ਦਸ ਸਾਲ ਪੁਰਾਣੇ 'ਕੈਸ਼ ਐਟ ਡੋਰ' ਰਿਸ਼ਵਤਖੋਰੀ ਮਾਮਲੇ ਨੂੰ ਦਸੰਬਰ ਤੱਕ ਪੂਰਾ ਕਰਨ ਦੇ ਹੁਕਮ ਜਾਰੀ

By  Jasmeet Singh November 17th 2022 09:42 PM -- Updated: November 17th 2022 09:43 PM

ਚੰਡੀਗੜ੍ਹ, 17 ਨਵੰਬਰ: ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਸਾਬਕਾ ਮਹਿਲਾ ਜੱਜ ਜਸਟਿਸ ਨਿਰਮਲ ਯਾਦਵ ਦੇ 'ਕੈਸ਼ ਐਟ ਡੋਰ' ਰਿਸ਼ਵਤ ਕਾਂਡ ਨੂੰ 14 ਸਾਲ ਹੋ ਗਏ ਹਨ ਪਰ ਹੁਣ ਤੱਕ ਇਹ ਮਾਮਲਾ ਚੰਡੀਗੜ੍ਹ ਦੀ ਸੀਬੀਆਈ ਅਦਾਲਤ ਵਿੱਚ ਵਿਚਾਰ ਅਧੀਨ ਹੈ। 

ਹੁਣ ਚੰਡੀਗੜ੍ਹ ਅਦਾਲਤ ਨੇ ਕਿਹਾ ਹੈ ਕਿ ਇਸ ਕੇਸ ਦੀ ਸੁਣਵਾਈ ਦਸੰਬਰ 2022 ਤੱਕ ਪੂਰੀ ਕਰ ਲਈ ਜਾਵੇਗੀ। ਸੀਆਰਪੀਸੀ 313 ਤਹਿਤ ਮੁਲਜ਼ਮਾਂ ਦੇ ਬਿਆਨ ਦਰਜ ਕਰਨ ਲਈ 10 ਅਕਤੂਬਰ ਨੂੰ ਸੁਣਵਾਈ ਤੈਅ ਕੀਤੀ ਗਈ ਹੈ। ਹਾਲਾਂਕਿ ਇਸ ਮਾਮਲੇ 'ਚ ਬਚਾਅ ਪੱਖ ਵੱਲੋਂ ਲਗਾਤਾਰ ਤਰੀਕਾਂ ਦੀ ਮੰਗ ਕੀਤੀ ਜਾ ਰਹੀ ਹੈ।

ਅਜਿਹੀ ਸਥਿਤੀ ਵਿੱਚ ਹੁਣ ਸੀਬੀਆਈ ਅਦਾਲਤ ਨੇ ਅਗਲੀ ਤਰੀਕ ਮੰਗਣ ਦਾ ਮੌਕਾ ਦੇਣ ਤੋਂ ਇਨਕਾਰ ਕਰਦਿਆਂ ਸੀਆਰਪੀਸੀ 313 ਤਹਿਤ 19 ਨਵੰਬਰ ਨੂੰ ਬਿਆਨ ਦਰਜ ਕਰਨ ਲਈ ਕਿਹਾ ਹੈ। ਅਦਾਲਤ ਨੇ ਆਪਣੇ ਹੁਕਮਾਂ ਵਿੱਚ ਕਿਹਾ ਹੈ ਕਿ ਇਹ ਕੇਸ 10 ਸਾਲ ਤੋਂ ਪੁਰਾਣੇ ਕੇਸਾਂ ਦੀ ਸ਼੍ਰੇਣੀ ਵਿੱਚ ਆਉਂਦਾ ਹੈ। 

ਅਜਿਹੇ 'ਚ ਹਾਈ ਕੋਰਟ ਦੇ ਹੁਕਮਾਂ ਤਹਿਤ ਇਸ ਸਾਲ ਦਸੰਬਰ ਤੱਕ ਕੇਸ ਦਾ ਨਿਪਟਾਰਾ ਕੀਤਾ ਜਾਣਾ ਹੈ। ਮਾਮਲੇ ਵਿੱਚ ਅਦਾਲਤ ਨੇ ਮੁਲਜ਼ਮਾਂ ਨੂੰ ਸੀਆਰਪੀਸੀ 313 ਤਹਿਤ ਆਪਣੇ ਬਿਆਨ ਦਰਜ ਕਰਨ ਲਈ ਕਿਹਾ ਸੀ, ਜਦਕਿ ਸੀਬੀਆਈ ਵੱਲੋਂ ਕਰੀਬ 20 ਗਵਾਹਾਂ ਨੂੰ ਮੁੜ ‘ਬਾਕਸ’ ਵਿੱਚ ਬੁਲਾਉਣ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ ਗਿਆ ਸੀ।

ਸੇਵਾਮੁਕਤ ਜੱਜ ਨਿਰਮਲ ਯਾਦਵ 'ਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 11 ਅਤੇ ਬਾਕੀ ਚਾਰ ਮੁਲਜ਼ਮਾਂ 'ਤੇ ਅਪਰਾਧਿਕ ਸਾਜ਼ਿਸ਼ ਸਮੇਤ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਦੇ ਇਲਜ਼ਾਮ ਲਾਏ ਗਏ ਸਨ। ਮੁਲਜ਼ਮਾਂ ਵਿੱਚ ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਸੰਜੀਵ ਬਾਂਸਲ ਦੀ ਮੌਤ ਹੋ ਚੁੱਕੀ ਹੈ। ਦੂਜੇ ਪਾਸੇ ਜਸਟਿਸ ਯਾਦਵ ਦੇ ਨਾਲ-ਨਾਲ ਹਰਿਆਣਾ-ਦਿੱਲੀ ਦੇ ਹੋਟਲ ਕਾਰੋਬਾਰੀ ਰਵਿੰਦਰ ਸਿੰਘ ਭਸੀਨ, ਚੰਡੀਗੜ੍ਹ ਦੇ ਕਾਰੋਬਾਰੀ ਰਾਜੀਵ ਗੁਪਤਾ ਅਤੇ ਇਕ ਨਿਰਮਲ ਸਿੰਘ ਵਿਰੁੱਧ ਕੇਸ ਚੱਲ ਰਿਹਾ ਹੈ।

 'ਕੈਸ਼ ਐਟ ਡੋਰ' ਰਿਸ਼ਵਤਖੋਰੀ 'ਚ ਫਸੀ ਜਸਟਿਸ ਨਿਰਮਲ ਯਾਦਵ 



ਰਿਸ਼ਵਤ ਨੂੰ ਗਲਤ ਜੱਜ ਦੇ ਘਰ ਪਹੁੰਚਾਇਆ ਗਿਆ

ਹਾਈ ਕੋਰਟ ਦੀ ਇੱਕ ਤਤਕਾਲੀ ਮਹਿਲਾ ਜੱਜ ਗਲਤੀ ਨਾਲ 15 ਲੱਖ ਰੁਪਏ ਰਿਸ਼ਵਤ ਲੈ ਕੇ ਜਸਟਿਸ ਨਿਰਮਲ ਜੀਤ ਕੌਰ ਦੇ ਘਰ ਪਹੁੰਚ ਗਈ ਸੀ। ਸੀਬੀਆਈ ਕੇਸ ਮੁਤਾਬਕ ਇਹ ਰਕਮ ਜਸਟਿਸ ਨਿਰਮਲ ਯਾਦਵ ਲਈ ਸੀ। 13 ਅਗਸਤ 2008 ਨੂੰ ਵਾਪਰੇ ਇਸ ਘਟਨਾਕ੍ਰਮ ਬਾਰੇ ਜਸਟਿਸ ਨਿਰਮਲਜੀਤ ਕੌਰ ਦੇ ਚਪੜਾਸੀ ਅਮਰੀਕ ਸਿੰਘ ਨੇ ਸ਼ਿਕਾਇਤ ਦਿੱਤੀ ਸੀ। 

ਪ੍ਰਕਾਸ਼ ਰਾਮ ਨਾਮ ਦਾ ਵਿਅਕਤੀ ਇਹ ਪੈਸੇ ਪਲਾਸਟਿਕ ਦੇ ਥੈਲੇ ਵਿੱਚ ਲੈ ਕੇ ਉਸਦੇ ਘਰ ਪਹੁੰਚਿਆ। ਉਸ ਨੇ ਚਪੜਾਸੀ ਨੂੰ ਦੱਸਿਆ ਕਿ ਦਿੱਲੀ ਤੋਂ ਕੁਝ ਕਾਗਜ਼ਾਤ ਆਏ ਹਨ ਜੋ ਪਹੁੰਚਾਉਣੇ ਹਨ। ਹਾਲਾਂਕਿ ਬੈਗ ਵਿੱਚ ਮੋਟੀ ਰਕਮ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਮਾਮਲੇ ਦੀ ਜਾਂਚ ਚੰਡੀਗੜ੍ਹ ਸੀਬੀਆਈ ਨੂੰ ਸੌਂਪ ਦਿੱਤੀ ਗਈ ਸੀ।

- ਰਿਪੋਰਟਰ ਨੇਹਾ ਸ਼ਰਮਾ ਦੇ ਸਹਿਯੋਗ ਨਾਲ 

Related Post