Ludhiana News : ਕਤਲ ਕਰਕੇ ਨੀਲੇ ਡਰੰਮ ਚ ਪਾਈ ਗਈ ਸੀ ਮਨੋਜ ਚੌਧਰੀ ਦੀ ਲਾਸ਼, ਮਹਿਲਾ ਤੇ 2 ਨਾਬਾਲਿਗਾਂ ਸਮੇਤ 6 ਗ੍ਰਿਫ਼ਤਾਰ, ਜਾਣੋ ਕਾਰਨ

Ludhiana Murder Mystery : ਮੁਲਜ਼ਮਾਂ 'ਚ ਇੱਕ ਮਹਿਲਾ ਅਤੇ 2 ਨਾਬਾਲਿਗ ਵੀ ਸ਼ਾਮਿਲ ਹਨ। ਪੁਲਿਸ ਨੇ ਖੁਲਾਸੇ ਕਰਦੇ ਹੋਏ ਦੱਸਿਆ ਕਿ ਮ੍ਰਿਤਕ ਦੀ ਸ਼ਨਾਖਤ ਮਨੋਜ ਚੌਧਰੀ ਵਜੋਂ ਹੋਈ, ਜਿਸ ਸਬੰਧੀ ਡਿਵੀਜ਼ਨ ਨੰਬਰ 6 ਅਧੀਨ ਮਾਮਲਾ ਦਰਜ ਕੀਤਾ ਸੀ।

By  KRISHAN KUMAR SHARMA June 27th 2025 08:08 PM -- Updated: June 27th 2025 08:11 PM

Ludhiana Murder Mystery : ਲੁਧਿਆਣਾ-ਗਿਆਸਪੁਰਾ ਚੌਂਕ ਨੇੜੇ ਨੀਲੇ ਡਰੰਮ ਦੇ ਵਿੱਚ ਬਰਾਮਦ ਹੋਈ ਲਾਸ਼ ਦੇ ਮਾਮਲੇ ਨੂੰ ਪੁਲਿਸ ਨੇ 36 ਘੰਟੇ ਦੇ ਵਿੱਚ ਸੁਲਝਾ ਲਿਆ ਹੈ ਅਤੇ ਮਾਮਲੇ ਦੇ ਵਿੱਚ 6 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮਾਂ 'ਚ ਇੱਕ ਮਹਿਲਾ ਅਤੇ 2 ਨਾਬਾਲਿਗ ਵੀ ਸ਼ਾਮਿਲ ਹਨ। ਪੁਲਿਸ ਨੇ ਖੁਲਾਸੇ ਕਰਦੇ ਹੋਏ ਦੱਸਿਆ ਕਿ ਮ੍ਰਿਤਕ ਦੀ ਸ਼ਨਾਖਤ ਮਨੋਜ ਚੌਧਰੀ ਵਜੋਂ ਹੋਈ, ਜਿਸ ਸਬੰਧੀ ਡਿਵੀਜ਼ਨ ਨੰਬਰ 6 ਅਧੀਨ ਮਾਮਲਾ ਦਰਜ ਕੀਤਾ ਸੀ।

ਕਰਨਵੀਰ ਸਿੰਘ ਏਡੀਸੀਪੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਤਲਾਂ 'ਚ ਊਸ਼ਾ, ਵਿਸ਼ਾਲ ਅਤੇ ਜੈਵੀਰ ਦੇ ਨਾਲ ਹੋਰ 3 ਸਾਥੀ ਸ਼ਾਮਿਲ ਸਨ। ਉਨ੍ਹਾਂ ਨੇ ਦੱਸਿਆ ਕਿ ਇਹ ਆਪਸ ਦੇ ਵਿੱਚ ਬੈਠ ਕੇ ਪਾਰਟੀ ਕਰ ਰਹੇ ਸਨ। ਇਹਨਾਂ ਵੱਲੋਂ ਸ਼ਰਾਬ ਦਾ ਸੇਵਨ ਵੀ ਕੀਤਾ ਗਿਆ ਸੀ, ਜਿਸ ਤੋਂ ਬਾਅਦ ਕਿਸੇ ਗੱਲ ਨੂੰ ਲੈ ਕੇ ਆਪਸ ਦੇ ਵਿੱਚ ਬਹਿਸਬਾਜ਼ੀ ਹੋ ਗਈ, ਜਿਸ ਤੋਂ ਬਾਅਦ ਮਨੋਜ ਚੌਧਰੀ ਦਾ ਕਤਲ ਕਰ ਦਿੱਤਾ ਗਿਆ। ਉਸ ਤੋਂ ਬਾਅਦ ਲਾਸ਼ ਨੂੰ ਖੁਰਦ-ਪੁਰਦ ਕਰਨ ਦੇ ਲਈ ਰੱਸੀਆਂ ਨਾਲ ਬੰਨ ਦਿੱਤਾ ਗਿਆ ਅਤੇ ਫਿਰ ਇੱਕ ਨੀਲੇ ਡਰੰਮ ਦੇ ਵਿੱਚ ਪਾ ਕੇ ਲਾਸ਼ ਨੂੰ ਡੰਪ 'ਤੇ ਸੁੱਟ ਦਿੱਤਾ ਸੀ।

ਉਪਰੰਤ, ਜਦੋਂ ਪੁਲਿਸ ਨੂੰ ਜਾਣਕਾਰੀ ਮਿਲੀ ਤਾਂ ਬੜੀ ਹੀ ਡੁੰਘਾਈ ਦੇ ਨਾਲ ਜਾਂਚ ਕੀਤੀ। ਉਹਨਾਂ ਕਿਹਾ ਕਿ ਨੰਬਰ ਸੇਫ ਸਿਟੀ ਦੇ ਤਹਿਤ ਲਗਾਏ ਗਏ ਕੈਮਰਿਆਂ ਦੀ ਜਾਂਚ ਕਰਨ ਤੋਂ ਬਾਅਦ ਇਸ ਦੀ ਫੁਟੇਜ ਉਹਨਾਂ ਦੇ ਹੱਥ ਲੱਗੀ, ਜਿਸ ਦੇ ਅਧਾਰ 'ਤੇ ਮੁਲਜ਼ਮ ਗ੍ਰਿਫਤਾਰ ਕੀਤੇ ਗਏ ਹਨ। ਉਹਨਾਂ ਕਿਹਾ ਕਿ ਲਾਸ਼ ਨੂੰ ਟਿਕਾਣੇ ਲਾਉਣ ਦੇ ਲਈ ਇਹਨਾਂ ਵੱਲੋਂ ਇੱਕ ਈ-ਰਿਕਸ਼ਾ ਦਾ ਇਸਤੇਮਾਲ ਵੀ ਕੀਤਾ ਗਿਆ ਸੀ। ਹਾਲਾਂਕਿ, ਈ-ਰਿਕਸ਼ਾ ਚਾਲਕ ਨੂੰ ਇਹ ਪਤਾ ਨਹੀਂ ਸੀ ਕਿ ਇਸ ਡਰੰਮ ਦੇ ਵਿੱਚ ਲਾਸ਼ ਹੈ। ਉਹਨਾਂ ਕਿਹਾ ਕਿ ਮੁਲਜ਼ਮਾਂ ਨੇ ਉਸ ਨੂੰ ਕੋਈ ਵੇਸਟ ਸਮੱਗਰੀ ਹੋਣ ਦਾ ਹਵਾਲਾ ਦੇ ਕੇ ਪੈਸੇ ਦੇ ਕੇ ਉਸਨੂੰ ਡੰਪ ਤੱਕ ਲੈ ਕੇ ਗਏ। ਪੁਲਿਸ ਇਸ ਦੀ ਹੋਰ ਡੁੰਘਾਈ ਦੇ ਨਾਲ ਤਫਤੀਸ਼ ਕਰ ਰਹੀ ਹੈ।

Related Post