ਅਧਿਆਪਕ ਦਿਵਸ ਮੌਕੇ ਅੰਮ੍ਰਿਤਸਰ ਦੇ ਨਿਸ਼ਕਾਮ ਸੇਵਾ ਪਬਲਿਕ ਸਕੂਲ ਦੀ ਅਨੋਖੀ ਪਹਿਲ, ਝੁੱਗੀਆਂ ਦੇ ਬੱਚਿਆਂ ਨੂੰ ਮਿਲ ਰਹੀ ਸਿੱਖਿਆ
ਇਹ ਸਕੂਲ ਇੱਕ ਸੰਸਥਾ ਵੱਲੋਂ ਚਲਾਇਆ ਜਾ ਰਿਹਾ ਹੈ, ਜਿੱਥੇ ਲੋੜਵੰਦ ਬੱਚਿਆਂ ਨੂੰ ਸਿੱਖਿਆ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਚੰਗੇ ਸੰਸਕਾਰ ਅਤੇ ਬਿਹਤਰ ਭਵਿੱਖ ਲਈ ਤਿਆਰ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ।
ਅਧਿਆਪਕ ਦਿਵਸ ਦੇ ਮੌਕੇ ’ਤੇ ਅੱਜ ਅੰਮ੍ਰਿਤਸਰ ਦੇ ਇੱਕ ਅਜਿਹੇ ਸਕੂਲ ਦੀ ਗੱਲ ਕਰਨੀ ਬਣਦੀ ਹੈ, ਜਿੱਥੇ ਸਿੱਖਿਆ ਸਿਰਫ਼ ਕਿਤਾਬਾਂ ਤੱਕ ਸੀਮਤ ਨਹੀਂ, ਸਗੋਂ ਸਮਾਜ ਦੇ ਉਨ੍ਹਾਂ ਬੱਚਿਆਂ ਲਈ ਉਮੀਦ ਦੀ ਕਿਰਨ ਬਣੀ ਹੋਈ ਹੈ, ਜਿਨ੍ਹਾਂ ਦੇ ਪਰਿਵਾਰ ਆਰਥਿਕ ਤੌਰ ’ਤੇ ਬਹੁਤ ਕਮਜ਼ੋਰ ਹਨ। ਨਿਸ਼ਕਾਮ ਸੇਵਾ ਪਬਲਿਕ ਸਕੂਲ ਵਿੱਚ ਝੁੱਗੀ-ਝੋਪੜੀਆਂ ਵਿੱਚ ਰਹਿਣ ਵਾਲੇ ਅਤੇ ਸੜਕਾਂ ’ਤੇ ਕਾਗਜ਼ ਤੇ ਹੋਰ ਕਬਾੜ ਇਕੱਠਾ ਕਰਕੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਰਨ ਵਾਲੇ ਲੋਕਾਂ ਦੇ ਬੱਚੇ ਪੜ੍ਹਾਈ ਕਰ ਰਹੇ ਹਨ।
ਲੋੜਵੰਦ ਬੱਚਿਆਂ ਨੂੰ ਸਿੱਖਿਆ
ਇਹ ਸਕੂਲ ਇੱਕ ਸੰਸਥਾ ਵੱਲੋਂ ਚਲਾਇਆ ਜਾ ਰਿਹਾ ਹੈ, ਜਿੱਥੇ ਲੋੜਵੰਦ ਬੱਚਿਆਂ ਨੂੰ ਸਿੱਖਿਆ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਚੰਗੇ ਸੰਸਕਾਰ ਅਤੇ ਬਿਹਤਰ ਭਵਿੱਖ ਲਈ ਤਿਆਰ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਅਧਿਆਪਕ ਦਿਵਸ ਮੌਕੇ ਸਕੂਲ ਦੇ ਅਧਿਆਪਕਾਂ ਨੇ ਅਧਿਆਪਕ ਦੀ ਭੂਮਿਕਾ ਅਤੇ ਸਿੱਖਿਆ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।
'ਅਧਿਆਪਕ ਹੀ ਆਉਣ ਵਾਲੀ ਪੀੜ੍ਹੀ ਦੀ ਨੀਂਹ ਤਿਆਰ ਕਰਨਾ'
ਸਕੂਲ ਦੇ ਅਧਿਆਪਕ ਸਰਦਾਰ ਸਿੰਘ ਨੇ ਕਿਹਾ ਕਿ ਅਧਿਆਪਕ ਦਿਵਸ ਮਨਾਉਣਾ ਅਤੇ ਅਧਿਆਪਕਾਂ ਦਾ ਮਾਣ-ਸਨਮਾਨ ਕਰਨਾ ਬਹੁਤ ਵਧੀਆ ਗੱਲ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਹੀ ਆਉਣ ਵਾਲੀ ਪੀੜ੍ਹੀ ਦੀ ਨੀਂਹ ਤਿਆਰ ਕਰਦੇ ਹਨ। ਆਉਣ ਵਾਲੀ ਪੀੜ੍ਹੀ ਦਾ ਵਿਹਾਰ ਕਿਹੋ ਜਿਹਾ ਹੋਵੇਗਾ, ਉਨ੍ਹਾਂ ਦੀ ਸੋਚ, ਰਹਿਣ-ਸਹਿਣ ਅਤੇ ਦੇਸ਼ ਪ੍ਰਤੀ ਜ਼ਿੰਮੇਵਾਰੀ ਕਿਹੋ ਜਿਹੀ ਹੋਵੇਗੀ, ਇਸ ਵਿੱਚ ਅਧਿਆਪਕਾਂ ਦੀ ਭੂਮਿਕਾ ਬਹੁਤ ਅਹਿਮ ਹੈ।
'ਬੱਚਿਆਂ ਨੂੰ ਚੰਗੀ ਸਿੱਖਿਆ ਦੇ ਨਾਲ ਅਨੁਸ਼ਾਸਨ ਅਤੇ ਚੰਗੇ ਸੰਸਕਾਰ ਦਿੱਤੇ ਜਾ ਰਹੇ'
ਸਰਦਾਰ ਸਿੰਘ ਨੇ ਕਿਹਾ ਕਿ ਜੇਕਰ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਨਾਲ ਇਮਾਨਦਾਰੀ, ਅਨੁਸ਼ਾਸਨ ਅਤੇ ਚੰਗੇ ਸੰਸਕਾਰ ਦਿੱਤੇ ਜਾਣ ਤਾਂ ਦੇਸ਼ ਨੂੰ ਤਰੱਕੀ ਦੀ ਰਾਹ ’ਤੇ ਹੋਰ ਤੇਜ਼ੀ ਨਾਲ ਅੱਗੇ ਲਿਜਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਚੀਨ ਅਤੇ ਜਾਪਾਨ ਵਰਗੇ ਦੇਸ਼ਾਂ ਦੀ ਤਰੱਕੀ ਵਿੱਚ ਉਨ੍ਹਾਂ ਦੀ ਸਿੱਖਿਆ ਪ੍ਰਣਾਲੀ ਅਤੇ ਅਨੁਸ਼ਾਸਨ ਦੀ ਵੀ ਵੱਡੀ ਭੂਮਿਕਾ ਹੈ।
'ਅਧਿਆਪਕ ਪਰਮਾਤਮਾ ਵੱਲੋਂ ਮਿਲੀ ਇੱਕ ਅਨਮੋਲ ਦਾਤ'
ਉਨ੍ਹਾਂ ਕਿਹਾ ਕਿ ਅਧਿਆਪਕ ਪਰਮਾਤਮਾ ਵੱਲੋਂ ਮਿਲੀ ਇੱਕ ਅਨਮੋਲ ਦਾਤ ਹਨ। ਇਤਿਹਾਸ ਗਵਾਹ ਹੈ ਕਿ ਵੱਡੀਆਂ ਸ਼ਖ਼ਸੀਅਤਾਂ ਦੇ ਜੀਵਨ ਵਿੱਚ ਉਨ੍ਹਾਂ ਦੇ ਅਧਿਆਪਕਾਂ ਦੀ ਭੂਮਿਕਾ ਮਹੱਤਵਪੂਰਨ ਰਹੀ ਹੈ। ਇਸ ਲਈ ਅਧਿਆਪਕਾਂ ਦਾ ਸਿਰਫ਼ ਇੱਕ ਦਿਨ ਸਨਮਾਨ ਕਰਨ ਦੀ ਬਜਾਏ ਉਨ੍ਹਾਂ ਨੂੰ ਸਮਾਜ ਵਿੱਚ ਬਣਦਾ ਮਾਣ-ਸਨਮਾਨ ਦੇਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਅਧਿਆਪਕ ਬੱਚਿਆਂ ਨੂੰ ਸਹੀ ਗਿਆਨ ਦੇ ਨਾਲ ਚੰਗੇ ਸੰਸਕਾਰ ਦੇਣ ਤਾਂ ਇਹ ਬੱਚੇ ਭਵਿੱਖ ਵਿੱਚ ਨਾ ਸਿਰਫ਼ ਆਪਣੇ ਪਰਿਵਾਰਾਂ ਦਾ ਨਾਮ ਰੌਸ਼ਨ ਕਰ ਸਕਦੇ ਹਨ, ਸਗੋਂ ਦੇਸ਼ ਦੀ ਤਰੱਕੀ ਵਿੱਚ ਵੀ ਵੱਡਾ ਯੋਗਦਾਨ ਪਾ ਸਕਦੇ ਹਨ। ਨਿਸ਼ਕਾਮ ਸੇਵਾ ਪਬਲਿਕ ਸਕੂਲ ਵਰਗੇ ਉਪਰਾਲੇ ਗਰੀਬ ਅਤੇ ਲੋੜਵੰਦ ਬੱਚਿਆਂ ਨੂੰ ਸਿੱਖਿਆ ਨਾਲ ਜੋੜ ਕੇ ਉਨ੍ਹਾਂ ਲਈ ਇੱਕ ਬਿਹਤਰ ਭਵਿੱਖ ਦਾ ਰਾਹ ਖੋਲ੍ਹ ਰਹੇ ਹਨ।
ਇਹ ਵੀ ਪੜ੍ਹੋ : Australia ਜਾਣ ਦਾ ਸੁਪਨਾ ਪੰਜਾਬ ਤੇ ਰਾਜਸਥਾਨ ਦੇ 34 ਨੌਜਵਾਨਾਂ ਨੂੰ ਪਿਆ ਭਾਰੀ ! ਏਜੰਟਾਂ ਨੇ 8 ਪਰਿਵਾਰਾਂ ਕੋਲੋਂ ਠੱਗੇ 3 ਕਰੋੜ ਰੁਪਏ