ਪੰਜਾਬ ਯੂਨੀਵਰਸਿਟੀ ਦਾ ਵਿਦਿਆਰਥੀ ਟੈਰਰ ਫੰਡਿੰਗ ਦੇ ਮਾਮਲੇ 'ਚ ਗ੍ਰਿਫ਼ਤਾਰ

By  Jasmeet Singh November 21st 2022 12:22 PM

ਚੰਡੀਗੜ੍ਹ, 21 ਨਵੰਬਰ: ਪੰਜਾਬ ਯੂਨੀਵਰਸਿਟੀ ਦੇ ਇੱਕ ਵਿਦਿਆਰਥੀ ਨੂੰ ਟੈਰਰ ਫੰਡਿੰਗ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਸੰਗਰੂਰ ਦੇ ਭਵਾਨੀਗੜ੍ਹ ਦੇ ਰਹਿਣ ਵਾਲੇ ਹਰਸ਼ਵੀਰ ਸਿੰਘ ਬਰਾੜ ਨੂੰ ਪੰਜਾਬ ਪੁਲਿਸ ਦੇ ਸਪੈਸ਼ਲ ਸੈੱਲ ਨੇ ਗ੍ਰਿਫ਼ਤਾਰ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਫੜਿਆ ਗਿਆ। ਹਰਸ਼ਵੀਰ ਪੀ.ਯੂ. ਕੈਂਪਸ ਵਿੱਚ ਸਥਿਤ ਗਾਂਧੀਅਨ ਪੀਸ ਸਟੱਡੀਜ਼ ਵਿਭਾਗ ਵਿੱਚ ਤੀਜੇ ਸਮੈਸਟਰ ਦਾ ਵਿਦਿਆਰਥੀ ਹੈ।

ਜਾਣਕਾਰੀ ਅਨੁਸਾਰ ਪਿਛਲੇ ਇੱਕ ਮਹੀਨੇ ਤੋਂ ਵਿਭਾਗ ਵਿੱਚ ਉਸਦੀ ਹਾਜ਼ਰੀ ਬਹੁਤ ਘੱਟ ਦੱਸੀ ਜਾ ਰਹੀ ਸੀ। ਵਿਭਾਗ ਵਿੱਚ ਦਾਖ਼ਲੇ ਲਈ ਭਰੇ ਗਏ ਫਾਰਮ ਵਿੱਚ ਮੁਲਜ਼ਮ ਨੇ ਸਥਾਨਕ ਪੱਧਰ ’ਤੇ ਕਿਸੇ ਵੀ ਪਤੇ ਦੀ ਜਾਣਕਾਰੀ ਨਹੀਂ ਦਿੱਤੀ ਸੀ। ਵਿਦਿਆਰਥੀ ਦਾ ਸਬੰਧ ਪੰਜਾਬ ਯੂਨੀਵਰਸਿਟੀ ਦੀ ਇੱਕ ਵਿਦਿਆਰਥੀ ਜਥੇਬੰਦੀ ਨਾਲ ਵੀ ਦੱਸਿਆ ਜਾਂਦਾ ਹੈ। ਮੁਲਜ਼ਮ ਨੂੰ ਪੰਜਾਬ ਯੂਨੀਵਰਸਿਟੀ ਵਿੱਚ ਹੋਸਟਲ ਦਾ ਕੋਈ ਕਮਰਾ ਵੀ ਅਲਾਟ ਨਹੀਂ ਕੀਤਾ ਗਿਆ ਸੀ। ਪੀ.ਯੂ. ਪ੍ਰਸ਼ਾਸਨ ਵੱਲੋਂ ਮੁਲਜ਼ਮ ਵਿਦਿਆਰਥੀ ਬਾਰੇ ਮੰਗੀ ਜਾਣਕਾਰੀ ਮਗਰੋਂ ਯੂਨੀਵਰਸਿਟੀ ਪ੍ਰਸ਼ਾਸਨ ਨੇ ਹੀ ਸਬੰਧਤ ਜਾਣਕਾਰੀ ਪੁਲਿਸ ਨੂੰ ਦਿੱਤੀ ਹੈ। ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਵੀ ਆਪਣੇ ਪੱਧਰ 'ਤੇ ਵਿਦਿਆਰਥੀ ਬਾਰੇ ਹੋਰ ਜਾਣਕਾਰੀ ਇਕੱਠੀ ਕਰ ਰਿਹਾ ਹੈ।

ਇਹ ਵੀ ਪੜ੍ਹੋ: ਲਾਵਾਂ ਤੋਂ ਪਹਿਲਾਂ ਪ੍ਰੇਮਿਕਾ ਨੇ ਮਾਰਿਆ ਛਾਪਾ, ਵਿਆਹ ਵਾਲੇ ਘਰ ਪਿਆ ਭੜਥੂ

ਦੱਸ ਦੇਈਏ ਕਿ ਮੁਲਜ਼ਮ ਪੀ.ਯੂ. ਵਿਦਿਆਰਥੀ ਹਰਸ਼ਵੀਰ ਦੇ ਬੈਂਕ ਖਾਤੇ 'ਚ ਟੈਰਰ ਫੰਡਿੰਗ ਦਾ ਪੈਸਾ ਆ ਰਿਹਾ ਸੀ, ਜਿਸ ਦੇ ਆਧਾਰ 'ਤੇ ਉਸਨੂੰ ਗ੍ਰਿਫਤਾਰ ਕੀਤਾ ਗਿਆ। ਇਸ ਤੋਂ ਇਲਾਵਾ ਵਿਦੇਸ਼ ਵਿੱਚ ਬੈਠੇ ਆਈ.ਐਸ.ਆਈ ਨਾਲ ਸਬੰਧਿਤ ਲੋਕ ਹਰਸ਼ਵੀਰ ਸਿੰਘ ਦੇ ਬੈਂਕ ਖਾਤੇ ਵਿੱਚ ਪੈਸੇ ਭੇਜ ਰਹੇ ਸਨ। ਦੁਬਈ, ਅਮਰੀਕਾ, ਫਿਲੀਪੀਨਜ਼, ਇਟਲੀ ਅਤੇ ਮਲੇਸ਼ੀਆ ਵਿੱਚ ਵਸਦੇ ਪੰਜਾਬ ਦੇ ਮੂਲ ਨਿਵਾਸੀ ਆਈ.ਐਸ.ਆਈ ਨੂੰ ਫੰਡਿੰਗ ਅਤੇ ਹਥਿਆਰ ਸਪਲਾਈ ਕਰਨ ਲਈ ਕੰਮ ਕਰ ਰਹੇ ਸਲੀਪਰ ਸੈੱਲ ਰਾਹੀਂ ਮੁਲਜ਼ਮਾਂ ਨੂੰ ਟੈਰਰ ਫੰਡਿੰਗ ਕੀਤੀ ਜਾ ਰਹੀ ਸੀ।

ਮੁਲਜ਼ਮ ਹਰਸ਼ਵੀਰ, ਅੱਤਵਾਦੀ ਲਖਬੀਰ ਸਿੰਘ ਲੰਡਾ ਅਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਵੀ ਦੱਸਿਆ ਜਾ ਰਿਹਾ ਹੈ। ਪੁਲਿਸ ਵੱਲੋਂ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨ ਦਾ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।

Related Post