India Census 2027 : ਭਾਰਤ ਦੀ ਜਨਗਣਨਾ 2027 ਲਈ ਤਿਆਰੀਆਂ ਸ਼ੁਰੂ, ਘਰ-ਲਿਸਟਿੰਗ ਕਾਰਜ 2026 ਵਿੱਚ ਹੋਵੇਗਾ
ਰਜਿਸਟਰਾਰ ਜਨਰਲ ਆਫ਼ ਇੰਡੀਆ (RGI) ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ, ਹਰ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਆਪਣੇ-ਆਪਣੇ ਤੌਰ ‘ਤੇ ਇਸ ਮਿਆਦ ਦੌਰਾਨ 30 ਦਿਨਾਂ ਦੇ ਅੰਦਰ ਘਰ-ਲਿਸਟਿੰਗ ਕਾਰਜ ਪੂਰਾ ਕਰੇਗਾ। ਜਨਗਣਨਾ 2027 ਭਾਰਤ ਦੀ ਪਹਿਲੀ ਪੂਰੀ ਤਰ੍ਹਾਂ ਡਿਜ਼ਿਟਲ ਜਨਗਣਨਾ ਹੋਵੇਗੀ, ਜਿਸ ਵਿੱਚ ਗਿਣਤੀਕਾਰ ਮੋਬਾਇਲ ਐਪਸ ਦੀ ਵਰਤੋਂ ਕਰਨਗੇ।
India Census 2027 : ਕੇਂਦਰੀ ਗ੍ਰਹਿ ਮੰਤਰਾਲੇ ਨੇ ਬੁੱਧਵਾਰ ਨੂੰ ਭਾਰਤ ਦੀ ਜਨਗਣਨਾ 2027 ਲਈ ਘਰ-ਲਿਸਟਿੰਗ (House-listing) ਕਾਰਜ ਸ਼ੁਰੂ ਕਰਨ ਦੀ ਸੂਚਨਾ ਜਾਰੀ ਕੀਤੀ। ਇਹ ਕਾਰਜ 1 ਅਪ੍ਰੈਲ ਤੋਂ 30 ਸਤੰਬਰ 2026 ਤੱਕ ਦੇਸ਼ ਭਰ ਦੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੀਤਾ ਜਾਵੇਗਾ। ਇਸ ਨਾਲ 16ਵੀਂ ਜਨਗਣਨਾ ਦੀ ਤਿਆਰੀਆਂ ਦੀ ਸਰਕਾਰੀ ਸ਼ੁਰੂਆਤ ਹੋ ਗਈ ਹੈ, ਜੋ ਕਿ 16 ਸਾਲਾਂ ਬਾਅਦ ਕਰਵਾਈ ਜਾ ਰਹੀ ਹੈ।
ਰਜਿਸਟਰਾਰ ਜਨਰਲ ਆਫ਼ ਇੰਡੀਆ (RGI) ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ, ਹਰ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਆਪਣੇ-ਆਪਣੇ ਤੌਰ ‘ਤੇ ਇਸ ਮਿਆਦ ਦੌਰਾਨ 30 ਦਿਨਾਂ ਦੇ ਅੰਦਰ ਘਰ-ਲਿਸਟਿੰਗ ਕਾਰਜ ਪੂਰਾ ਕਰੇਗਾ। ਜਨਗਣਨਾ 2027 ਭਾਰਤ ਦੀ ਪਹਿਲੀ ਪੂਰੀ ਤਰ੍ਹਾਂ ਡਿਜ਼ਿਟਲ ਜਨਗਣਨਾ ਹੋਵੇਗੀ, ਜਿਸ ਵਿੱਚ ਗਿਣਤੀਕਾਰ ਮੋਬਾਇਲ ਐਪਸ ਦੀ ਵਰਤੋਂ ਕਰਨਗੇ।
ਇਸ ਵਾਰ ਜਨਗਣਨਾ ਵਿੱਚ ਇੱਕ ਮਹੱਤਵਪੂਰਨ ਨਵੀਂ ਵਿਵਸਥਾ ਵੀ ਸ਼ਾਮਲ ਕੀਤੀ ਗਈ ਹੈ। ਪਹਿਲੀ ਵਾਰ ਘਰਾਂ ਨੂੰ ‘ਸੈਲਫ਼-ਇਨਯੂਮੇਰੇਸ਼ਨ’ ਦੀ ਸਹੂਲਤ ਦਿੱਤੀ ਜਾਵੇਗੀ, ਜਿਸ ਤਹਿਤ ਘਰ-ਘਰ ਸਰਵੇ ਤੋਂ 15 ਦਿਨ ਪਹਿਲਾਂ ਘਰੇਲੂ ਮੈਂਬਰ ਆਪਣੀ ਜਾਣਕਾਰੀ ਆਨਲਾਈਨ ਭਰ ਸਕਣਗੇ। ਇਸ ਪ੍ਰਕਿਰਿਆ ਦੌਰਾਨ ਇੱਕ ਯੂਨੀਕ ਆਈਡੀ ਜਾਰੀ ਕੀਤੀ ਜਾਵੇਗੀ, ਜੋ ਗਿਣਤੀਕਾਰ ਨੂੰ ਦਿਖਾ ਕੇ ਤਸਦੀਕ ਕਰਵਾਈ ਜਾ ਸਕੇਗੀ, ਜਿਸ ਨਾਲ ਘਰ-ਭੇਟ ਦੌਰਾਨ ਸਮਾਂ ਘੱਟ ਲੱਗੇਗਾ।
ਇਹ ਨੋਟੀਫਿਕੇਸ਼ਨ ਜਨਗਣਨਾ ਐਕਟ 1948 ਦੀਆਂ ਧਾਰਾਵਾਂ 3 ਅਤੇ 17A ਦੇ ਤਹਿਤ ਜਾਰੀ ਕੀਤੀ ਗਈ ਹੈ ਅਤੇ ਜਨਵਰੀ 2020 ਵਿੱਚ ਜਾਰੀ ਹੋਈ ਉਸ ਨੋਟੀਫਿਕੇਸ਼ਨ ਨੂੰ ਰੱਦ ਕਰਦੀ ਹੈ, ਜਿਸ ਅਧੀਨ 2021 ਦੀ ਜਨਗਣਨਾ ਹੋਣੀ ਸੀ ਪਰ ਕੋਰੋਨਾ ਮਹਾਮਾਰੀ ਕਾਰਨ ਟਾਲ ਦਿੱਤੀ ਗਈ ਸੀ।
ਸਰਕਾਰ ਮੁਤਾਬਕ, ਜਨਗਣਨਾ 2027 ਦੋ ਪੜਾਵਾਂ ਵਿੱਚ ਹੋਵੇਗੀ। ਪਹਿਲਾ ਪੜਾਵ 2026 ਵਿੱਚ ਘਰ-ਲਿਸਟਿੰਗ ਅਤੇ ਹਾਊਸਿੰਗ ਜਨਗਣਨਾ ਦਾ ਹੋਵੇਗਾ, ਜਦਕਿ ਦੂਜਾ ਪੜਾਵ 2027 ਦੀ ਸ਼ੁਰੂਆਤ ਵਿੱਚ ਆਬਾਦੀ ਗਿਣਤੀ ਲਈ ਕੀਤਾ ਜਾਵੇਗਾ। ਜ਼ਿਆਦਾਤਰ ਦੇਸ਼ ਲਈ ਆਬਾਦੀ ਗਿਣਤੀ ਦੀ ਰੈਫਰੈਂਸ ਤਾਰੀਖ 1 ਮਾਰਚ 2027 ਹੋਵੇਗੀ, ਜਦਕਿ ਬਰਫ਼ੀਲੇ ਅਤੇ ਦੁਰਗਮ ਖੇਤਰਾਂ ਜਿਵੇਂ ਲੱਦਾਖ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਲਈ ਇਹ ਤਾਰੀਖ 1 ਅਕਤੂਬਰ 2026 ਨਿਰਧਾਰਤ ਕੀਤੀ ਗਈ ਹੈ।
ਇਸ ਜਨਗਣਨਾ ਨੂੰ ਰਾਜਨੀਤਿਕ ਅਤੇ ਪ੍ਰਸ਼ਾਸਕੀ ਤੌਰ ‘ਤੇ ਵੀ ਕਾਫ਼ੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ, ਕਿਉਂਕਿ ਇਹ 1931 ਤੋਂ ਬਾਅਦ ਪਹਿਲੀ ਵਾਰ ਦੇਸ਼ ਪੱਧਰ ‘ਤੇ ਜਾਤੀ ਆਧਾਰਿਤ ਗਿਣਤੀ ਹੋਵੇਗੀ, ਐਸਸੀ ਅਤੇ ਐਸਟੀ ਤੋਂ ਇਲਾਵਾ। ਇਸ ਦੇ ਅਧਾਰ ‘ਤੇ ਭਵਿੱਖ ਵਿੱਚ ਚੋਣ ਖੇਤਰਾਂ ਦੀ ਹੱਦਬੰਦੀ (Delimitation) ਵੀ ਕੀਤੀ ਜਾਵੇਗੀ, ਜਦੋਂ ਸੰਵਿਧਾਨਕ ਰੋਕ ਹਟੇਗੀ।
ਘਰ-ਲਿਸਟਿੰਗ ਪੜਾਵ ਦੌਰਾਨ ਹਰ ਇਕ ਢਾਂਚੇ ‘ਤੇ ਘਰ-ਘਰ ਸਰਵੇ ਕੀਤਾ ਜਾਵੇਗਾ, ਜਿਸ ਵਿੱਚ ਰਹਾਇਸ਼ੀ ਹਾਲਾਤਾਂ ਅਤੇ ਬੁਨਿਆਦੀ ਸਹੂਲਤਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾਵੇਗੀ। ਜਨਗਣਨਾ 2027 ਲਈ ਘਰ-ਲਿਸਟਿੰਗ ਸ਼ਡਿਊਲ ਵਿੱਚ ਕੁੱਲ 34 ਕਾਲਮ ਹੋਣਗੇ। ਇਸ ਵਿੱਚ ਜੀਵਨ-ਮਿਆਰ ਅਤੇ ਤਕਨਾਲੋਜੀ ਦੀ ਵਰਤੋਂ ਨਾਲ ਸੰਬੰਧਿਤ ਨਵੇਂ ਸਵਾਲ ਵੀ ਸ਼ਾਮਲ ਕੀਤੇ ਗਏ ਹਨ। ਇਸ ਤੋਂ ਇਲਾਵਾ, ਘਰੇਲੂ ਪੱਧਰ ‘ਤੇ ਵਰਤੇ ਜਾਣ ਵਾਲੇ ਅਨਾਜ ਦੀ ਕਿਸਮ ਬਾਰੇ ਇੱਕ ਨਵਾਂ ਸਵਾਲ ਵੀ ਜੋੜਿਆ ਗਿਆ ਹੈ।
ਇਹ ਵੀ ਪੜ੍ਹੋ : Punjab Winter Vacations Extended : ਪੰਜਾਬ ਦੇ ਸਕੂਲਾਂ ’ਚ ਸਰਦੀਆਂ ਦੀਆਂ ਛੁੱਟੀਆਂ ’ਚ ਵਾਧਾ; ਹੁਣ ਇਸ ਦਿਨ ਤੱਕ ਬੰਦ ਰਹਿਣਗੇ ਸਕੂਲ