33 ਦੇ ਡਾਕਟਰ ਪਰਮਿੰਦਰ ਸਿੰਘ ਖਿਲਾਫ਼ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ।
Chandigarh News: ਚੰਡੀਗੜ੍ਹ ਪੁਲਿਸ ਨੇ ਆਖਰ ਡੇਢ ਸਾਲ ਤੋਂ ਵਧ ਸਮੇਂ ਤੋਂ ਬਾਅਦ ਬਜ਼ੁਰਗ ਔਰਤ ਅਮਰਜੀਤ ਕੌਰ ਦੀ ਮੌਤ ਦੇ ਮਾਮਲੇ ਵਿਚ ਲੈਂਡਮਾਰਕ ਹਸਪਤਾਲ ਸੈਕਟਰ 33 ਦੇ ਡਾਕਟਰ ਪਰਮਿੰਦਰ ਸਿੰਘ ਖਿਲਾਫ਼ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ। ਇਸ ਡਾਕਟਰ ’ਤੇ ਇਲਾਜ ਦੌਰਾਨ ਲਾਪ੍ਰਵਾਹੀ ਵਰਤਣ ਤੇ ਮਰੀਜ਼ ਦੀ ਹਾਲਤ ਵਿਗੜਨ ਤੋਂ ਬਾਅਦ ਸਰਕਾਰੀ ਹਸਪਤਾਲ ਵਿਚ ਇਲਾਜ ਦੌਰਾਨ ਰਿਕਾਰਡ ਨਾ ਮੁਹੱਈਆ ਕਰਵਾਉਣ ਦੇ ਦੋਸ਼ ਲੱਗੇ ਸਨ ਜਿਸ ਨੂੰ ਯੂਟੀ ਦੀ ਮੈਡੀਕਲ ਨੈਗਲੀਜੈਂਸ ਕਮੇਟੀ ਨੇ ਸਹੀ ਪਾਇਆ ਸੀ ਤੇ ਇਸ ਆਧਾਰ ’ਤੇ ਚੰਡੀਗੜ੍ਹ ਪੁਲਿਸ ਨੇ 18 ਦਸੰਬਰ 2024 ਨੂੰ ਲੈਂਡਮਾਰਕ ਹਸਪਤਾਲ ਦੇ ਡਾਕਟਰ ਪਰਮਿੰਦਰ ਸਿੰਘ ਤੇ ਹੋਰਾਂ ਖਿਲਾਫ਼ ਕੇਸ ਦਰਜ ਕੀਤਾ ਸੀ। ਦੂਜੇ ਪਾਸੇ ਅਮਰਜੀਤ ਕੌਰ ਦੇ ਲੜਕੇ ਨੇ ਦੋਸ਼ ਲਾਇਆ ਹੈ ਕਿ ਪੁਲਿਸ ਨੇ ਇਸ ਕੇਸ ਵਿਚ ਵਾਜਬ ਸਬੂਤ, ਕਾਲ ਰਿਕਾਰਡਿੰਗ ਤੇ ਹੋਰ ਪੱਖਾਂ ਨੂੰ ਨਜ਼ਰਅੰਦਾਜ਼ ਕਰ ਕੇ ਲੈਂਡਮਾਰਕ ਹਸਪਤਾਲ ਦੇ ਡਾਕਟਰ ਹਰਸਿਮਰਨ ਸਿੰਘ, ਵਰੁਣ ਕੁਮਾਰ ਤੇ ਹਸਪਤਾਲ ਦੇ ਮਾਲਕ ਐਸ ਪੀ ਐਸ ਚਾਵਲਾ ਨੂੰ ਬਾਹਰ ਕੱਢ ਦਿੱਤਾ ਹੈ ਜਿਸ ਖਿਲਾਫ ਉਹ ਅਦਾਲਤ ਵਿਚ ਪੱਖ ਪੇਸ਼ ਕਰਨਗੇ।
ਜਾਣਕਾਰੀ ਅਨੁਸਾਰ ਅਮਰਜੀਤ ਕੌਰ ਦਾ 16 ਮਾਰਚ 2024 ਨੂੰ ਫੈਮਰ ਬੋਨ ਦਾ ਫਰੈਕਚਰ ਹੋ ਗਿਆ ਸੀ ਤੇ ਉਨ੍ਹਾਂ ਦਾ ਲੈਂਡਮਾਰਕ ਹਸਪਤਾਲ ਵਿਚ ਅਪਰੇਸ਼ਨ ਕੀਤਾ ਗਿਆ ਪਰ ਅਪਰੇਸ਼ਨ ਤੋਂ ਹਫਤੇ ਬਾਅਦ ਅਮਰਜੀਤ ਕੌਰ ਦੀ ਹਾਲਤ ਵਿਗੜ ਗਈ ਤੇ ਸੋਡੀਅਮ ਲੈਵਲ ਬਹੁਤ ਘੱਟ ਹੋਣ ਦੇ ਬਾਵਜੂਦ ਹਸਪਤਾਲ ਨੇ ਨਾ ਤਾਂ ਮਰੀਜ਼ ਦੇ ਹਸਪਤਾਲ ਆਉਣ ’ਤੇ ਉਨ੍ਹਾਂ ਨੂੰ ਨਾ ਤਾਂ ਭਰਤੀ ਕੀਤਾ ਤੇ ਨਾ ਹੀ ਹੋਰ ਹਸਪਤਾਲ ਵਿਚ ਜਾਣ ਲਈ ਕਿਹਾ ਤੇ ਡਾਕਟਰੀ ਪ੍ਰੋਟੋਕੋਲ ਦੀ ਉਲੰਘਣਾ ਕਰ ਕੇ ਮਹਿਜ਼ ਦਵਾਈ ਦੇ ਕੇ ਘਰ ਤੋਰ ਦਿੱਤਾ। ਇਸ ਤੋਂ ਅਗਲੇ ਦਿਨ ਹੀ ਅਮਰਜੀਤ ਕੌਰ ਦੀ ਹਾਲਤ ਹੋਰ ਵਿਗੜ ਗਈ ਤੇ ਉਨ੍ਹਾਂ ਨੂੰ ਸੋਡੀਅਮ ਲੈਵਲ ਘਟ ਹੋਣ ਕਾਰਨ ਸੀਜ਼ਰ ਆ ਗਏ। ਇਸ ਦੌਰਾਨ ਲੈਂਡਮਾਰਕ ਹਸਪਤਾਲ ਦੇ ਡਾਕਟਰਾਂ ਨੇ ਪੀਜੀਆਈ ਜਾਂ ਸਰਕਾਰੀ ਹਸਪਤਾਲ ਸੈਕਟਰ 32 ਜਾਣ ਲਈ ਕਿਹਾ। ਇਸ ਤੋਂ ਬਾਅਦ ਅਮਰਜੀਤ ਕੌਰ ਨੂੰ ਆਈਸੀਯੂ ਵਿਚ ਦਾਖਲ ਕਰ ਲਿਆ ਗਿਆ ਪਰ ਸਾਰੇ ਟੈਸਟ ਤੇ ਹੋਰ ਦਵਾਈਆਂ ਦੇਣ ਤੋਂ ਬਾਅਦ ਸੀਜ਼ਰ ਨਹੀਂ ਰੁਕ ਰਹੇ ਸਨ ਜਿਸ ਕਰ ਕੇ ਸਰਕਾਰੀ ਹਸਪਤਾਲ ਦੇ ਡਾਕਟਰਾਂ ਨੇ ਐਮਆਈਆਰ ਕਰਵਾਉਣ ਲਈ ਕਿਹਾ ਪਰ ਐਮਆਈਆਰ ਨਹੀਂ ਹੋ ਸਕੀ ਕਿਉਂਕਿ ਸਰਕਾਰੀ ਹਸਪਤਾਲ ਨੇ ਕਿਹਾ ਕਿ ਲੈਂਡਮਾਰਕ ਹਸਪਤਾਲ ਦੇ ਇਨ੍ਹਾਂ ਕਾਗਜ਼ਾਂ ਵਿਚ ਇਹ ਨਹੀਂ ਲਿਖਿਆ ਕਿ ਉਨ੍ਹਾਂ ਨੂੰ ਪਾਇਆ ਗਿਆ ਪਲਾਂਟ ਐਮਆਈਆਰ ਕੰਪੈਟੇਬਲ ਹੈ ਕਿ ਨਹੀਂ। ਲੈਂਡਮਾਰਕ ਹਸਪਤਾਲ ਦੇ ਡਾਕਟਰ ਹਰਸਿਮਰਨ ਸਿੰਘ ਨੇ ਪਹਿਲਾਂ ਕਿਹਾ ਕਿ ਉਹ ਇਸ ਐਂਪਲਾਂਟ ਦਾ ਸਰਟੀਫਿਕੇਟ ਦੇ ਦੇਣਗੇ ਪਰ ਬਾਅਦ ਵਿਚ ਹਸਪਤਾਲ ਜਾਣ ’ਤੇ ਵੀ ਸਰਟੀਫਿਕੇਟ ਨਹੀਂ ਦਿੱਤਾ ਜਿਸ ਕਾਰਨ ਐਮਆਈਆਰ ਨਾ ਹੋ ਸਕੀ ਤੇ ਅਮਰਜੀਤ ਕੌਰ ਦੀ 16 ਅਪਰੈਲ 2024 ਨੂੰ ਮੌਤ ਹੋ ਗਈ। ਇਸ ਤੋਂ ਬਾਅਦ ਸ਼ਿਕਾਇਤ ਦੇ ਆਧਾਰ ’ਤੇ ਨੈਗਲੀਜੈਂਸ ਕਮੇਟੀ ਨੇ ਰਿਪੋਰਟ ਦਿੱਤੀ ਕਿ ਲੈਂਡਮਾਰਕ ਹਸਪਤਾਲ ਨੇ ਨਾ ਤਾਂ ਮਰੀਜ਼ ਦੀ ਗੰਭੀਰ ਹਾਲਤ ਹੋਣ ’ਤੇ ਇਲਾਜ ਮੁਹੱਈਆ ਕੀਤਾ ਤੇ ਨਾ ਹੀ ਸਰਕਾਰੀ ਹਸਪਤਾਲ ਵਿਚ ਇਲਾਜ ਦੌਰਾਨ ਰਿਕਾਰਡ ਦਿੱਤਾ ਜਿਸ ਕਾਰਨ ਇਸ ਕੇਸ ਦੇ ਦੋਵਾਂ ਪੱਖਾਂ ਵਿਚ ਮੈਡੀਕਲ ਨੈਗਲੀਜੈਂਸੀ ਸਾਬਤ ਹੁੰਦੀ ਹੈ।
ਮਾਹਿਰਾਂ ਦੀ ਕਮੇਟੀ ਦੀ ਰਿਪੋਰਟ ਠੀਕ:ਪੀਜੀਆਈ
ਇਸ ਤੋਂ ਬਾਅਦ ਪੁਲਿਸ ਨੇ ਕੇਸ ਦਰਜ ਤਾਂ ਕਰ ਲਿਆ ਪਰ ਇਹ ਕਿਹਾ ਕਿ ਇਸ ਮੈਡੀਕਲ ਰਿਪੋਰਟ ਵਿਚ ਖਾਮੀਆਂ ਹਨ ਤੇ ਪੁਲਿਸ ਨੇ ਪੀਜੀਆਈ ਨੂੰ ਸਪਸ਼ਟ ਕਰਨ ਲਈ ਕਿਹਾ ਪਰ ਪੀਜੀਆਈ ਨੇ 23 ਮਾਰਚ 2026 ਨੂੰ ਸਪਸ਼ਟ ਕੀਤਾ ਕਿ ਪਹਿਲਾਂ ਤਿਆਰ ਕੀਤੀ ਗਈ ਰਿਪੋਰਟ ਪੀਜੀਆਈ, ਸਰਕਾਰੀ ਹਸਪਤਾਲ ਸੈਕਟਰ-16 ਤੇ 32 ਦੇ ਮਾਹਿਰਾਂ ਵਲੋਂ ਉਸ ਵੇਲੇ ਦੇ ਸੈਕਟਰ-32 ਹਸਪਤਾਲ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਅਤਰੀ ਦੀ ਅਗਵਾਈ ਹੇਠ ਤਿਆਰ ਕੀਤੀ ਗਈ ਹੈ ਜੋ ਬਿਲਕੁਲ ਠੀਕ ਹੈ। ਇਸ ਤੋਂ ਬਾਅਦ ਪੁਲੀਸ ਨੇ ਚਾਰਜਸ਼ੀਟ ਦਾਖਲ ਕੀਤੀ।
ਚੰਡੀਗੜ੍ਹ ਪੁਲਿਸ ਨੇ ਕਈ ਪੱਖਾਂ ਨੂੰ ਨਜ਼ਰਅੰਦਾਜ਼ ਕੀਤਾ: ਪਰਿਵਾਰ
ਮਰਹੂਮ ਅਮਰਜੀਤ ਕੌਰ ਦੇ ਲੜਕੇ ਸੁਖਵਿੰਦਰ ਪਾਲ ਨੇ ਦੋਸ਼ ਲਾਇਆ ਕਿ ਪੁਲਿਸ ਨੇ ਇਸ ਤੋਂ ਬਾਅਦ ਵੀ ਯਾਨੀ ਪੀਜੀਆਈ ਵਲੋਂ ਸਪਸ਼ਟ ਕਰਨ ਤੋਂ ਬਾਅਦ ਵੀ ਚਾਰਜਸ਼ੀਟ ਵਿਚ ਮੈਡੀਕਲ ਨੈਗਲੀਜੈਂਸ ਦਾ ਕਨਕਲੂਜ਼ਨ ਦਾ ਪਾਰਟ ਨਹੀਂ ਲਾਇਆ ਤੇ ਸਿਰਫ ਉਹ ਪੱਖ ਲਾਇਆ ਜਿਸ ਨੂੰ ਪੀਜੀਆਈ ਨੇ ਬਾਅਦ ਵਿਚ ਨਜ਼ਰਅੰਦਾਜ਼ ਕਰ ਦਿੱਤਾ। ਇਸ ਤੋਂ ਬਾਅਦ ਕਾਲ ਰਿਕਾਰਡਿੰਗ ਤੇ ਹੋਰ ਸਬੂਤ ਸੌਂਪਣ ਦੇ ਬਾਵਜੂਦ ਡਾ. ਹਰਸਿਮਰਨ ਤੇ ਇਲਾਜ ਕਰਨ ਵਾਲੇ ਡਾ.ਵਰੁਣ ਨੂੰ ਚਾਰਜਸ਼ੀਟ ਵਿਚ ਸ਼ਾਮਲ ਨਹੀਂ ਕੀਤਾ। ਇਸ ਸਬੰਧ ਵਿਚ ਡੀਐਸਪੀ ਹਰਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਨੇ ਇਹ ਚਾਰਜਸ਼ੀਟ ਦੇਖੀ ਨਹੀਂ ਪਰ ਜੇ ਕੋਈ ਖਾਮੀ ਹੈ ਤਾਂ ਉਹ ਆਪਣਾ ਇਤਰਾਜ਼ ਥਾਣਾ ਮੁਖੀ ਨੂੰ ਦੱਸ ਸਕਦੇ ਹਨ ਤੇ ਇਤਰਾਜ਼ ਨੂੰ ਮੁੜ ਚਾਰਜਸ਼ੀਟਾਂ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ।