Punjab Fog News : ਪੰਜਾਬ ‘ਚ ਸੰਘਣੀ ਧੁੰਦ ਦਾ ਕਹਿਰ, ਵਿਜ਼ੀਬਿਲਟੀ ਹੋਈ ਜ਼ੀਰੋ , ਨਾ ਨਿਕਲਿਓ ਘਰੋਂ ਬਾਹਰ

Punjab Fog News : ਪੰਜਾਬ ਵਿਚ ਸੰਘਣੀ ਧੁੰਦ ਪੈ ਰਹੀ ਹੈ। ਵਿਜ਼ੀਬਿਲਟੀ ਬਿਲਕੁਲ ਜ਼ੀਰੋ ਹੋ ਗਈ ਹੈ ਤੇ ਅਜਿਹੇ ਵਿਚ ਵਾਹਨ ਚਾਲਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇਕਰ ਤੁਸੀਂ ਰਾਤ ਨੂੰ ਡਰਾਈਵਿੰਗ ਕਰਨ ਦਾ ਸੋਚ ਰਹੇ ਹੋ ਤਾਂ ਇਹ ਤਸਵੀਰਾਂ ਘਰੋਂ ਨਿਕਲਣ ਤੋਂ ਪਹਿਲਾਂ ਜਰੂਰ ਦੇਖੋ। ਪੰਜਾਬ ਦੇ 13 ਜ਼ਿਲ੍ਹਿਆਂ 'ਚ ਮੌਸਮ ਵਿਭਾਗ ਵੱਲੋਂ ਸੰਘਣੀ ਧੁੰਦ ਦਾ ਅਲਰਟ ਕੀਤਾ ਹੋਇਆ ਹੈ

By  Shanker Badra December 18th 2025 07:51 PM

Punjab Fog News : ਪੰਜਾਬ ਵਿਚ ਸੰਘਣੀ ਧੁੰਦ ਪੈ ਰਹੀ ਹੈ। ਵਿਜ਼ੀਬਿਲਟੀ ਬਿਲਕੁਲ ਜ਼ੀਰੋ ਹੋ ਗਈ ਹੈ ਤੇ ਅਜਿਹੇ ਵਿਚ ਵਾਹਨ ਚਾਲਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇਕਰ ਤੁਸੀਂ ਰਾਤ ਨੂੰ ਡਰਾਈਵਿੰਗ ਕਰਨ ਦਾ ਸੋਚ ਰਹੇ ਹੋ ਤਾਂ ਇਹ ਤਸਵੀਰਾਂ ਘਰੋਂ ਨਿਕਲਣ ਤੋਂ ਪਹਿਲਾਂ ਜਰੂਰ ਦੇਖੋ। ਪੰਜਾਬ ਦੇ 13 ਜ਼ਿਲ੍ਹਿਆਂ 'ਚ ਮੌਸਮ ਵਿਭਾਗ ਵੱਲੋਂ ਸੰਘਣੀ ਧੁੰਦ ਦਾ ਅਲਰਟ ਕੀਤਾ ਹੋਇਆ ਹੈ। ਇਹ ਤਸਵੀਰਾਂ ਜਲੰਧਰ -ਜੰਮੂ ਨੈਸ਼ਨਲ ਹਾਈਵੇ ਦੀਆਂ ਹਨ ,ਜੋ ਦਿੱਲੀ ਜੰਮੂ ਕਟੜਾ ਮੁੱਖ ਮਾਰਗ ਹੈ। ਅੱਜ ਬਾਅਦ ਦੁਪਹਿਰ ਹੀ ਧੁੰਦ ਦੀ ਚਿੱਟੀ ਚਾਦਰ ਨੇ ਆਵਾਜਾਈ ਪ੍ਰਭਾਵਿਤ ਕਰਕੇ ਰੱਖ ਦਿੱਤੀ। 

ਜਲੰਧਰ ਜੰਮੂ ਨੈਸ਼ਨਲ ਹਾਈਵੇ ਦੀਆਂ ਤਸਵੀਰਾਂ ਦੇਖ ਕੇ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ ਪੰਜਾਬ ਦੇ ਇਸ ਸਮੇਂ ਧੁੰਦ ਕਰਕੇ ਅਤੇ ਠੰਡ ਕਰਕੇ ਕਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ। ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਬੀਤੇ ਕੱਲ ਤੋਂ ਸੰਘਣੀ ਧੁੰਦ ਪੈ ਰਹੀ ਹੈ ਤਾਂ ਇਸ ਦੇ ਵਿੱਚ ਡਰਾਈਵਿੰਗ ਕਰਦੇ ਸਮੇਂ ਬਿਲਕੁਲ ਸਲੋ ਡਰਾਈਵਿੰਗ ਕਰੋ, ਡੀਪਰ ਦੀ ਵਰਤੋਂ ਤੇ ਲਾਈਟ ਦੀ ਵਰਤੋਂ ਕਰੋ ਤਾਂ ਜੋ ਕੋਈ ਵੱਡੀ ਅਣਸਖਾਵੀ ਘਟਨਾ ਨਾ ਹੋ ਸਕੇ ਅਤੇ ਕਿਸੇ ਦੀ ਕੀਮਤੀ ਜਾਨ ਨਾ ਜਾ ਸਕੇ।  

ਇਸ ਤੋਂ ਇਲਾਵਾ ਪੰਜਾਬ 'ਚ ਅਗਲੇ 24 ਘੰਟਿਆਂ ਦੌਰਾਨ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਪੰਜਾਬ ਰਾਜ ਆਫ਼ਤ ਪ੍ਰਬੰਧਨ ਅਥਾਰਟੀ ਵੱਲੋਂ ਫੋਨ 'ਤੇ ਮੈਸੇਜ ਰਾਹੀਂ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਅੰਮ੍ਰਿਤਸਰ, ਫਤਿਹਗੜ੍ਹ ਸਾਹਿਬ, ਜਲੰਧਰ, ਕਪੂਰਥਲਾ, ਲੁਧਿਆਣਾ ਅਤੇ ਪਟਿਆਲਾ ਸਮੇਤ ਕਈ ਇਲਾਕਿਆਂ ਵਿੱਚ ਸੰਘਣੀ ਧੁੰਦ ਛਾਈ ਰਹਿ ਸਕਦੀ ਹੈ। ਇਸ ਚੇਤਾਵਨੀ ਸਬੰਧੀ ਲੋਕਾਂ ਦੇ ਮੋਬਾਈਲ ਫੋਨਾਂ ’ਤੇ ਮੈਸੇਜ ਰਾਹੀਂ ਅਲਰਟ ਭੇਜਿਆ ਜਾ ਰਿਹਾ ਹੈ ਤਾਂ ਜੋ ਸਮੇਂ ਸਿਰ ਸਾਵਧਾਨੀ ਵਰਤੀ ਜਾ ਸਕੇ।

ਮੈਸੇਜ ਵਿੱਚ ਕਿਹਾ ਗਿਆ ਹੈ ਕਿ ਧੁੰਦ ਕਾਰਨ ਵਿਜ਼ੀਵਿਲਟੀ ਘੱਟ ਹੋਣ ਕਾਰਨ ਸੜਕ ਆਵਾਜਾਈ ਅਤੇ ਰੋਜ਼ਾਨਾ ਜੀਵਨ ਪ੍ਰਭਾਵਿਤ ਹੋ ਸਕਦਾ ਹੈ। ਲੋਕਾਂ ਨੂੰ ਸਾਵਧਾਨ ਰਹਿਣ ਅਤੇ ਬਿਨਾਂ ਲੋੜ ਯਾਤਰਾ ਤੋਂ ਪਰਹੇਜ਼ ਕਰਨ ਦੀ ਅਪੀਲ ਕੀਤੀ ਗਈ ਹੈ। ਪੰਜਾਬ SDMA ਨੇ ਕਿਹਾ ਹੈ ਕਿ ਕਿਸੇ ਵੀ ਕਿਸਮ ਦੀ ਐਮਰਜੈਂਸੀ ਦੀ ਸਥਿਤੀ ਵਿੱਚ ਤੁਰੰਤ 112 ’ਤੇ ਸੰਪਰਕ ਕੀਤਾ ਜਾਵੇ। ਪ੍ਰਸ਼ਾਸਨ ਵੱਲੋਂ ਸਥਿਤੀ ’ਤੇ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਲੋੜ ਅਨੁਸਾਰ ਹੋਰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣਗੇ।

ਧੁੰਦ ਕਾਰਨ ਹਾਦਸੇ 

ਪੰਜਾਬ ਵਿੱਚ ਸੰਘਣੀ ਧੁੰਦ ਕਾਰਨ ਜਲੰਧਰ-ਜੰਮੂ ਰਾਸ਼ਟਰੀ ਰਾਜਮਾਰਗ 'ਤੇ ਇੱਕ ਵੱਡਾ ਹਾਦਸਾ ਵਾਪਰਿਆ। ਕਾਲਾ ਬਕਰਾ ਪਿੰਡ ਨੇੜੇ ਵਿਜ਼ੀਬਿਲਟੀ ਬਿਲਕੁਲ ਜ਼ੀਰੋ ਹੋਣ ਕਾਰਨ ਪੰਜ ਵਾਹਨਾਂ ਆਪਸ 'ਚ ਟਕਰਾ ਗਏ। ਟਰੱਕ ਹਾਈਵੇਅ 'ਤੇ ਜਾ ਰਿਹਾ ਸੀ ਕਿ ਪਿੱਛੇ ਤੋਂ ਆ ਰਹੇ ਟਿੱਪਰ ਟਰੱਕ ਨਾਲ ਟਕਰਾ ਗਿਆ। ਤਿੰਨ ਹੋਰ ਵਾਹਨ ਵੀ ਆਪਸ ਵਿੱਚ ਟਕਰਾ ਗਏ। ਹਾਦਸੇ ਵਿੱਚ ਕਈ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ। ਖੁਸ਼ਕਿਸਮਤੀ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਇਸ ਤੋਂ ਇਲਾਵਾ ਧੁੰਦ ਕਾਰਨ ਵੀਰਵਾਰ ਸਵੇਰੇ ਮੋਹਾਲੀ ਦੇ ਕੁਰਾਲੀ ਵਿਖੇ ਚੰਡੀਗੜ੍ਹ ਹਾਈਵੇਅ 'ਤੇ ਦੋ ਸਕੂਲ ਬੱਸਾਂ ਆਪਸ ਵਿੱਚ ਟਕਰਾ ਗਈਆਂ। ਇੱਕ ਬੱਸ ਕੁਰਾਲੀ ਤੋਂ ਆ ਰਹੀ ਸੀ, ਜਦੋਂ ਕਿ ਦੂਜੀ ਗਲਤ ਪਾਸੇ ਤੋਂ ਕੁਰਾਲੀ ਜਾ ਰਹੀ ਸੀ, ਜਿਸ ਕਾਰਨ ਦੋਵੇਂ ਟਕਰਾ ਗਈਆਂ। ਹਾਦਸੇ ਵਿੱਚ ਦੋਵਾਂ ਬੱਸਾਂ ਦੇ ਡਰਾਈਵਰਾਂ ਸਮੇਤ ਪੰਜ ਲੋਕ ਜ਼ਖਮੀ ਹੋ ਗਏ। ਸਾਰਿਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਹਾਦਸੇ ਵਿੱਚ ਇੱਕ ਬੱਸ ਡਰਾਈਵਰ ਦੀ ਲੱਤ ਵਿੱਚ ਫਰੈਕਚਰ ਪਾਇਆ ਗਿਆ। ਜਦੋਂ ਕਿ ਦੂਜੇ ਡਰਾਈਵਰ ਦੇ ਸਿਰ ਵਿੱਚ ਛੇ ਟਾਂਕੇ ਲੱਗੇ। ਹਾਦਸੇ ਵਿੱਚ ਤਿੰਨ ਬੱਚੇ ਵੀ ਜ਼ਖਮੀ ਹੋ ਗਏ। ਉਨ੍ਹਾਂ ਵਿੱਚੋਂ ਦੋ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ,ਜਦੋਂ ਕਿ ਇੱਕ ਨੂੰ ਨਿਗਰਾਨੀ ਹੇਠ ਰੱਖਿਆ ਗਿਆ ਹੈ।

Related Post