Gurdaspur ’ਚ ਮੰਡਰਾਇਆ ਹੜ੍ਹ ਦਾ ਖਤਰਾ ! ਸਠਿਆਲੀ ਹੈੱਡਵਰਕਸ ਨੇੜੇ ਨਹਿਰ ’ਚ ਪਿਆ ਵੱਡਾ ਪਾੜ
ਗੁਰਦਾਸਪੁਰ ਦੇ ਸਠਿਆਲੀ ਹੈੱਡ ਵਰਕਸ ਤੋਂ ਕੁਝ ਹੀ ਦੂਰੀ ‘ਤੇ ਅੱਪਰ ਬਾਰੀ ਦੁਆਬ ਨਹਿਰ ਵਿੱਚ ਕਰੀਬ 40 ਫੁੱਟ ਤੋਂ ਵੱਧ ਦਾ ਵੱਡਾ ਪਾੜ ਪੈ ਗਿਆ।
Gurdaspur News : ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਨਹਿਰਾਂ ਨੂੰ ਪੱਕਾ ਕਰਨ ਅਤੇ ਸਿੰਚਾਈ ਪ੍ਰਬੰਧ ਮਜ਼ਬੂਤ ਬਣਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਦੂਜੇ ਪਾਸੇ ਜ਼ਿਲ੍ਹਾ ਗੁਰਦਾਸਪੁਰ ਦੇ ਸਠਿਆਲੀ ਹੈੱਡ ਵਰਕਸ ਤੋਂ ਕੁਝ ਹੀ ਦੂਰੀ ‘ਤੇ ਅੱਪਰ ਬਾਰੀ ਦੁਆਬ ਨਹਿਰ ਵਿੱਚ ਕਰੀਬ 40 ਫੁੱਟ ਤੋਂ ਵੱਧ ਦਾ ਵੱਡਾ ਪਾੜ ਪੈ ਗਿਆ। ਇਸ ਕਾਰਨ ਨੇੜਲੇ ਘਰਾਂ, ਖੇਤਾਂ ਅਤੇ ਰਿਹਾਇਸ਼ੀ ਇਲਾਕਿਆਂ ਵਿੱਚ ਪਾਣੀ ਫੈਲ ਗਿਆ, ਜਿਸ ਨਾਲ ਭਾਰੀ ਨੁਕਸਾਨ ਹੋਇਆ ਹੈ।
ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਨਹਿਰ ਰਾਤ ਸਮੇਂ ਟੁੱਟੀ ਸੀ। ਨਹਿਰੀ ਵਿਸ਼ਰਾਮ ਘਰ ਵਿੱਚ ਰਹਿੰਦੀ ਪ੍ਰਵਾਸੀ ਮਜ਼ਦੂਰ ਲੇਬਰ ਅਨੁਸਾਰ ਰਾਤ ਕਰੀਬ 3 ਵਜੇ ਉਨ੍ਹਾਂ ਦੇ ਕਮਰਿਆਂ ਵਿੱਚ ਅਚਾਨਕ ਪਾਣੀ ਦਾਖਲ ਹੋਇਆ, ਜਿਸ ਤੋਂ ਬਾਅਦ ਪਤਾ ਲੱਗਾ ਕਿ ਨਹਿਰ ਟੁੱਟ ਚੁੱਕੀ ਹੈ। ਪਾਣੀ ਸ੍ਰੀ ਹਰਗੋਬਿੰਦਪੁਰ-ਗੁਰਦਾਸਪੁਰ ਮਾਰਗ ਨੂੰ ਪਾਰ ਕਰਦਾ ਹੋਇਆ ਨੇੜਲੇ ਘਰਾਂ ਅਤੇ ਖੇਤਾਂ ਵਿੱਚ ਜਾ ਵੜਿਆ।
ਨਹਿਰ ਟੁੱਟਣ ਕਾਰਨ ਝੋਨੇ ਦੀ ਲੱਗੀ ਹੋਈ ਫ਼ਸਲ ਵੀ ਪਾਣੀ ਹੇਠ ਆ ਗਈ। ਇਲਾਕੇ ਵਿੱਚ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ, ਜਦਕਿ ਪ੍ਰਭਾਵਿਤ ਪਰਿਵਾਰਾਂ ਲਈ ਹਾਲਾਤ ਚਿੰਤਾਜਨਕ ਬਣੇ ਹੋਏ ਹਨ।
ਪ੍ਰਭਾਵਿਤ ਵਸਨੀਕ ਤਰਸੇਮ ਸਿੰਘ, ਸੁਰਜੀਤ ਸਿੰਘ ਅਤੇ ਹੋਰਨਾਂ ਨੇ ਦੱਸਿਆ ਕਿ ਉਨ੍ਹਾਂ ਦੇ ਘਰਾਂ ਵਿੱਚ ਪਾਣੀ ਦਾਖਲ ਹੋਣ ਕਾਰਨ ਖਾਣ ਲਈ ਰੱਖੀ ਕਣਕ, ਘਰੇਲੂ ਸਾਮਾਨ ਅਤੇ ਹੋਰ ਕੀਮਤੀ ਵਸਤਾਂ ਡੁੱਬ ਗਈਆਂ ਹਨ। ਉਨ੍ਹਾਂ ਕਿਹਾ ਕਿ ਨੁਕਸਾਨ ਦਾ ਸਹੀ ਅੰਦਾਜ਼ਾ ਲਗਾਉਣਾ ਹਾਲੇ ਸੰਭਵ ਨਹੀਂ।
ਇਸ ਸਬੰਧੀ ਜਦੋਂ ਮੌਕੇ ‘ਤੇ ਮੌਜੂਦ ਨਹਿਰੀ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਤੁਰੰਤ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਦੂਜੇ ਪਾਸੇ ਇੱਕ ਨਿੱਜੀ ਠੇਕੇਦਾਰ ਦੀਆਂ ਭਾਰੀ ਪੋਕਲੇਨ ਮਸ਼ੀਨਾਂ ਦੀ ਮਦਦ ਨਾਲ ਪਾੜ ਨੂੰ ਬੰਦ ਕਰਨ ਦੇ ਯਤਨ ਜਾਰੀ ਹਨ। ਹਾਲਾਂਕਿ ਨਹਿਰ ਵਿੱਚ ਪਾਣੀ ਦਾ ਵਹਾਅ ਜਾਰੀ ਰਹਿਣ ਕਾਰਨ ਕੰਮ ਵਿੱਚ ਮੁਸ਼ਕਲਾਂ ਆ ਰਹੀਆਂ ਹਨ।
ਇਲਾਕੇ ਦੇ ਕਿਸਾਨਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਲਗਾਇਆ ਗਿਆ ਝੋਨਾ ਪਾਣੀ ਹੇਠ ਆ ਗਿਆ ਹੈ ਅਤੇ ਫ਼ਸਲ ਦੇ ਬਚਣ ਦੀ ਸੰਭਾਵਨਾ ਬਹੁਤ ਘੱਟ ਹੈ। ਕਿਸਾਨਾਂ ਨੇ ਚਿੰਤਾ ਜ਼ਾਹਰ ਕੀਤੀ ਕਿ ਨਾ ਤਾਂ ਉਨ੍ਹਾਂ ਕੋਲ ਦੁਬਾਰਾ ਲਗਾਉਣ ਲਈ ਪਨੀਰੀ ਮੌਜੂਦ ਹੈ ਅਤੇ ਨਾ ਹੀ ਨੁਕਸਾਨ ਦੀ ਭਰਪਾਈ ਦਾ ਕੋਈ ਭਰੋਸਾ ਦਿੱਤਾ ਗਿਆ ਹੈ।
ਪ੍ਰਭਾਵਿਤ ਲੋਕਾਂ ਅਤੇ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਨੁਕਸਾਨ ਦਾ ਤੁਰੰਤ ਮੁਲਾਂਕਣ ਕਰਕੇ ਯੋਗ ਮੁਆਵਜ਼ਾ ਦਿੱਤਾ ਜਾਵੇ ਅਤੇ ਨਹਿਰ ਦੀ ਮਜ਼ਬੂਤੀ ਲਈ ਪੱਕੇ ਪ੍ਰਬੰਧ ਕੀਤੇ ਜਾਣ।
ਇਹ ਵੀ ਪੜ੍ਹੋ : Nitin Nabin Punjab Visit Update : ਬੀਜੇਪੀ ਕੌਮੀ ਪ੍ਰਧਾਨ ਨਿਤਿਨ ਨਬੀਨ ਦਾ ਪੰਜਾਬ ’ਚ ਆਖ਼ਿਰੀ ਦਿਨ; ਚੋਣ ਰਣਨੀਤੀ ’ਤੇ ਜਿਆਦਾ ਧਿਆਨ ਕੇਂਦ੍ਰਿਤ