Samana News : ਸਮਾਣਾ ਦੀ ਧੀ ਨੇ ਰੌਸ਼ਨ ਕੀਤਾ ਮਾਪਿਆਂ ਦਾ ਨਾਂਅ, ਗੁਰਪ੍ਰੀਤ ਕੌਰ ਨੇ PCS ਪ੍ਰੀਖਿਆ ਚ ਪਹਿਲਾ ਰੈਂਕ ਕੀਤਾ ਹਾਸਲ

Gurpreet Kaut Samana News : ਗੁਰਪ੍ਰੀਤ ਕੌਰ ਨੇ ਫੌਜ ਵਿੱਚ ਪੰਜ ਸਾਲ ਦੀ ਕਮਾਂਡੈਂਟ ਸੇਵਾ ਤੋਂ ਬਾਅਦ ਪੀਸੀਐਸ ਦੀ ਪ੍ਰੀਖਿਆ ਦੇਣ ਦਾ ਫੈਸਲਾ ਕੀਤਾ। ਵਿਆਹ, ਇੱਕ ਬੇਟੇ ਅਤੇ ਘਰੇਲੂ ਜ਼ਿੰਮੇਵਾਰੀਆਂ ਦੇ ਬਾਵਜੂਦ ਉਸਨੇ ਆਪਣੀ ਮੰਜ਼ਿਲ ਨੂੰ ਹਾਸਿਲ ਕਰਨ ਲਈ ਲਗਾਤਾਰ ਸਖ਼ਤ ਮਿਹਨਤ ਕੀਤੀ।

By  KRISHAN KUMAR SHARMA December 27th 2025 12:26 PM -- Updated: December 27th 2025 12:30 PM

Samana News : ਸਮਾਣਾ ਸ਼ਹਿਰ ਲਈ ਮਾਣ ਦੀ ਗੱਲ ਹੈ। ਸਮਾਣਾ ਦੀ ਧੀ ਗੁਰਪ੍ਰੀਤ ਕੌਰ ਨੇ ਪੀਸੀਐਸ ਦੀ ਪ੍ਰੀਖਿਆ ਵਿੱਚ ਪਹਿਲਾ ਰੈਂਕ ਹਾਸਿਲ ਕਰਕੇ ਨਾ ਸਿਰਫ਼ ਆਪਣੇ ਪਰਿਵਾਰ, ਸਗੋਂ ਪੂਰੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਫੌਜ ਵਿੱਚ ਪੰਜ ਸਾਲ ਕਮਾਂਡੈਂਟ ਵਜੋਂ ਸੇਵਾ ਨਿਭਾਉਣ ਤੋਂ ਬਾਅਦ ਹੁਣ ਉਹ ਪੰਜਾਬ ਦੀ ਸੇਵਾ ਕਰਨ ਦਾ ਸੁਪਨਾ ਲੈ ਕੇ ਅੱਗੇ ਵਧ ਰਹੀ ਹੈ।

ਫੌਜ 'ਚ 5 ਸਾਲ ਦੀ ਸੇਵਾ ਪਿੱਛੋਂ ਕੀਤੀ ਪੀਸੀਐਸ

ਗੁਰਪ੍ਰੀਤ ਕੌਰ ਨੇ ਫੌਜ ਵਿੱਚ ਪੰਜ ਸਾਲ ਦੀ ਕਮਾਂਡੈਂਟ ਸੇਵਾ ਤੋਂ ਬਾਅਦ ਪੀਸੀਐਸ ਦੀ ਪ੍ਰੀਖਿਆ ਦੇਣ ਦਾ ਫੈਸਲਾ ਕੀਤਾ। ਵਿਆਹ, ਇੱਕ ਬੇਟੇ ਅਤੇ ਘਰੇਲੂ ਜ਼ਿੰਮੇਵਾਰੀਆਂ ਦੇ ਬਾਵਜੂਦ ਉਸਨੇ ਆਪਣੀ ਮੰਜ਼ਿਲ ਨੂੰ ਹਾਸਿਲ ਕਰਨ ਲਈ ਲਗਾਤਾਰ ਸਖ਼ਤ ਮਿਹਨਤ ਕੀਤੀ। ਉਸ ਨੇ ਆਪਣੀ ਇਸ ਕਾਮਯਾਬੀ ਪਿੱਛੇ ਪੇਕਾ ਅਤੇ ਸਹੁਰਾ ਪਰਿਵਾਰ ਦੋਵਾਂ ਵੱਲੋਂ ਪੂਰਾ ਸਹਿਯੋਗ ਦੱਸਿਆ।

ਪਰਿਵਾਰਕ ਮੈਂਬਰਾਂ ਨੇ ਜ਼ਾਹਰ ਕੀਤੀ ਖੁਸ਼ੀ

ਪਰਿਵਾਰਕ ਮੈਂਬਰਾਂ ਵਿੱਚ ਖੁਸ਼ੀ ਦੀ ਲਹਿਰ ਹੈ। ਗੁਰਪ੍ਰੀਤ ਕੌਰ ਦੇ ਸਹੁਰਾ ਪੀਆਰਟੀ ਵਿਭਾਗ ਤੋਂ ਇੰਸਪੈਕਟਰ ਵਜੋਂ ਰਿਟਾਇਰ ਹੋ ਚੁੱਕੇ ਹਨ। ਗੁਰਸੇਵਕ ਸਿੰਘ ਨੇ ਕਿਹਾ,  “ਵਾਹਿਗੁਰੂ ਦੀ ਕਿਰਪਾ ਹੈ। ਅਸੀਂ ਇਸਨੂੰ ਕਦੇ ਨੂੰਹ ਨਹੀਂ, ਧੀ ਸਮਝਿਆ। ਪੜ੍ਹਾਈ ਵਿੱਚ ਪੂਰਾ ਸਹਿਯੋਗ ਦਿੱਤਾ। ਅੱਜ ਸਾਡੇ ਪਰਿਵਾਰ ਦਾ ਨਾਮ ਰੌਸ਼ਨ ਹੋਇਆ ਹੈ।”

ਦੇਵਰ ਨੇ ਵੀ ਆਪਣੀ ਭਰਜਾਈ ਦੀ ਇਸ ਕਾਮਯਾਬੀ ’ਤੇ ਮਾਣ ਮਹਿਸੂਸ ਕੀਤਾ। ਗੁਰਪ੍ਰੀਤ ਕੌਰ ਦੇ ਦਿਓਰ ਹਰਪ੍ਰੀਤ ਸਿੰਘ ਨੇ ਕਿਹਾ, “ਸਾਡਾ ਪਰਿਵਾਰ ਫੌਜ ਵਿੱਚ ਦੇਸ਼ ਦੀ ਸੇਵਾ ਕਰਦਾ ਆ ਰਿਹਾ ਹੈ। ਹੁਣ ਪੰਜਾਬ ਵਿੱਚ ਵੀ ਸੇਵਾ ਕਰਨ ਦਾ ਮੌਕਾ ਮਿਲੇਗਾ। ਸਾਨੂੰ ਬਹੁਤ ਮਾਣ ਹੈ।”

ਲੋਕਾਂ ਤੱਕ ਪਹੁੰਚਾਵਾਂਗੀ ਸਰਕਾਰੀ ਨੀਤੀਆਂ : ਗੁਰਪ੍ਰੀਤ ਕੌਰ

ਜਦੋਂ ਇਸ ਸਬੰਧੀ ਪੀਸੀਐਸ ਟਾਪਰ ਗੁਰਪ੍ਰੀਤ ਕੌਰ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ, “ਮੈਂ ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਲੋਕਾਂ ਤੱਕ ਪਹੁੰਚਾਵਾਂਗੀ। ਖ਼ਾਸ ਕਰਕੇ ਕੁੜੀਆਂ ਲਈ ਕੰਮ ਕਰਾਂਗੀ। ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਹੈ ਕਿ ਵਿਦੇਸ਼ਾਂ ਵੱਲ ਭੱਜਣ ਦੀ ਬਜਾਏ ਪੜ੍ਹਾਈ ਕਰੋ, ਨਸ਼ਿਆਂ ਤੋਂ ਦੂਰ ਰਹੋ ਅਤੇ ਦੇਸ਼-ਪੰਜਾਬ ਦੀ ਸੇਵਾ ਕਰੋ।”

ਸਮਾਣਾ ਦੀ ਧੀ ਗੁਰਪ੍ਰੀਤ ਕੌਰ ਅੱਜ ਹਜ਼ਾਰਾਂ ਨੌਜਵਾਨਾਂ ਲਈ ਪ੍ਰੇਰਣਾ ਬਣ ਚੁੱਕੀ ਹੈ। ਉਸ ਦੀ ਇਹ ਕਾਮਯਾਬੀ ਸਾਬਤ ਕਰਦੀ ਹੈ ਕਿ ਮਿਹਨਤ, ਹੌਸਲੇ ਅਤੇ ਪਰਿਵਾਰਕ ਸਹਿਯੋਗ ਨਾਲ ਹਰ ਮੰਜ਼ਿਲ ਹਾਸਿਲ ਕੀਤੀ ਜਾ ਸਕਦੀ ਹੈ।

Related Post