ਕੱਪੜਾ ਵਪਾਰੀ ਕਤਲ ਕਾਂਡ: ਨਕੋਦਰ ਦਾ ਰਹਿਣ ਵਾਲਾ ਅਮਨਦੀਪ ਪੁਰੇਵਾਲ ਨਿਕਲਿਆ ਘਟਨਾ ਦਾ ਮਾਸਟਰਮਾਈਂਡ

By  Jasmeet Singh December 14th 2022 08:00 PM

ਚੰਡੀਗੜ੍ਹ, 14 ਦਸੰਬਰ: ਬਠਿੰਡਾ ਤੋਂ ਤਿੰਨ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੇ ਨਾਲ, ਪੰਜਾਬ ਪੁਲਿਸ ਨੇ 7 ਦਸੰਬਰ 2022 ਨੂੰ ਨਕੋਦਰ ਦੇ ਕੱਪੜਾ ਵਪਾਰੀ ਅਤੇ ਉਸਦੇ ਨਿੱਜੀ ਸੁਰੱਖਿਆ ਅਧਿਕਾਰੀ (ਪੀ.ਐਸ.ਓ.) ਮਨਦੀਪ ਸਿੰਘ ਦੇ ਦੋਹਰੇ ਕਤਲ ਕਾਂਡ ਨੂੰ ਸਫਲਤਾਪੂਰਵਕ ਸੁਲਝਾ ਲਿਆ ਹੈ। ਇਸ ਕਤਲ ਕਾਂਡ ਦਾ ਮਾਸਟਰਮਾਈਂਡ ਅਮਰੀਕਾ ਸਥਿਤ ਅਮਨਦੀਪ ਪੁਰੇਵਾਲਾ ਉਰਫ਼ ਅਮਨ ਹੈ ਜੋ ਨਕੋਦਰ ਦਾ ਮੂਲ ਨਿਵਾਸੀ ਹੈ। ਇਹ ਜਾਣਕਾਰੀ ਅੱਜ ਇਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।

ਇਹ ਵੀ ਪੜ੍ਹੋ: ਪਿਸ਼ਾਬ ਵਿੱਚ ਖੂਨ ਗੁਰਦੇ ਵਿੱਚ 'Blood Clotting' ਦਾ ਹੋ ਸਕਦਾ ਸੰਕੇਤ

ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਪਛਾਣ ਪਿੰਡ ਨੰਗਲਾ, ਤਲਵੰਡੀ ਸਾਬੋ, ਬਠਿੰਡਾ ਦੇ ਖੁਸ਼ਕਰਨ ਸਿੰਘ ਉਰਫ਼ ਫ਼ੌਜੀ; ਬਠਿੰਡਾ ਦੇ ਵੇਹਣ ਦੀਵਾਨ ਦੇ ਕਮਲਦੀਪ ਸਿੰਘ ਉਰਫ਼ ਦੀਪ; ਅਤੇ ਪਿੰਡ ਜੱਸੀ ਪੌਅ ਵਾਲੀ, ਬਠਿੰਡਾ ਦੇ ਮੰਗਾ ਸਿੰਘ ਉਰਫ਼ ਗੀਤਾ ਉਰਫ ਬਿੱਛੂ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਪਾਸੋਂ ਵਾਰਦਾਤ 'ਚ ਵਰਤਿਆ ਗਿਆ .30 ਬੋਰ ਦਾ ਪਿਸਤੌਲ ਅਤੇ ਰੇਕੀ ਕਰਨ ਲਈ ਵਰਤੀ ਗਈ ਸਫਾਰੀ ਕਾਰ ਵੀ ਬਰਾਮਦ ਕੀਤੀ ਹੈ।

ਦੱਸਣਯੋਗ ਹੈ ਕਿ 7 ਦਸੰਬਰ 2022 ਨੂੰ ਰਾਤ 8.30 ਵਜੇ ਦੇ ਕਰੀਬ ਪੰਜ ਅਣਪਛਾਤੇ ਵਿਅਕਤੀਆਂ ਨੇ ਕੱਪੜਾ ਵਪਾਰੀ ਭੁਪਿੰਦਰ ਸਿੰਘ ਉਰਫ ਟਿੰਮੀ ਚਾਵਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ, ਜਦਕਿ ਉਸ ਦੇ ਪੀ.ਐਸ.ਓ. ਕਾਂਸਟੇਬਲ ਮਨਦੀਪ ਸਿੰਘ, ਜਿਸ ਨੂੰ ਵੀ ਗੋਲੀਆਂ ਲੱਗੀਆਂ ਸਨ, ਨੇ ਬਾਅਦ ਵਿੱਚ ਜਲੰਧਰ ਦੇ ਕੈਪੀਟਲ ਹਸਪਤਾਲ ਵਿੱਚ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ। 

ਜ਼ਿਕਰਯੋਗ ਹੈ ਕਿ 3 ਨਵੰਬਰ 2022 ਨੂੰ ਜਲੰਧਰ ਦਿਹਾਤੀ ਪੁਲਿਸ ਨੇ ਟਿੰਮੀ ਚਾਵਲਾ ਦੀ ਸ਼ਿਕਾਇਤ, ਜਿਸ ਵਿੱਚ ਉਸ ਨੇ ਕਿਹਾ ਸੀ ਕਿ ਉਸ ਨੂੰ 30 ਲੱਖ ਰੁਪਏ ਦੀ ਫਿਰੌਤੀ ਲਈ ਧਮਕੀ ਭਰੀਆਂ ਕਾਲਾਂ ਆਈਆਂ ਹਨ, ‘ਤੇ ਕਾਰਵਾਈ ਕਰਦਿਆਂ ਭਾਰਤੀ ਦੰਡਾਵਲੀ ਦੀ ਧਾਰਾ 387 ਅਤੇ 506 ਦੇ ਤਹਿਤ ਥਾਣਾ ਨਕੋਦਰ ਸਿਟੀ ਵਿਖੇ ਐਫ.ਆਈ.ਆਰ. ਦਰਜ ਕਰਕੇ ਉਸ ਦੀ ਸੁਰੱਖਿਆ ਲਈ ਦੋ ਕਰਮਚਾਰੀ ਤੁਰੰਤ ਤਾਇਨਾਤ ਕੀਤੇ ਗਏ ਸਨ।

ਇਹ ਵੀ ਪੜ੍ਹੋ: ਪਿਸ਼ਾਬ ਵਿੱਚ ਖੂਨ ਗੁਰਦੇ ਵਿੱਚ 'Blood Clotting' ਦਾ ਦੋ ਹੋ ਸਕਦਾ ਸੰਕੇਤ

ਡੀਜੀਪੀ ਗੌਰਵ ਯਾਦਵ ਨੇ ਚੰਡੀਗੜ੍ਹ ਵਿੱਚ ਪੰਜਾਬ ਪੁਲਿਸ ਹੈੱਡਕੁਆਰਟਰ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪੁਲਿਸ ਨੇ ਦੋ ਮੁੱਖ ਸਾਜ਼ਿਸ਼ਕਾਰਾਂ ਦੀ ਪਛਾਣ ਬਠਿੰਡਾ ਦੇ ਅਮਰੀਕ ਸਿੰਘ ਅਤੇ ਨਕੋਦਰ ਮਾਲੜੀ ਦੇ ਗੁਰਿੰਦਰ ਸਿੰਘ ਉਰਫ਼ ਗਿੰਦਾ ਵਜੋਂ ਕੀਤੀ ਹੈ, ਜਿਨ੍ਹਾਂ ਨੇ ਅਮਨਦੀਪ ਪੁਰੇਵਾਲ ਦੇ ਨਿਰਦੇਸ਼ਾਂ ‘ਤੇ ਰੇਕੀ ਕੀਤੀ ਅਤੇ ਸ਼ੂਟਰਾਂ ਅਤੇ ਹਥਿਆਰਾਂ ਦਾ ਪ੍ਰਬੰਧ ਕੀਤਾ। ਇਸ ਤੋਂ ਇਲਾਵਾ ਬਾਕੀ ਦੇ ਦੋ ਸ਼ੂਟਰਾਂ ਦੀ ਪਛਾਣ ਸਤਪਾਲ ਉਰਫ਼ ਸਾਜਨ ਅਤੇ ਠਾਕੁਰ ਵਜੋਂ ਕੀਤੀ ਗਈ ਹੈ। ਉਹਨਾਂ ਅੱਗੇ ਕਿਹਾ ਕਿ ਫਰਾਰ ਸ਼ੂਟਰਾਂ ਅਤੇ ਦੋਵਾਂ ਸਾਜ਼ਿਸ਼ਕਾਰਾਂ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ।


ਅਮਨਦੀਪ ਪੁਰੇਵਾਲ ਦੇ ਕਿਸੇ ਹੋਰ ਗੈਂਗ ਜਾਂ ਗੈਂਗਸਟਰਾਂ ਨਾਲ ਸਬੰਧਾਂ ਨੂੰ ਨਕਾਰਦਿਆਂ ਡੀਜੀਪੀ ਨੇ ਕਿਹਾ ਕਿ ਮਾਸਟਰਮਾਈਂਡ ਅਮਨਦੀਪ ਪੁਰੇਵਾਲ ਨੇ ਸਰਹੱਦੀ ਸੂਬੇ ਵਿੱਚ ਦਹਿਸ਼ਤ ਪੈਦਾ ਕਰਨ ਲਈ ਆਪਣਾ ਨਵਾਂ ਗੈਂਗ ਸ਼ੁਰੂ ਕਰਨ ਦੀ ਕੋਸ਼ਿਸ਼ ਵਿੱਚ ਟਿੰਮੀ ਚਾਵਲਾ ਨੂੰ ਆਪਣਾ ਪਹਿਲਾ ਨਿਸ਼ਾਨਾ ਬਣਾਇਆ ਹੈ ਅਤੇ ਅਮਰੀਕਾ ‘ਚੋਂ ਉਸ ਨੂੰ ਫਿਰੌਤੀ ਲਈ ਕਾਲਾਂ ਕੀਤੀਆਂ। ਉਹਨਾਂ ਕਿਹਾ ਕਿ ਇਸ ਉਪਰੰਤ ਅਮਨਦੀਪ ਪੁਰੇਵਾਲ ਨੇ ਅਮਰੀਕ ਸਿੰਘ ਅਤੇ ਗੁਰਿੰਦਰ ਗਿੰਦਾ ਨਾਲ ਮਿਲ ਕੇ ਟਿੰਮੀ ਚਾਵਲਾ ਨੂੰ ਮਾਰਨ ਦੀ ਸਾਜ਼ਿਸ਼ ਰਚੀ ਅਤੇ ਪੰਜ ਸ਼ੂਟਰਾਂ ਦਾ ਪ੍ਰਬੰਧ ਕੀਤਾ ਜਿਨ੍ਹਾਂ ਨੇ 7 ਦਸੰਬਰ ਦੀ ਸ਼ਾਮ ਨੂੰ ਟਿੰਮੀ ਚਾਵਲਾ ਅਤੇ ਉਸਦੇ ਪੀ.ਐੱਸ.ਓ. 'ਤੇ ਗੋਲੀਆਂ ਚਲਾਈਆਂ। ਉਹਨਾਂ ਅੱਗੇ ਕਿਹਾ ਕਿ ਪੰਜਾਬ ਪੁਲਿਸ ਇਸ ਗਿਰੋਹ ਨੂੰ ਸ਼ੁਰੂ ਵਿੱਚ ਹੀ ਨੱਥ ਪਾਉਣ ਵਿੱਚ ਸਫ਼ਲ ਰਹੀ ਹੈ।

ਇਹ ਵੀ ਪੜ੍ਹੋ: ਕੀ ਤੁਹਾਨੂੰ ਵੀ ਸਤਾ ਰਿਹਾ ਹੈ ਗੰਜੇਪਣ ਦਾ ਖਤਰਾ, ਤਾਂ ਪੜ੍ਹੋ ਇਹ ਖ਼ਬਰ

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸੀਨੀਅਰ ਪੁਲਿਸ ਕਪਤਾਨ (ਐਸ.ਐਸ.ਪੀ.) ਜਲੰਧਰ ਦਿਹਾਤੀ ਸਵਰਨਦੀਪ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਨੇ ਵੱਖ-ਵੱਖ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਲਈ ਵੱਖ-ਵੱਖ ਟੀਮਾਂ ਗਠਿਤ ਕਰਕੇ ਤੇਜ਼ੀ ਨਾਲ ਕਾਰਵਾਈ ਸ਼ੁਰੂ ਕਰਦਿਆਂ ਕੁਝ ਕੈਦੀਆਂ ਨੂੰ ਪੁੱਛਗਿੱਛ ਲਈ ਵੱਖ-ਵੱਖ ਜੇਲ੍ਹਾਂ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਅਤੇ ਸੀ.ਸੀ.ਟੀ.ਵੀ. ਫੁਟੇਜ ਅਤੇ ਮੋਬਾਈਲ ਸੇਵਾ ਪ੍ਰਦਾਤਾਵਾਂ ਦੇ ਡੇਟਾ ਦੇ ਵਿਸ਼ਲੇਸ਼ਣ ਨਾਲ ਤਕਨੀਕੀ ਜਾਂਚ ਕੀਤੀ ਜਿਸ ਵਿੱਚ ਕੁਝ ਮਹੱਤਵਪੂਰਨ ਸੁਰਾਗ ਸਾਹਮਣੇ ਆਏ ਜਿਸ ਸਦਕਾ ਦੋਸ਼ੀਆਂ ਦੀ ਗ੍ਰਿਫਤਾਰੀ ਵਿੱਚ ਮਦਦ ਮਿਲੀ। ਇਹਨਾਂ ਦੋਸ਼ੀਆਂ ਦਾ ਕੋਈ ਪਿਛਲਾ ਪੁਲਿਸ ਰਿਕਾਰਡ ਨਹੀਂ ਹੈ। ਉਨ੍ਹਾਂ ਕਿਹਾ ਕਿ ਬਾਕੀ ਰਹਿੰਦੇ ਮੁਲਜ਼ਮ ਸ਼ੂਟਰਾਂ ਅਤੇ ਸਾਜ਼ਿਸ਼ ਰਚਣ ਵਾਲਿਆਂ ਨੂੰ ਫੜਨ ਲਈ ਅਗਲੇਰੀ ਜਾਂਚ ਅਤੇ ਤਲਾਸ਼ੀ ਮੁਹਿੰਮ ਜਾਰੀ ਹੈ।

ਜ਼ਿਕਰਯੋਗ ਹੈ ਕਿ ਇਸ ਸਬੰਧੀ ਥਾਣਾ ਸਿਟੀ ਨਕੋਦਰ ਵਿਖੇ ਭਾਰਤੀ ਦੰਡਾਵਲੀ ਦੀ ਧਾਰਾ 302, 307 ਅਤੇ 34 ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਐਫ.ਆਈ.ਆਰ. ਨੰ. 144 ਮਿਤੀ 08.12.2022 ਨੂੰ ਵੱਖਰਾ ਮਾਮਲਾ ਦਰਜ ਕੀਤਾ ਗਿਆ ਹੈ।

Related Post