Ajnala Police ਦੀ ਵੱਡੀ ਕਾਰਵਾਈ; ਗੈਂਗਸਟਰਾਂ ਨਾਲ ਹੋਇਆ ਮੁਕਾਬਲਾ, ਇੱਕ ਜ਼ਖ਼ਮੀ
Ajnala News : ਅਜਨਾਲਾ ਪੁਲਿਸ ਨੇ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਜਾ ਰਹੇ ਗੈਂਗਸਟਰਾਂ ਦੇ ਮੋਡਿਊਲ ਦਾ ਪਰਦਾਫਾਸ਼ ਕੀਤਾ ਹੈ। ਸਪੈਸ਼ਲ ਸੈੱਲ ਅਤੇ ਐੱਸ.ਐੱਚ.ਓ. ਅਜਨਾਲਾ ਵੱਲੋਂ ਕੀਤੀ ਗਈ ਨਾਕਾਬੰਦੀ ਦੌਰਾਨ ਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਮੁਠਭੇੜ ਹੋਈ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇੱਕ 'ਥਾਰ' ਗੱਡੀ ਨਹਿਰ ਗੁਜਾਪੀਰ ਸਾਈਡ ਤੋਂ ਅਜਨਾਲਾ ਵੱਲ ਆ ਰਹੀ ਹੈ।
ਜਦੋਂ ਪੁਲਿਸ ਨੇ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਤਾਂ ਗੈਂਗਸਟਰਾਂ ਨੇ ਪੁਲਿਸ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਤਿੰਨ ਰਾਊਂਡ ਫਾਇਰ ਕੀਤੇ। ਪੁਲਿਸ ਨੇ ਬੜੀ ਮੁਸਤੈਦੀ ਨਾਲ ਜਵਾਬੀ ਕਾਰਵਾਈ ਕੀਤੀ, ਜਿਸ ਦੌਰਾਨ ਇੱਕ ਗੋਲੀ ਮੁਲਜ਼ਮ ਸੁਖਰਾਜ ਸਿੰਘ (ਵਾਸੀ ਸੂਰਤਮੱਲੀ) ਨੂੰ ਲੱਗੀ।
ਪੁਲਿਸ ਨੇ ਸੁਖਰਾਜ ਸਿੰਘ ਅਤੇ ਉਸਦੇ ਸਾਥੀ ਅਰਜੁਨ ਨੂੰ ਕਾਬੂ ਕਰ ਲਿਆ ਹੈ। ਜ਼ਖ਼ਮੀ ਮੁਲਜ਼ਮ ਨੂੰ ਤੁਰੰਤ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਨੇ ਮੌਕੇ ਤੋਂ ਇੱਕ 30 ਬੋਰ ਦਾ ਪਾਕਿਸਤਾਨੀ ਪਿਸਤੌਲ, ਦੋ ਜ਼ਿੰਦਾ ਕਾਰਤੂਸ ਅਤੇ ਤਿੰਨ ਖਾਲੀ ਖੋਲ ਬਰਾਮਦ ਕੀਤੇ ਹਨ।
ਇਹ ਮੋਡਿਊਲ ਯੂਕੇ ਬੇਸਡ ਗੈਂਗਸਟਰ ਨਿਸ਼ਾਨ ਜੌੜੀਆਂ ਵੱਲੋਂ ਚਲਾਇਆ ਜਾ ਰਿਹਾ ਸੀ। ਮੁਲਜ਼ਮ ਫਿਰੌਤੀ ਦੀਆਂ ਕਾਲਾਂ ਕਰਨ ਅਤੇ ਹੋਰ ਗੰਭੀਰ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਤਾਕ ਵਿੱਚ ਸਨ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਲਜ਼ਮਾਂ ਦਾ ਪੁਰਾਣਾ ਅਪਰਾਧਿਕ ਰਿਕਾਰਡ ਵੀ ਖੰਗਾਲਿਆ ਜਾ ਰਿਹਾ ਹੈ ਅਤੇ ਤਫ਼ਤੀਸ਼ ਜਾਰੀ ਹੈ। ਇਸ ਕਾਰਵਾਈ ਨਾਲ ਪੁਲਿਸ ਨੇ ਇਲਾਕੇ ਵਿੱਚ ਹੋਣ ਵਾਲੀ ਇੱਕ ਵੱਡੀ ਘਟਨਾ ਨੂੰ ਰੋਕਣ ਵਿੱਚ ਸਫ਼ਲਤਾ ਹਾਸਲ ਕੀਤੀ ਹੈ।
ਇਹ ਵੀ ਪੜ੍ਹੋ : MC Elections 2026 : ਹੁਸ਼ਿਆਰਪੁਰ ਨਿਗਮ ਸਮੇਤ ਕੌਂਸਲ ਚੋਣਾਂ ਦੇ ਆਏ ਨਤੀਜੇ, ਗੁਰੂ ਹਰਸਹਾਏ 'ਚ 'ਆਪ' ਹੋਈ ਸਾਫ਼, ਵੇਖੋ ਪੂਰੇ ਨਤੀਜੇ
- PTC NEWS