Fazilka News : ਫਾਜਿਲਕਾ ਚ ਪੁਲਿਸ ਤੇ ਹਮਲਾ, ਚੋਰਾਂ ਨੂੰ ਫੜਨ ਗਈ ਸੀ ਪੁਲਿਸ, ਇੱਕ ਮੁਲਾਜ਼ਮ ਜ਼ਖ਼ਮੀ

Fazilka News : ਘਟਨਾ ਵਿੱਚ ਇੱਕ ਪੁਲਿਸ ਕਰਮਚਾਰੀ ਜ਼ਖਮੀ ਹੋ ਗਿਆ, ਜਿਸਨੂੰ ਇਲਾਜ ਲਈ ਫਾਜਿਲਕਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

By  KRISHAN KUMAR SHARMA June 8th 2026 05:26 PM -- Updated: June 8th 2026 05:28 PM

Fazilka News : ਫਾਜਿਲਕਾ ਜ਼ਿਲ੍ਹੇ ਦੇ ਅਰਨੀਵਾਲਾ ਖੇਤਰ ਵਿੱਚ ਚੋਰਾਂ ਨੂੰ ਕਾਬੂ ਕਰਨ ਗਈ ਪੁਲਿਸ ਟੀਮ ‘ਤੇ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਵਿੱਚ ਇੱਕ ਪੁਲਿਸ ਕਰਮਚਾਰੀ ਜ਼ਖਮੀ ਹੋ ਗਿਆ, ਜਿਸਨੂੰ ਇਲਾਜ ਲਈ ਫਾਜਿਲਕਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਪੁਲਿਸ ਨੇ ਅਣਪਛਾਤੇ ਦੋਸ਼ੀਆਂ ਖ਼ਿਲਾਫ਼ ਕਤਲ (Murder Case) ਦੀ ਕੋਸ਼ਿਸ਼ ਸਮੇਤ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। (Attack on Punjab Police)

ਜਾਣਕਾਰੀ ਮੁਤਾਬਿਕ ਬੀਤੀ ਰਾਤ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇਲਾਕੇ ਵਿੱਚ ਲਗਾਤਾਰ ਟ੍ਰਾਂਸਫਾਰਮਰਾਂ ਤੋਂ ਤੇਲ ਚੋਰੀ ਦੀਆਂ ਘਟਨਾਵਾਂ ਹੋ ਰਹੀਆਂ ਹਨ ਅਤੇ ਕੁਝ ਸ਼ੱਕੀ ਵਿਅਕਤੀ ਮੁੜ ਵਾਰਦਾਤ ਕਰਨ ਦੀ ਫਿਰਾਕ ਵਿੱਚ ਹਨ। ਇਸ ਸੂਚਨਾ ਦੇ ਆਧਾਰ ‘ਤੇ 112 ਐਮਰਜੈਂਸੀ ਸੇਵਾ ‘ਤੇ ਤਾਇਨਾਤ ਪੁਲਿਸ ਕਰਮਚਾਰੀ ਇਲਾਕੇ ਵਿੱਚ ਗਸ਼ਤ ਕਰ ਰਹੇ ਸਨ।

ਇਸ ਦੌਰਾਨ ਪੁਲਿਸ ਨੇ ਸ਼ੱਕ ਦੇ ਆਧਾਰ ‘ਤੇ ਇੱਕ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਜਦੋਂ ਪੁਲਿਸ ਕਰਮਚਾਰੀ ਕਾਰ ਵਿੱਚ ਸਵਾਰ ਲੋਕਾਂ ਨੂੰ ਬਾਹਰ ਕੱਢਣ ਲੱਗੇ ਤਾਂ ਦੋਸ਼ੀਆਂ ਨੇ ਵਾਹਨ ਭਜਾ ਲਿਆ। ਦੋਸ਼ ਹੈ ਕਿ ਕਾਰ ਚਾਲਕ ਨੇ ਪੁਲਿਸ ਕਰਮਚਾਰੀ ਰਾਕੇਸ਼ ਕੁਮਾਰ ਨੂੰ ਕਾਫੀ ਦੂਰ ਤੱਕ ਘਸੀਟਿਆ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਇਸ ਤੋਂ ਬਾਅਦ ਦੋਸ਼ੀਆਂ ਨੇ ਪੁਲਿਸ ਟੀਮ ਨਾਲ ਧੱਕਾ-ਮੁੱਕੀ ਅਤੇ ਮਾਰਕੁੱਟ ਵੀ ਕੀਤੀ ਅਤੇ ਮੌਕੇ ਤੋਂ ਫਰਾਰ ਹੋ ਗਏ।

ਜ਼ਖਮੀ ਪੁਲਿਸ ਕਰਮਚਾਰੀ ਨੂੰ ਤੁਰੰਤ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ। ਹਸਪਤਾਲ ਦੇ ਐਸਐਮਓ ਡਾ. ਐਰਿਕ ਨੇ ਦੱਸਿਆ ਕਿ ਜ਼ਖਮੀ ਦੇ ਸਿਰ ‘ਤੇ ਚੋਟ ਲੱਗੀ ਸੀ, ਜਿਸਦਾ ਪ੍ਰਾਇਮਰੀ ਇਲਾਜ ਕਰ ਦਿੱਤਾ ਗਿਆ ਹੈ। ਘਟਨਾ ਦੀ ਸੂਚਨਾ ਸੰਬੰਧਤ ਪੁਲਿਸ ਥਾਣੇ ਨੂੰ ਭੇਜ ਦਿੱਤੀ ਗਈ ਹੈ।

Related Post