Toll Tax ਬਚਾਉਣਾ ਜਾਨ 'ਤੇ ਪਿਆ ਭਾਰੀ ! ਤਲਾਬ 'ਚ ਡਿੱਗੀ ਭੈਣ-ਭਰਾ ਦੀ ਕਾਰ, ਭਰਾ ਦੀ ਮੌਤ
Toll Tax Tragedy : ਯਮੁਨਾਨਗਰ ਜ਼ਿਲ੍ਹੇ ਦੇ ਮਿਲਕ ਮਾਜਰਾ ਟੋਲ ਪਲਾਜ਼ਾ 'ਤੇ ਟੋਲ ਟੈਕਸ ਬਚਾਉਣ ਦੀ ਕੋਸ਼ਿਸ਼ ਕਰਦੇ ਸਮੇਂ ਇੱਕ ਭੈਣ-ਭਰਾ ਨਾਲ ਦਰਦਨਾਕ ਹਾਦਸਾ ਵਾਪਰਿਆ। ਪਿੰਡ ਕਨਹਰੀ ਖੁਰਦ ਵਿੱਚ ਇੱਕ ਟੋਇਟਾ ਟਾਈਗਰ ਕਾਰ ਇੱਕ ਤਲਾਬ ਵਿੱਚ ਜਾ ਡਿੱਗੀ। ਕਾਰ 'ਚ ਪ੍ਰੋਫੈਸਰ ਕਲੋਨੀ ਦੇ ਰਹਿਣ ਵਾਲੇ ਭੈਣ-ਭਰਾ ਸਵਾਰ ਸਨ, ਜੋ ਕਿ ਚੰਡੀਗੜ੍ਹ ਤੋਂ ਪ੍ਰੀਖਿਆ ਦੇ ਕੇ ਆ ਰਹੇ ਸਨ।
ਘਟਨਾ ਦਾ ਪਤਾ ਲੱਗਣ 'ਤੇ ਨੇੜਲੇ ਪਿੰਡ ਵਾਸੀ ਮੌਕੇ 'ਤੇ ਪਹੁੰਚੇ ਅਤੇ ਟਰੈਕਟਰ-ਟਰਾਲੀ ਦੀ ਮਦਦ ਨਾਲ ਕਾਫ਼ੀ ਮਿਹਨਤ ਤੋਂ ਬਾਅਦ ਕਾਰ ਨੂੰ ਛੱਪੜ ਵਿੱਚੋਂ ਬਾਹਰ ਕੱਢਿਆ। ਦੋਵੇਂ ਭੈਣ-ਭਰਾ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਡਾਕਟਰਾਂ ਨੇ ਭਰਾ ਨੂੰ ਮ੍ਰਿਤਕ ਐਲਾਨ ਦਿੱਤਾ, ਜਦੋਂ ਕਿ ਭੈਣ ਦਾ ਇਲਾਜ ਚੱਲ ਰਿਹਾ ਹੈ।
ਚੰਡੀਗੜ੍ਹ 'ਚ ਸਾਫ਼ਟਵੇਅਰ ਇੰਜੀਨੀਅਰ ਸੀ ਹਿਮਾਂਸ਼ੂ
ਮ੍ਰਿਤਕ ਦੀ ਪਛਾਣ ਹਿਮਾਂਸ਼ੂ ਪੁੱਤਰ ਕ੍ਰਿਸ਼ਨ ਲਾਲ ਵਜੋਂ ਹੋਈ ਹੈ, ਜੋ ਚੰਡੀਗੜ੍ਹ ਦੀ ਇੱਕ ਕੰਪਨੀ ਵਿੱਚ ਸਾਫਟਵੇਅਰ ਇੰਜੀਨੀਅਰ ਸੀ। ਅੱਜ ਸਵੇਰੇ ਉਹ ਆਪਣੀ ਭੈਣ ਤਾਨਿਆ ਨੂੰ ਚੰਡੀਗੜ੍ਹ ਦੇ ਢਕੌਲੀ ਵਿੱਚ ਪ੍ਰੀਖਿਆ ਦੇਣ ਲਈ ਲੈ ਗਿਆ ਸੀ। ਜਦੋਂ ਵਾਪਸ ਆ ਰਹੇ ਸਨ ਤਾਂ ਦੁਪਹਿਰ 12 ਵਜੇ ਦੇ ਕਰੀਬ ਮਿਲਕ ਮਾਜਰਾ ਟੋਲ ਪਲਾਜ਼ਾ 'ਤੇ ਪਹੁੰਚੇ। ਇਸ ਦੌਰਾਨ ਉਹ ਟੋਲ ਟੈਕਸ ਤੋਂ ਬਚਣ ਲਈ ਸ਼ਾਰਟਕੱਟ ਰਸਤੇ ਰਾਹੀਂ ਪਿੰਡ 'ਚੋਂ ਲੰਘਣ ਲੱਗੇ ਤਾਂ ਕਨਹਰੀ ਖੁਰਦ ਪਿੰਡ ਵਿੱਚ ਸੜਕ ਤੰਗ ਹੋਣ ਕਾਰਨ ਸਾਹਮਣੇ ਤੋਂ ਇੱਕ ਹੋਰ ਵਾਹਨ ਆਉਣ ਕਾਰਨ ਕਾਰ ਬੇਕਾਬੂ ਹੋ ਕੇ ਤਲਾਬ ਵਿੱਚ ਡਿੱਗ ਗਈ।
100 ਰੁਪਏ ਦਾ ਟੋਲ ਟੈਕਸ ਪਿਆ ਜਾਨ 'ਤੇ ਭਾਰੀ
ਹਿਮਾਂਸ਼ੂ ਦੇ ਪਿਤਾ ਕ੍ਰਿਸ਼ਨ ਲਾਲ ਨੇ ਦੱਸਿਆ ਕਿ ਉਨ੍ਹਾਂ ਨੇ ਹਿਮਾਂਸ਼ੂ ਲਈ 15 ਦਿਨ ਪਹਿਲਾਂ ਇੱਕ ਨਵੀਂ ਕਾਰ ਖਰੀਦੀ ਸੀ, ਜਿਸਨੂੰ ਹਿਮਾਂਸ਼ੂ ਚੰਡੀਗੜ੍ਹ ਲੈ ਗਿਆ ਸੀ। ਉਸਦੀ ਭੈਣ ਤਾਨਿਆ ਦਾ ਸ਼ੁੱਕਰਵਾਰ ਨੂੰ ਚੰਡੀਗੜ੍ਹ ਵਿੱਚ ਇਮਤਿਹਾਨ ਸੀ, ਇਸ ਲਈ ਉਸਦੇ ਪਿਤਾ ਨੇ ਉਸਦੇ ਲਈ ਇੱਕ ਕੈਬ ਬੁੱਕ ਕੀਤੀ ਸੀ। ਪਰ ਹਿਮਾਂਸ਼ੂ ਨੇ ਕਿਹਾ ਕਿ ਉਹ ਖੁਦ ਤਾਨਿਆ ਨੂੰ ਲੈ ਜਾਵੇਗਾ। ਪਰ ਵਾਪਸ ਆਉਂਦੇ ਸਮੇਂ ਹਿਮਾਂਸ਼ੂ ਨੇ ਮਿਲਕ ਮਾਜਰਾ ਟੋਲ ਪਲਾਜ਼ਾ 'ਤੇ ₹100 ਬਚਾਉਣ ਲਈ ਇੱਕ ਸ਼ਾਰਟਕੱਟ ਲਿਆ, ਜੋ ਕਿ ਉਸ ਦੇ ਪੁੱਤ ਲਈ ਜਾਨਲੇਵਾ ਸਾਬਤ ਹੋਇਆ।
ਸੂਚਨਾ ਮਿਲਣ 'ਤੇ ਛਪਾਰ ਥਾਣੇ ਦੀ ਪੁਲਿਸ ਜਗਾਧਰੀ ਸਿਵਲ ਹਸਪਤਾਲ ਪਹੁੰਚੀ। ਜਾਂਚ ਅਧਿਕਾਰੀ ਬਲਦੇਵ ਰਾਜ ਨੇ ਦੱਸਿਆ ਕਿ ਉਨ੍ਹਾਂ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
- PTC NEWS