PTC News
Search
🔍 Search

PCS ਮੇਨਜ਼ ਦੇ ਨਤੀਜਿਆਂ ਨੂੰ ਲੈ ਕੇ ਸਿਆਸੀ ਘਮਾਸਾਨ, ਬਿਕਰਮ ਮਜੀਠੀਆ ਨੇ ਹਾਈ ਕੋਰਟ ਜਾਂ ਸੀ ਬੀ ਆਈ ਜਾਂਚ ਦੀ ਕੀਤੀ ਮੰਗ

ਪੰਜਾਬ ਸਿਵਲ ਸਰਵਿਸਿਜ਼ (ਪੀ ਸੀ ਐੱਸ) ਮੇਨਜ਼ (Mains) ਦੇ ਨਤੀਜੇ ਸ਼ੁੱਕਰਵਾਰ ਨੂੰ ਇੱਕ ਸਿਆਸੀ ਵਿਵਾਦ ਬਣ ਗਏ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਸੱਤਾਧਾਰੀ ਆਮ ਆਦਮੀ ਪਾਰਟੀ ਸਰਕਾਰ 'ਤੇ ਭਰਤੀ ਵਿੱਚ ਵੱਡੇ ਘੁਟਾਲੇ ਦਾ ਦੋਸ਼ ਲਾਉਂਦਿਆਂ

By  Amritpal Singh November 6th 2026 09:05 PM

ਪੰਜਾਬ ਸਿਵਲ ਸਰਵਿਸਿਜ਼ (ਪੀ ਸੀ ਐੱਸ) ਮੇਨਜ਼ (Mains) ਦੇ ਨਤੀਜੇ ਸ਼ੁੱਕਰਵਾਰ ਨੂੰ ਇੱਕ ਸਿਆਸੀ ਵਿਵਾਦ ਬਣ ਗਏ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਸੱਤਾਧਾਰੀ ਆਮ ਆਦਮੀ ਪਾਰਟੀ ਸਰਕਾਰ 'ਤੇ ਭਰਤੀ ਵਿੱਚ ਵੱਡੇ ਘੁਟਾਲੇ ਦਾ ਦੋਸ਼ ਲਾਉਂਦਿਆਂ, ਕਥਿਤ ਬੇਨਿਯਮੀਆਂ ਦੀ ਹਾਈ ਕੋਰਟ ਦੀ ਨਿਗਰਾਨੀ ਹੇਠ ਜਾਂ ਫਿਰ ਸੀ ਬੀ ਆਈ (CBI) ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।


ਪੰਜਾਬ ਲੋਕ ਸੇਵਾ ਕਮਿਸ਼ਨ (PPSC) ਨੇ 4 ਨਵੰਬਰ ਨੂੰ ਪੰਜਾਬ ਸਟੇਟ ਸਿਵਲ ਸਰਵਿਸਿਜ਼ ਕੰਬਾਈਂਡ ਕੰਪੀਟੀਟਿਵ ਪ੍ਰੀਖਿਆ-2025 (ਮੇਨਜ਼) ਦੇ ਨਤੀਜੇ ਐਲਾਨੇ ਸਨ, ਜਿਸ ਤੋਂ ਬਾਅਦ ਉਮੀਦਵਾਰਾਂ ਨੇ ਬੇਨਿਯਮੀਆਂ ਦੇ ਦੋਸ਼ ਲਾਏ ਹਨ ਅਤੇ ਵਿਰੋਧੀ ਧਿਰਾਂ ਵੱਲੋਂ ਸੁਤੰਤਰ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ।


ਮਜੀਠੀਆ ਨੇ ਪ੍ਰੀਖਿਆ ਪਾਸ ਨਾ ਕਰ ਸਕਣ ਵਾਲੇ ਉਮੀਦਵਾਰਾਂ ਦੇ ਇੱਕ ਸਮੂਹ ਨੂੰ ਚੰਡੀਗੜ੍ਹ ਸਥਿਤ ਪਾਰਟੀ ਦਫ਼ਤਰ ਬੁਲਾਇਆ ਅਤੇ ਚੋਣ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਲਿਆਉਣ ਦੀ ਉਨ੍ਹਾਂ ਦੀ ਮੰਗ ਦਾ ਪੂਰਨ ਸਮਰਥਨ ਕੀਤਾ। ਉਮੀਦਵਾਰਾਂ ਨੇ ਮੰਗ ਕੀਤੀ ਕਿ ਸ਼ਾਰਟਲਿਸਟ ਕੀਤੇ ਗਏ ਸਾਰੇ ਉਮੀਦਵਾਰਾਂ ਅਤੇ ਪੇਪਰ ਚੈੱਕ ਕਰਨ ਵਾਲਿਆਂ (evaluators) ਦੇ ਨਾਂ ਜਨਤਕ ਕੀਤੇ ਜਾਣ। ਉਨ੍ਹਾਂ ਨੇ ਸਬੂਤਾਂ ਨੂੰ ਨਸ਼ਟ ਹੋਣ ਤੋਂ ਬਚਾਉਣ ਲਈ ਸਾਰੇ ਪ੍ਰੀਖਿਆ ਕੇਂਦਰਾਂ ਦੀ ਸੀ ਸੀ ਟੀ ਵੀ ਫੁਟੇਜ ਸੁਰੱਖਿਅਤ ਰੱਖਣ ਦੀ ਵੀ ਮੰਗ ਕੀਤੀ।


ਉਮੀਦਵਾਰਾਂ ਨੇ ਚੋਣ ਪ੍ਰਕਿਰਿਆ 'ਤੇ ਸਵਾਲ ਚੁੱਕੇ ਅਤੇ ਦੋਸ਼ ਲਾਇਆ ਕਿ ਕੁਝ ਕੇਂਦਰਾਂ 'ਤੇ ਇੱਕੋ ਕਤਾਰ ਵਿੱਚ ਬੈਠੇ ਕਈ ਉਮੀਦਵਾਰਾਂ ਨੇ ਪ੍ਰੀਖਿਆ ਪਾਸ ਕਰ ਲਈ ਹੈ।


ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਨਾਲ ਤੁਲਨਾ ਕਰਦਿਆਂ, ਜਿਸ ਦੇ ਸਿਵਲ ਸਰਵਿਸਿਜ਼ ਮੇਨਜ਼ ਦੇ ਨਤੀਜੇ ਵੀਰਵਾਰ ਨੂੰ ਐਲਾਨੇ ਗਏ ਸਨ, ਉਮੀਦਵਾਰਾਂ ਨੇ ਕਿਹਾ ਕਿ ਯੂ ਪੀ ਐੱਸ ਸੀ ਨੇ ਸਫਲ ਉਮੀਦਵਾਰਾਂ ਦੇ ਨਾਂ ਜਨਤਕ ਕੀਤੇ ਹਨ। ਉਨ੍ਹਾਂ ਸਵਾਲ ਕੀਤਾ ਕਿ ਪੀ ਪੀ ਐੱਸ ਸੀ (PPSC) ਅਜਿਹੀ ਜਾਣਕਾਰੀ ਸਾਂਝੀ ਕਰਨ ਤੋਂ ਕਿਉਂ ਝਿਜਕ ਰਿਹਾ ਹੈ।


ਉਮੀਦਵਾਰਾਂ ਨੇ ਲਾਜ਼ਮੀ ਪੰਜਾਬੀ ਭਾਸ਼ਾ ਦੀ ਸ਼ਰਤ ਵਿੱਚ ਦਿੱਤੀ ਗਈ ਢਿੱਲ 'ਤੇ ਵੀ ਇਤਰਾਜ਼ ਜਤਾਇਆ ਅਤੇ ਦੋਸ਼ ਲਾਇਆ ਕਿ ਇਹ ਕਦਮ ਦੂਜੇ ਸੂਬਿਆਂ ਦੇ ਉਮੀਦਵਾਰਾਂ ਨੂੰ ਫਾਇਦਾ ਪਹੁੰਚਾਉਣ ਲਈ ਚੁੱਕਿਆ ਗਿਆ ਹੈ।


ਪ੍ਰਦਰਸ਼ਨਕਾਰੀ ਉਮੀਦਵਾਰਾਂ ਦਾ ਸਮਰਥਨ ਕਰਦਿਆਂ ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਇਸ ਮੁੱਦੇ ਨੂੰ ਸੜਕਾਂ ਤੋਂ ਲੈ ਕੇ ਸੰਸਦ ਤੱਕ ਉਠਾਏਗਾ ਅਤੇ ਉਦੋਂ ਤੱਕ ਚੁੱਪ ਨਹੀਂ ਬੈਠੇਗਾ ਜਦੋਂ ਤੱਕ ਇਸ ਕਥਿਤ ਘੁਟਾਲੇ ਦੇ ਜ਼ਿੰਮੇਵਾਰਾਂ ਨੂੰ ਇਨਸਾਫ਼ ਦੇ ਕਟਹਿਰੇ ਵਿੱਚ ਨਹੀਂ ਲਿਆਂਦਾ ਜਾਂਦਾ। ਉਨ੍ਹਾਂ ਕਿਹਾ ਕਿ ਇਨ੍ਹਾਂ ਕਥਿਤ ਬੇਨਿਯਮੀਆਂ ਨੇ ਹੋਣਹਾਰ ਨੌਜਵਾਨਾਂ ਦੇ ਭਵਿੱਖ ਨੂੰ ਖਤਰੇ ਵਿੱਚ ਪਾ ਦਿੱਤਾ ਹੈ।


ਦੂਜੇ ਪਾਸੇ, ਪੀ ਪੀ ਐੱਸ ਸੀ ਨੇ ਵੀਰਵਾਰ ਨੂੰ ਪੀ ਸੀ ਐੱਸ ਮੇਨਜ਼ ਪ੍ਰੀਖਿਆ 2025 ਦੇ ਨਤੀਜਿਆਂ ਵਿੱਚ ਬੇਨਿਯਮੀਆਂ ਦੇ ਸਾਰੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ। ਪਟਿਆਲਾ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੀ ਪੀ ਐੱਸ ਸੀ ਦੇ ਚੇਅਰਮੈਨ, ਮੇਜਰ ਜਨਰਲ ਵਿਨਾਇਕ ਸਾਹਨੀ (ਸੇਵਾਮੁਕਤ) ਨੇ ਕੇਂਦਰ-ਵਾਰ ਅਤੇ ਕਲਾਸਰੂਮ-ਵਾਰ ਚੋਣ ਅੰਕੜੇ ਪੇਸ਼ ਕੀਤੇ ਅਤੇ ਦਾਅਵਾ ਕੀਤਾ ਕਿ ਪ੍ਰੀਖਿਆ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਪਤਾ ਚੱਲਦਾ ਹੈ ਕਿ 331 ਅਸਾਮੀਆਂ ਲਈ ਪਟਿਆਲਾ ਦੇ 12 ਪ੍ਰੀਖਿਆ ਕੇਂਦਰਾਂ ਵਿੱਚ ਪ੍ਰੀਖਿਆ ਦੇਣ ਵਾਲੇ 3,959 ਉਮੀਦਵਾਰਾਂ ਵਿੱਚੋਂ 751 ਉਮੀਦਵਾਰਾਂ ਨੂੰ ਸ਼ਾਰਟਲਿਸਟ ਕਰਨ ਵਿੱਚ ਕੁਝ ਵੀ ਅਸਾਧਾਰਨ ਨਹੀਂ ਹੈ।

Related Post