PTC News
Search

Punjab Congress chief: ਪਰਗਟ ਸਿੰਘ ਬਣੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ, ਜਲੰਧਰ ਕੈਂਟ ਤੋਂ ਵਿਧਾਇਕ

ਪਰਗਟ ਸਿੰਘ ਬਣੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ। ਸਾਢੇ ਚਾਰ ਸਾਲ ਬਾਅਦ ਰਾਜਾ ਵੜਿੰਗ ਨੇ ਦਿੱਤਾ ਅਸਤੀਫ਼ਾ, ਜਾਣੋ ਧੜੇਬੰਦੀ ਦੀ ਪੂਰੀ ਕਹਾਣੀ।

By  Jasleen Kaur October 2nd 2026 09:28 PM -- Updated: October 2nd 2026 09:52 PM

Punjab Congress chief:: ਕਾਂਗਰਸ (Congress) ਨੇ ਪੰਜਾਬ (Punjab) ਵਿੱਚ ਵੱਡਾ ਸੰਗਠਨਾਤਮਕ ਫੇਰਬਦਲ ਕਰਦਿਆਂ ਜਲੰਧਰ ਕੈਂਟ ਤੋਂ ਵਿਧਾਇਕ ਅਤੇ ਸਾਬਕਾ ਓਲੰਪੀਅਨ ਪਰਗਟ ਸਿੰਘ (Pargat Singh) ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (PPCC) ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਹੈ। ਉਨ੍ਹਾਂ ਦੀ ਨਿਯੁਕਤੀ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਈ ਹੈ।

ਇਹ ਫ਼ੈਸਲਾ ਅਮਰਿੰਦਰ ਸਿੰਘ ਰਾਜਾ ਵੜਿੰਗ (Raja warring) ਵੱਲੋਂ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਕੁਝ ਸਮਾਂ ਬਾਅਦ ਹੀ ਆਇਆ ਹੈ। ਵੜਿੰਗ ਨੇ ਦਿੱਲੀ ਵਿੱਚ ਰਾਹੁਲ ਗਾਂਧੀ ਦੀ ਰਿਹਾਇਸ਼ 'ਤੇ ਹੋਈ ਮੁਲਾਕਾਤ ਤੋਂ ਬਾਅਦ ਆਪਣਾ ਅਸਤੀਫ਼ਾ ਸੌਂਪਿਆ।

'ਅਸਤੀਫ਼ਾ ਮੈਂ ਆਪਣੀ ਮਰਜ਼ੀ ਨਾਲ ਦਿੱਤਾ'

ਮੁਲਾਕਾਤ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਉਨ੍ਹਾਂ ਨੇ ਅਸਤੀਫ਼ਾ ਆਪਣੀ ਮਰਜ਼ੀ ਨਾਲ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਵਿੱਚ ਆਮ ਤੌਰ 'ਤੇ ਅਸਤੀਫ਼ਾ ਮੰਗਿਆ ਨਹੀਂ ਜਾਂਦਾ, ਸਗੋਂ ਅਹੁਦਾ ਛੱਡਣ ਵਾਲੇ ਅਹੁਦੇਦਾਰ ਦਾ ਧੰਨਵਾਦ ਕਰਦਿਆਂ ਇੱਕ ਪੱਤਰ ਜਾਰੀ ਕੀਤਾ ਜਾਂਦਾ ਹੈ।

ਲੀਡਰਸ਼ਿਪ ਵਿੱਚ ਹੋਏ ਇਸ ਬਦਲਾਅ ਬਾਰੇ ਵੜਿੰਗ ਨੇ ਸੰਭਲ ਕੇ ਪ੍ਰਤੀਕਿਰਿਆ ਦਿੱਤੀ। ਉਹ ਕੁਝ ਨਿਰਾਸ਼ ਨਜ਼ਰ ਆਏ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਰਾਹੁਲ ਗਾਂਧੀ ਨਾਲ ਪੰਜਾਬ ਕਾਂਗਰਸ ਸਾਹਮਣੇ ਖੜ੍ਹੀਆਂ ਚੁਣੌਤੀਆਂ ਬਾਰੇ ਚਰਚਾ ਕੀਤੀ। ਨਾਲ ਹੀ ਉਨ੍ਹਾਂ ਸੰਕੇਤ ਦਿੱਤਾ ਕਿ ਲਗਭਗ ਸਾਢੇ ਚਾਰ ਸਾਲ ਪੰਜਾਬ ਇਕਾਈ ਦੇ ਮੁਖੀ ਵਜੋਂ ਸੇਵਾ ਨਿਭਾਉਣ ਤੋਂ ਬਾਅਦ ਉਨ੍ਹਾਂ ਨੂੰ ਕੁਝ ਸਮਾਂ ਆਰਾਮ ਦੀ ਲੋੜ ਹੈ।

ਸਚਿਨ ਪਾਇਲਟ ਬਾਰੇ ਕੀ ਬੋਲੇ ਵੜਿੰਗ

ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ (Sachin Pilot) ਬਾਰੇ ਵੜਿੰਗ ਨੇ ਕਿਹਾ ਕਿ ਸ਼ਾਇਦ ਪਾਇਲਟ ਨੂੰ ਲੱਗਿਆ ਹੋਵੇ ਕਿ ਉਨ੍ਹਾਂ ਨੂੰ ਅਹੁਦੇ ਤੋਂ ਹਟਾਇਆ ਜਾਣਾ ਚਾਹੀਦਾ ਹੈ। ਹਾਲਾਂਕਿ, ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਬਾਰੇ ਉਨ੍ਹਾਂ ਕੋਲ ਕੋਈ ਪੁਸ਼ਟੀ ਨਹੀਂ ਹੈ। ਵੜਿੰਗ ਨੇ ਦੱਸਿਆ ਕਿ ਉਹ ਪਾਇਲਟ ਨੂੰ ਦਿੱਲੀ ਵਿੱਚ ਸਿਰਫ਼ ਇੱਕ ਵਾਰ ਮਿਲੇ ਸਨ, ਜਦੋਂ ਉਹ ਉਨ੍ਹਾਂ ਨੂੰ ਜਨਮ ਦਿਨ ਦੀ ਵਧਾਈ ਦੇਣ ਗਏ ਸਨ। ਇਸ ਤੋਂ ਬਾਅਦ ਚੰਡੀਗੜ੍ਹ ਵਿੱਚ ਹੋਏ ਇੱਕ ਪ੍ਰਦਰਸ਼ਨ ਦੌਰਾਨ ਉਨ੍ਹਾਂ ਨੇ ਪਾਇਲਟ ਨਾਲ ਲਗਭਗ ਦੋ ਘੰਟੇ ਬਿਤਾਏ।


ਵੜਿੰਗ ਨੂੰ ਬਦਲਣ ਦਾ ਫ਼ੈਸਲਾ ਕਿਵੇਂ ਹੋਇਆ

ਰਿਪੋਰਟਾਂ ਮੁਤਾਬਕ, ਵੜਿੰਗ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੁਖਜਿੰਦਰ ਸਿੰਘ ਰੰਧਾਵਾ ਨਾਲ ਜੁੜੇ ਆਗੂਆਂ ਵਿਚਾਲੇ ਮਤਭੇਦ ਸਮੇਂ ਦੇ ਨਾਲ ਵਧਦੇ ਗਏ। ਚੰਡੀਗੜ੍ਹ ਵਿੱਚ ਸਚਿਨ ਪਾਇਲਟ ਦੀ ਹਾਜ਼ਰੀ ਵਾਲੇ ਇੱਕ ਸਮਾਗਮ ਦੌਰਾਨ ਚੰਨੀ ਨੇ ਆਪਣੇ ਭਾਸ਼ਣ ਵਿੱਚ ਵੜਿੰਗ ਦਾ ਜ਼ਿਕਰ ਤੱਕ ਨਹੀਂ ਕੀਤਾ। ਪਾਇਲਟ ਨੇ ਦੋਵਾਂ ਧੜਿਆਂ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਕੀਤੀ, ਪਰ ਸੂਬਾ ਇਕਾਈ ਅੰਦਰ ਮਤਭੇਦ ਬਣੇ ਰਹੇ। ਰਿਪੋਰਟਾਂ ਵਿੱਚ ਧੜੇਬੰਦੀ ਨੂੰ ਲੀਡਰਸ਼ਿਪ ਬਦਲਣ ਦੇ ਕਾਰਨਾਂ ਵਿੱਚੋਂ ਇੱਕ ਦੱਸਿਆ ਗਿਆ ਹੈ।

ਪਾਰਟੀ ਸੂਤਰਾਂ ਅਨੁਸਾਰ, ਚੰਨੀ ਅਤੇ ਰੰਧਾਵਾ ਧੜਿਆਂ ਦੇ ਆਗੂਆਂ ਨੇ ਪਾਇਲਟ ਨੂੰ ਦੱਸਿਆ ਕਿ ਉਹ ਵੜਿੰਗ ਦੀ ਅਗਵਾਈ ਹੇਠ ਕੰਮ ਕਰਨ ਵਿੱਚ ਸਹਿਜ ਨਹੀਂ ਹਨ। ਇਹ ਅਸਹਿਮਤੀ ਪਹਿਲਾਂ ਹੋਈਆਂ ਸੰਗਠਨਾਤਮਕ ਮੀਟਿੰਗਾਂ ਨਾਲ ਜੁੜੀ ਦੱਸੀ ਜਾ ਰਹੀ ਹੈ, ਜਿਨ੍ਹਾਂ ਵਿੱਚ ਵਿਰੋਧੀ ਧੜਿਆਂ ਦੇ ਮੈਂਬਰਾਂ ਨੇ ਇੱਕ-ਦੂਜੇ 'ਤੇ ਪਾਰਟੀ ਵਿਰੁੱਧ ਕੰਮ ਕਰਨ ਦੇ ਦੋਸ਼ ਲਾਏ ਸਨ। ਵੜਿੰਗ ਨੇ ਵੀ ਕਈ ਮੌਕਿਆਂ 'ਤੇ ਵਿਰੋਧੀ ਧੜੇ ਦੇ ਆਗੂਆਂ ਦੀ ਆਲੋਚਨਾ ਕੀਤੀ ਸੀ।

ਪੰਜਾਬ ਕਾਂਗਰਸ ਦੇ ਇੰਚਾਰਜ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਸਚਿਨ ਪਾਇਲਟ ਨੇ ਜ਼ਿਲ੍ਹਾ ਪ੍ਰਧਾਨਾਂ ਅਤੇ ਨੌਜਵਾਨ ਆਗੂਆਂ ਨਾਲ ਮੀਟਿੰਗਾਂ ਕਰਕੇ ਸੰਗਠਨ ਦੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਜ਼ਮੀਨੀ ਪੱਧਰ ਤੋਂ ਫੀਡਬੈਕ ਇਕੱਠਾ ਕੀਤਾ। ਇਸ ਮਗਰੋਂ ਉਨ੍ਹਾਂ ਨੇ ਆਪਣੀ ਰਿਪੋਰਟ ਪਾਰਟੀ ਹਾਈ ਕਮਾਨ ਨੂੰ ਸੌਂਪੀ। ਰਿਪੋਰਟਾਂ ਮੁਤਾਬਕ, ਇਸ ਪ੍ਰਕਿਰਿਆ ਦਾ ਮਕਸਦ ਸੂਬਾ ਇਕਾਈ ਅੰਦਰਲੇ ਮਤਭੇਦਾਂ ਦੀ ਹੱਦ ਅਤੇ ਪਾਰਟੀ ਵਰਕਰਾਂ ਦੀਆਂ ਲੀਡਰਸ਼ਿਪ ਸਬੰਧੀ ਚਿੰਤਾਵਾਂ ਨੂੰ ਸਮਝਣਾ ਸੀ।

Related Post