CM ਮਾਨ ਦੇ ਜ਼ਿਲ੍ਹੇ ਚ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤੇ ਲੱਗੀ ਰੋਕ ! ਭਵਾਨੀਗੜ੍ਹ ਚ ਯੋਜਨਾ ਨੂੰ ਮੁਲਤਵੀ ਕਰਨ ਤੇ ਅਕਾਲੀ ਦਲ ਨੇ ਘੇਰੀ AAP

Mukh Mantri Sehat Yojna : ਪਹਿਲਾਂ ਇਹ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ 8 ਜਨਵਰੀ ਨੂੰ ਸ਼ੁਰੂ ਕੀਤੀ ਜਾਣੀ ਸੀ, ਪਰੰਤੂ ਸਰਕਾਰ ਵੱਲੋਂ ਹੁਣ ਇਸ ਨੂੰ ਪ੍ਰਬੰਧਕੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ, ਜਿਸ ਸਬੰਧੀ ਬਾਕਾਇਦਾ ਪੱਤਰ ਜਾਰੀ ਕੀਤਾ ਗਿਆ ਹੈ।

By  KRISHAN KUMAR SHARMA January 8th 2026 08:22 PM -- Updated: January 8th 2026 09:07 PM

Mukh Mantri Sehat Yojna : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜ਼ੋਰ-ਸ਼ੋਰ ਨਾਲ ਐਲਾਨੀ ਗਈ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ 'ਤੇ ਸੀਐਮ ਮਾਨ ਦੇ ਆਪਣੇ ਜ਼ਿਲ੍ਹੇ ਵਿੱਚ ਹੀ ਰੋਕ ਲੱਗ ਗਈ ਹੈ। ਪੰਜਾਬ ਸਰਕਾਰ ਨੇ ਸੰਗਰੂਰ ਜ਼ਿਲ੍ਹੇ ਦੇ ਭਵਾਨੀਗੜ੍ਹ ਵਿੱਚ ਇਸ ਯੋਜਨਾ ਨੂੰ ਅਗਲੇ ਹੁਕਮਾਂ ਤੱਕ ਲਈ ਮੁਲਤਵੀ ਕਰ ਦਿੱਤਾ ਹੈ।

ਜਾਣਕਾਰੀ ਅਨੁਸਾਰ, ਪਹਿਲਾਂ ਇਹ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ 8 ਜਨਵਰੀ ਨੂੰ ਸ਼ੁਰੂ ਕੀਤੀ ਜਾਣੀ ਸੀ, ਪਰੰਤੂ ਸਰਕਾਰ ਵੱਲੋਂ ਹੁਣ ਇਸ ਨੂੰ ਪ੍ਰਬੰਧਕੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ, ਜਿਸ ਸਬੰਧੀ ਬਾਕਾਇਦਾ ਪੱਤਰ ਜਾਰੀ ਕੀਤਾ ਗਿਆ ਹੈ।

ਸ਼੍ਰੋਮਣੀ ਅਕਾਲੀ ਦਲ ਨੇ ਘੇਰੀ 'ਆਪ' ਸਰਕਾਰ

ਉਧਰ, ਪੰਜਾਬ ਸਰਕਾਰ ਵੱਲੋਂ ਇਸ ਯੋਜਨਾ ਨੂੰ ਰੋਕੇ ਜਾਣ 'ਤੇ ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਮਾਨ ਤੇ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਤਿੱਖਾ ਤੰਜ ਕੱਸਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 'ਆਪ' ਸਰਕਾਰ ਨੂੰ ਘੇਰਿਆ ਹੈ।

ਅਕਾਲੀ ਦਲ ਦੇ ਪ੍ਰਧਾਨ ਨੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੱਤਰ ਦੀ ਕਾਪੀ ਅਟੈਚ ਕਰਦੇ ਹੋਏ ਲਿਖਿਆ, ''ਪਹਿਲਾਂ ਭਗਵੰਤ ਮਾਨ ਨੇ ਪੰਜਾਬ ਦਾ 4500 ਕਰੋੜ ਰੁਪਏ ਆਪਣੀਆਂ ਝੂਠੀਆਂ ਮਸ਼ਹੂਰੀਆਂ 'ਤੇ ਬਰਬਾਦ ਕਰ ਦਿੱਤਾ, ਹੁਣ ਜਦੋਂ ਲੋਕਾਂ ਦੀ ਸਿਹਤ ਦੀ ਗੱਲ ਆਈ ਤਾਂ "ਮੁੱਖਮੰਤਰੀ ਸਿਹਤ ਬੀਮਾ ਯੋਜਨਾ" ਦਾ ਹੀ ਭੋਗ ਪਾ ਦਿੱਤਾ।''

ਉਨ੍ਹਾਂ ਕਿਹਾ ਕਿ ਵੈਸੇ, ਪਿਛਲੇ ਹਫ਼ਤੇ ਵੱਖ ਵੱਖ ਅਖਬਾਰਾਂ 'ਚ FULL PAGE ਦੇ ਇਸ਼ਤਿਹਾਰ ਦੇ ਕੇ ਇਹ ਯੋਜਨਾ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੀ ਸਾਲ ਦੀ ਸਭ ਤੋਂ ਵੱਡੀ ਉਪਲਬਧੀ ਗਿਣਾਈ ਸੀ!

ਅਕਾਲੀ ਦਲ ਦੇ ਪ੍ਰਧਾਨ ਨੇ ਲਿਖਿਆ, ''ਪੰਜਾਬੀਆਂ ਦੀ ਜਾਣਕਾਰੀ ਹਿੱਤ: ਇਸ ਝਾੜੂ ਵਾਲੀ ਸਰਕਾਰ ਨੇ ਪਹਿਲਾਂ ਆਮ ਆਦਮੀ ਕਲੀਨਿਕ ਦਾ ਡਰਾਮਾ ਕਰਕੇ ਅਤੇ ਫ਼ਿਰ ਕੇਂਦਰ ਦੀ "ਆਯੁਸ਼ਮਾਨ ਭਾਰਤ ਯੋਜਨਾ" ਨਾਲ ਛੇੜਛਾੜ ਕਰਕੇ, ਲੋਕਾਂ ਨੂੰ ਸਿਹਤ ਸਹੂਲਤਾਂ ਤੋਂ ਪੂਰੀ ਤਰ੍ਹਾਂ ਸੱਖਣਾ ਕਰ ਛੱਡਿਆ ਹੈ।''

Related Post