ਅਮਰੀਕੀ ਸਰਕਾਰ ਦੇ ਵਿਭਾਗ ਵੱਲੋਂ ਪੋਸਟਰ ਚ ਪੰਜਾਬੀ ਸਿੱਖਾਂ ਨੂੰ ਨਿਸ਼ਾਨਾ ਬਣਾਉਣਾ ਅਤਿ-ਨਿੰਦਣਯੋਗ; ਇਸ ਸੰਕੁਚਿਤ ਸੋਚ ਤੇ ਤੁਰੰਤ ਮਾਫੀ ਮੰਗੇ : ਸਿੰਘ ਸਾਹਿਬ ਗਿਆਨੀ ਟੇਕ ਸਿੰਘ

ਸਿੰਘ ਸਾਹਿਬ ਨੇ ਆਖਿਆ ਕਿ ਸਿੱਖਾਂ ਦਾ ਇਤਿਹਾਸ ਗਵਾਹ ਹੈ ਕਿ ਉਨ੍ਹਾਂ ਨੇ ਅਮਰੀਕਾ ਦੀ ਆਰਥਿਕਤਾ, ਵਿਕਾਸ ਅਤੇ ਸਮਾਜਿਕ ਤਾਣੇ-ਬਾਣੇ ਨੂੰ ਮਜ਼ਬੂਤ ਕਰਨ ਵਿੱਚ ਆਪਣੀ ਇਮਾਨਦਾਰੀ, ਮਿਹਨਤ ਅਤੇ ਹੁਨਰ ਨਾਲ ਨਿਵੇਕਲਾ ਯੋਗਦਾਨ ਪਾਇਆ ਹੈ।

By  Aarti September 11th 2026 11:13 AM

ਅਮਰੀਕਾ ਸਰਕਾਰ ਦੇ ਹੋਮਲੈਂਡ ਸੁਰੱਖਿਆ ਵਿਭਾਗ (DHS) ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' (ਟਵਿੱਟਰ) 'ਤੇ ਜਾਰੀ ਕੀਤੇ ਗਏ ਇੱਕ ਪੋਸਟਰ ਵਿੱਚ 'ਮਿਸਟਰ ਸਿੰਘ' ਸ਼ਬਦ ਦੀ ਵਰਤੋਂ ਕਰਕੇ ਪੰਜਾਬੀ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਅਤੇ ਨਸਲੀ ਲਾਂਛਨ ਲਗਾਉਣ ਦੀ ਘਟਨਾ ਦਾ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ, ਸਿੰਘ ਸਾਹਿਬ ਗਿਆਨੀ ਟੇਕ ਸਿੰਘ ਜੀ ਨੇ ਗੰਭੀਰ ਨੋਟਿਸ ਲੈਂਦਿਆਂ ਇਸ ਦੀ ਪੁਰਜ਼ੋਰ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ।

 ਸਿੰਘ ਸਾਹਿਬ ਗਿਆਨੀ ਟੇਕ ਸਿੰਘ ਨੇ ਆਖਿਆ ਕਿ ਅਮਰੀਕਾ ਵਰਗੇ ਆਪਣੇ ਆਪ ਨੂੰ ਮਾਨਵ ਅਧਿਕਾਰਾਂ ਦਾ ਆਲਮੀ ਅਲੰਬਰਦਾਰ ਅਖਵਾਉਣ ਵਾਲੇ ਮੁਲਕ ਦੇ ਸਰਕਾਰੀ ਵਿਭਾਗ ਵੱਲੋਂ ਅਜਿਹੀ ਸੰਕੁਚਿਤ, ਨਫ਼ਰਤੀ ਅਤੇ ਭਾਈਚਾਰਕ ਪੱਖਪਾਤ ਵਾਲੀ ਮਾਨਸਿਕਤਾ ਦਾ ਮੁਜ਼ਾਹਰਾ ਕਰਨਾ ਬਹੁਤ ਹੀ ਦੁਖਦਾਈ, ਚਿੰਤਾਜਨਕ ਅਤੇ ਸ਼ਰਮਨਾਕ ਹੈ।

ਸਿੰਘ ਸਾਹਿਬ ਨੇ ਆਖਿਆ ਕਿ ਸਿੱਖਾਂ ਦਾ ਇਤਿਹਾਸ ਗਵਾਹ ਹੈ ਕਿ ਉਨ੍ਹਾਂ ਨੇ ਅਮਰੀਕਾ ਦੀ ਆਰਥਿਕਤਾ, ਵਿਕਾਸ ਅਤੇ ਸਮਾਜਿਕ ਤਾਣੇ-ਬਾਣੇ ਨੂੰ ਮਜ਼ਬੂਤ ਕਰਨ ਵਿੱਚ ਆਪਣੀ ਇਮਾਨਦਾਰੀ, ਮਿਹਨਤ ਅਤੇ ਹੁਨਰ ਨਾਲ ਨਿਵੇਕਲਾ ਯੋਗਦਾਨ ਪਾਇਆ ਹੈ। ਵਿਸ਼ੇਸ਼ ਤੌਰ 'ਤੇ ਅਮਰੀਕਾ ਦੇ ਟਰੱਕਿੰਗ ਖੇਤਰ ਵਿੱਚ ਦਿਨ-ਰਾਤ ਇੱਕ ਕਰਕੇ ਸੇਵਾਵਾਂ ਦੇਣ ਵਾਲੇ ਸਿੱਖ ਡਰਾਈਵਰ ਉੱਥੋਂ ਦੀ ਸਪਲਾਈ ਚੇਨ ਦੀ ਰੀੜ੍ਹ ਦੀ ਹੱਡੀ ਹਨ। ਅਜਿਹੇ ਮਿਹਨਤੀ ਭਾਈਚਾਰੇ ਦੀ ਧਾਰਮਿਕ ਅਤੇ ਕੌਮੀ ਪਛਾਣ ('ਸਿੰਘ') ਨੂੰ ਕਿਸੇ ਕਥਿਤ ਅਪਰਾਧਿਕ ਜਾਂ ਲਾਇਸੈਂਸ ਵਿਵਾਦ ਨਾਲ ਜੋੜ ਕੇ ਪੂਰੀ ਕੌਮ ਨੂੰ ਕਠਘਰੇ ਵਿੱਚ ਖੜ੍ਹਾ ਕਰਨਾ ਅਮਰੀਕਾ ਦੀ ਬਹੁ-ਸੱਭਿਆਚਾਰਕ ਸੋਚ 'ਤੇ ਵੱਡਾ ਧੱਬਾ ਹੈ।

ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਵਿਸ਼ੇਸ਼ ਦੀ ਗਲਤੀ ਨੂੰ ਪੂਰੇ ਧਾਰਮਿਕ ਜਾਂ ਨਸਲੀ ਭਾਈਚਾਰੇ ਨਾਲ ਜੋੜਨਾ ਨਸਲੀ ਵਿਤਕਰੇ (Racial Profiling) ਦੀ ਪ੍ਰਤੱਖ ਉਦਾਹਰਨ ਹੈ, ਜੋ ਅੰਤਰਰਾਸ਼ਟਰੀ ਨਿਯਮਾਂ ਅਤੇ ਸੱਭਿਅਕ ਸਮਾਜ ਦੀਆਂ ਕਦਰਾਂ-ਕੀਮਤਾਂ ਦੇ ਬਿਲਕੁਲ ਉਲਟ ਹੈ। ਅਜਿਹੇ ਪੋਸਟਰ ਅਮਰੀਕਾ ਵਿੱਚ ਰਹਿੰਦੇ ਸਿੱਖਾਂ ਵਿਰੁੱਧ ਨਫ਼ਰਤੀ ਅਪਰਾਧਾਂ (Hate Crimes) ਨੂੰ ਹਵਾ ਦੇ ਸਕਦੇ ਹਨ, ਜਿਸ ਦੀ ਪੂਰੀ ਜ਼ਿੰਮੇਵਾਰੀ ਅਮਰੀਕੀ ਪ੍ਰਸ਼ਾਸਨ ਦੀ ਹੋਵੇਗੀ।

ਜਥੇਦਾਰ ਸਾਹਿਬ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਅਮਰੀਕੀ ਦੂਤਾਵਾਸ ਨੂੰ ਲਿਖੇ ਸਖ਼ਤ ਪੱਤਰ ਦਾ ਪੂਰਨ ਸਮਰਥਨ ਕਰਦਿਆਂ ਕਿਹਾ ਕਿ ਅਮਰੀਕਾ ਸਰਕਾਰ ਨੂੰ ਇਸ ਘਿਨੌਣੀ ਹਰਕਤ ਲਈ ਤੁਰੰਤ ਸਿੱਖ ਜਗਤ ਤੋਂ ਮਾਫੀ ਮੰਗਣੀ ਚਾਹੀਦੀ ਹੈ ਅਤੇ ਇਸ ਪੋਸਟਰ ਨੂੰ ਹਰ ਪਲੇਟਫਾਰਮ ਤੋਂ ਹਟਾਉਣਾ ਚਾਹੀਦਾ ਹੈ।

ਇਸ ਦੇ ਨਾਲ ਹੀ ਸਿੰਘ ਸਾਹਿਬ ਗਿਆਨੀ ਟੇਕ ਸਿੰਘ ਜੀ ਨੇ ਭਾਰਤ ਦੇ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਦੇਰੀ ਦੇ ਇਸ ਸੰਵੇਦਨਸ਼ੀਲ ਮੁੱਦੇ ਨੂੰ ਅਮਰੀਕੀ ਪ੍ਰਸ਼ਾਸਨ ਅਤੇ ਵਿਦੇਸ਼ ਮੰਤਰਾਲੇ ਕੋਲ ਉੱਚ ਪੱਧਰ 'ਤੇ ਉਠਾਉਣ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਵਿਦੇਸ਼ਾਂ ਵਿੱਚ ਵਸਦੇ ਭਾਰਤੀਆਂ, ਖਾਸ ਕਰਕੇ ਪ੍ਰਭਾਵਸ਼ਾਲੀ ਅਤੇ ਮਿਹਨਤੀ ਸਿੱਖ ਭਾਈਚਾਰੇ ਦੀ ਆਣ-ਬਾਣ, ਸ਼ਾਨ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਠੋਸ ਕੂਟਨੀਤਕ ਕਦਮ ਚੁੱਕੇ।

ਇਹ ਵੀ ਪੜ੍ਹੋ  : Sangrur ’ਚ ਕੂੜਾ ਪ੍ਰਬੰਧਨ ਨੂੰ ਲੈ ਕੇ NGT ਸਖ਼ਤ; 84 ਲੱਖ ਰੁਪਏ ਦਾ ਜੁਰਮਾਨਾ ਬਕਾਇਆ, ਸੰਗਰੂਰ DC ਤਲਬ

Related Post