ਪਰਵਿੰਦਰ ਸਿੰਘ ਝੋਟਾ ਦੇ ਇਨਸਾਫ਼ ਲਈ ਲੱਗੇ ਧਰਨੇ ਚ ਪਹੁੰਚੇ ਪੰਜਾਬੀ ਅਦਾਕਾਰਾ ਪ੍ਰੀਤੀ ਸਪਰੂ
ਝੋਟਾ ਨੂੰ ਇਨਸਾਫ਼ ਦਿਵਾਉਣ ਦੀ ਮੰਗ ਦੇ ਹੱਕ ਵਿੱਚ ਆਵਾਜ਼ ਉਠਾਈ
Preeti Sapru joins protest for justice for Parvinder Singh Jhota : ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਮਾਮਲੇ ਨੂੰ ਲੈ ਕੇ ਇਨਸਾਫ਼ ਦੀ ਮੰਗ ਲਗਾਤਾਰ ਤੇਜ਼ ਹੁੰਦੀ ਜਾ ਰਹੀ ਹੈ। ਰੋਜਾਨਾ ਵੱਖ ਵੱਖ ਰਾਜਨੀਤਕ ਆਗੂਆਂ ਤੋਂ ਲੈ ਕੇ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਵਲੋਂ ਮਾਨਸਾ ਵਿਖੇ ਧਰਨੇ ਵਿੱਚ ਪਹੁੰਚ ਕੇ ਸਮਰਥਨ ਦਿੱਤਾ ਜਾ ਰਿਹਾ ਹੈ। ਮਾਨਸਾ ਦੇ ਤਿੰਨਕੋਣੀ ’ਤੇ ਚੱਲ ਰਹੇ ਧਰਨੇ ਵਿੱਚ ਅੱਜ ਪੰਜਾਬੀ ਫ਼ਿਲਮ ਜਗਤ ਦੀ ਪ੍ਰਸਿੱਧ ਅਦਾਕਾਰਾ ਪ੍ਰੀਤੀ ਸਪਰੂ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਪਰਵਿੰਦਰ ਸਿੰਘ ਝੋਟਾ ਦੇ ਇਨਸਾਫ਼ ਲਈ ਆਪਣੀ ਆਵਾਜ਼ ਬੁਲੰਦ ਕੀਤੀ ਅਤੇ ਧਰਨੇ ’ਤੇ ਬੈਠੇ ਲੋਕਾਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ।
ਮਾਨਸਾ ਦੀ ਤਿੰਨਕੋਣੀ ’ਤੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਮਾਮਲੇ ਵਿੱਚ ਇਨਸਾਫ਼ ਦੀ ਮੰਗ ਨੂੰ ਲੈ ਕੇ ਚੱਲ ਰਹੇ ਧਰਨੇ ਵਿੱਚ ਅੱਜ ਪੰਜਾਬੀ ਅਦਾਕਾਰਾ ਪ੍ਰੀਤੀ ਸਪਰੂ ਨੇ ਝੋਟਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਦੌਰਾਨ ਪ੍ਰੀਤੀ ਸਪਰੂ ਨੇ ਪਰਵਿੰਦਰ ਸਿੰਘ ਝੋਟਾ ਨੂੰ ਇਨਸਾਫ਼ ਦਿਵਾਉਣ ਦੀ ਮੰਗ ਦੇ ਹੱਕ ਵਿੱਚ ਆਵਾਜ਼ ਉਠਾਈ। ਉਨ੍ਹਾਂ ਨੇ ਪਰਵਿੰਦਰ ਸਿੰਘ ਝੋਟਾ ਦੀ ਪਤਨੀ ਨਾਲ ਵੀ ਗੱਲਬਾਤ ਕੀਤੀ ਅਤੇ ਇਸ ਔਖੀ ਘੜੀ ਵਿੱਚ ਹੌਸਲਾ ਦਿੱਤਾ।
ਇਹ ਵੀ ਪੜ੍ਹੋ :
Moga Firing ਮਾਮਲੇ 'ਚ ਵੱਡੀ ਅਪਡੇਟ, ਪੁਲਿਸ ਨੇ 5 ਮੁਲਜ਼ਮਾਂ ਨੂੰ ਕੀਤਾ ਕਾਬੂ
ਧਰਨੇ ਵਿੱਚ ਅਦਾਕਾਰਾ ਦੀ ਸ਼ਮੂਲੀਅਤ ਨੂੰ ਪਰਵਿੰਦਰ ਸਿੰਘ ਝੋਟਾ ਦੇ ਇਨਸਾਫ਼ ਲਈ ਚੱਲ ਰਹੇ ਸੰਘਰਸ਼ ਨਾਲ ਜੁੜੀ ਇੱਕ ਅਹਿਮ ਹਾਜ਼ਰੀ ਵਜੋਂ ਦੇਖਿਆ ਜਾ ਰਿਹਾ ਹੈ। ਧਰਨਾਕਾਰੀਆਂ ਵੱਲੋਂ ਇਸ ਮਾਮਲੇ ਵਿੱਚ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਹੁਣ ਦੇਖਣਾ ਹੋਵੇਗਾ ਕਿ ਪਰਵਿੰਦਰ ਸਿੰਘ ਝੋਟਾ ਦੇ ਮਾਮਲੇ ਵਿੱਚ ਇਨਸਾਫ਼ ਦੀ ਮੰਗ ਨੂੰ ਲੈ ਕੇ ਚੱਲ ਰਹੇ ਇਸ ਸੰਘਰਸ਼ ’ਤੇ ਸਰਕਾਰ ਅਤੇ ਸਬੰਧਤ ਪ੍ਰਸ਼ਾਸਨ ਵੱਲੋਂ ਕੀ ਕਦਮ ਚੁੱਕੇ ਜਾਂਦੇ ਹਨ।
ਅਦਾਕਾਰਾ ਪ੍ਰੀਤੀ ਸਪਰੂ ਨੇ ਕਿਹਾ ਕਿ ਮਾਨਸਾ ਦੇ ਪਰਵਿੰਦਰ ਝੋਟਾ ਦੀ ਸ਼ਹਾਦਤ ਅਤੇ ਉਸ ਵੱਲੋਂ ਨਸ਼ਿਆਂ ਵਿਰੁੱਧ ਲੜੇ ਜਾਣ ਤੋਂ ਬਾਅਦ ਉਸ ਦੀ ਹੱਤਿਆ ਕੀਤੇ ਜਾਣ ਬਾਰੇ ਉਸ ਨੂੰ ਬੱਚਿਆਂ ਤੋਂ ਪਤਾ ਲੱਗਿਆ ਹੈ। ਉਨ੍ਹਾਂ ਦੇ ਬੱਚਿਆਂ ਨੇ ਉਸ ਨੂੰ ਕਿਹਾ ਕਿ ਮੰਮੀ ਤੁਸੀਂ ਉਥੇ ਜ਼ਰੂਰ ਜਾ ਕੇ ਆਓ। ਉਨ੍ਹਾਂ ਕਿਹਾ ਕਿ ਪਰਵਿੰਦਰ ਝੋਟਾ ਦੀ ਮੌਤ ਇੱਕ ਹਾਦਸਾ, ਘਟਨਾ ਤੋਂ ਇਲਾਵਾ ਇੱਕ ਮਾਂ ਦਾ ਉਹ ਦਰਦ ਹੈ, ਜਿਸ ਨੂੰ ਝੱਲਣਾ ਬੜਾ ਔਖਾ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਵੱਡੀ ਤਰਾਸਦੀ ਹੈ ਕਿ ਨਸ਼ਿਆਂ ਨਾਲ ਭਵਿੱਖ ਸਿਰਜਣ ਵਾਲੀ ਜਵਾਨੀ ਮੌਤ ਦੇ ਮੂੰਹ ਵਿੱਚ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪਰਵਿੰਦਰ ਝੋਟੇ ਨੇ ਇਸ ਖਿਲਾਫ਼ ਆਵਾਜ਼ ਚੁੱਕੀ ਤਾਂ ਉਸ ਨੂੰ ਇਸ ਦੇ ਬਦਲੇ ਜਾਨ ਦੇਣੀ ਪਈ।
ਅਦਾਕਾਰਾ ਨੇ ਕਿਹਾ ਕਿ ਇਸ ਖਿਲਾਫ਼ ਸਮੁੱਚੀ ਲੋਕਾਈ ਅਤੇ ਸੰਘਰਸ਼ਮਈ ਲੋਕਾਂ ਨੂੰ ਇਕੱਠੇ ਹੋ ਕੇ ਸੰਘਰਸ਼ ਵਿੱਢਣਾ ਚਾਹੀਦਾ ਹੈ। ਚਿੱਟੇ ਸੂਟ ’ਚ ਪੁੱਜੀ ਅਦਾਕਾਰਾ ਨੇ ਪਰਵਿੰਦਰ ਝੋਟੇ ਨੂੰ ਮੰਚ ਤੋਂ ਸ਼ਰਧਾਂਜਲੀ ਦਿੰਦਿਆਂ ਝੋਟੇ ਦੇ ਪਿਤਾ ਭੀਮ ਸਿੰਘ ਫੌਜੀ, ਮਾਤਾ ਅਮਰਜੀਤ ਕੌਰ ਅਤੇ ਪਤਨੀ ਮਨਪ੍ਰੀਤ ਕੌਰ ਅਤੇ ਬੱਚਿਆਂ ਨਾਲ ਦੁੱਖ ਵੰਡਾਇਆ।
ਉਨ੍ਹਾਂ ਕਿਹਾ ਕਿ ਮਾਲਵਾ ਖੇਤਰ ਦੇ ਇਸ ਇਲਾਕੇ ਨਾਲ ਸਿਰਫ਼ ਫ਼ਿਲਮੀ ਨਹੀਂ, ਬਲਕਿ ਜ਼ਮੀਨੀ ਮੋਹ ਹੈ। ਉਨ੍ਹਾਂ ਕਿਹਾ ਕਿ ਇਥੋਂ ਦੇ ਲੋਕਾਂ ਨੇ ਉਨ੍ਹਾਂ ਦੀਆਂ ਹਿੰਦੀ ਅਤੇ ਪੰਜਾਬੀ ਫ਼ਿਲਮਾਂ ਨੂੰ ਬਹੁਤ ਪਿਆਰ ਦਿੱਤਾ ਅਤੇ ਇਸੀ ਮੋਹ ਨੇ ਉਸ ਨੂੰ ਇੱਥੇ ਖਿੱਚ ਲਿਆਂਦਾ ਹੈ।