PTC News
Search
🔍 Search

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਤੇ ਸੰਗਤ ਨੂੰ ਦਿੱਤੀਆਂ ਵਧਾਈਆਂ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਤਹਿਤ 28 ਤਾਰੀਖ਼ ਨੂੰ ਗੁਰਦੁਆਰਿਆਂ ਵਿੱਚ ਵਿਸ਼ੇਸ਼ ਅਰਦਾਸ ਕਰਨ ਦੀ ਅਪੀਲ

By  Jaswinder Kaur October 27th 2026 12:25 PM

SGPC President congratulates the Sangat on the birth anniversary of Sri Guru Ramdas Ji : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਗਤ ਗੁਰੂ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ 'ਤੇ ਦੇਸ਼ ਅਤੇ ਵਿਦੇਸ਼ ਦੀ ਸਮੁੱਚੀ ਨਾਨਕ ਨਾਮ ਲੇਵਾ ਸੰਗਤ ਨੂੰ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਗੁਰੂ ਰਾਮਦਾਸ ਜੀ ਦਾ ਦਰਬਾਰ ਇੱਕ ਅਜਿਹਾ ਮਹਾਨ ਅਸਥਾਨ ਹੈ ਜਿੱਥੇ ਜਾਤ, ਪਾਤ, ਰੰਗ-ਨਸਲ, ਅਮੀਰ-ਗ਼ਰੀਬ ਜਾਂ ਕਿਸੇ ਵੀ ਤਰ੍ਹਾਂ ਦੇ ਭੇਦਭਾਵ ਤੋਂ ਉੱਪਰ ਉੱਠ ਕੇ ਹਰ ਮਨੁੱਖ ਨੂੰ ਬਰਾਬਰ ਦਾ ਸਤਿਕਾਰ ਮਿਲਦਾ ਹੈ। ਇੱਥੇ ਪਹੁੰਚ ਕੇ ਹਰ ਕੋਈ ਪ੍ਰਾਣੀ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਦਾ ਹੈ, ਸੱਚਖੰਡ ਵਿਖੇ ਕੀਤਨ ਸਰਵਨ ਕਰਦਾ ਹੈ ਅਤੇ ਗੁਰੂ ਕਾ ਲੰਗਰ ਛਕਦਾ ਹੈ।  

ਇਹ ਵੀ ਪੜ੍ਹੋ : 

https://www.ptcnews.tv/news-in-punjabi/sri-darbar-sahib-on-the-occasion-of-the-parkash-purab-of-sri-guru-ramdas-ji-4430999

ਐਡਵੋਕੇਟ ਧਾਮੀ ਨੇ ਸੰਗਤ ਨੂੰ ਅਪੀਲ ਕੀਤੀ ਕਿ ਸਾਨੂੰ ਗੁਰੂ ਸਾਹਿਬਾਨਾਂ ਦੇ ਦਰਸਾਏ ਮਾਰਗ 'ਤੇ ਚੱਲਦਿਆਂ ਗੁਰਬਾਣੀ ਦੇ ਉਪਦੇਸ਼ਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣਾ ਚਾਹੀਦਾ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਹੇਠ ਜੀਵਨ ਜਿਉਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਪਾਕਿਸਤਾਨ ਤੋਂ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਸਿੱਖ ਜਥੇ (ਕਰੀਬ 49 ਸ਼ਰਧਾਲੂਆਂ) ਦਾ ਵਿਸ਼ੇਸ਼ ਤੌਰ 'ਤੇ ਸਵਾਗਤ ਕੀਤਾ ਅਤੇ ਖ਼ੁਸ਼ੀ ਜ਼اਹਰ ਕੀਤੀ ਕਿ ਪਾਕਿਸਤਾਨੀ ਸ਼ਰਧਾਲੂਆਂ ਨੇ ਇੱਥੇ ਪਹੁੰਚ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕੀਤੀਆਂ ਹਨ।

 ਇਸ ਦੇ ਨਾਲ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਮਿਲੇ ਆਦੇਸ਼ਾਂ ਅਤੇ ਸੰਗਤ ਨੂੰ ਕੀਤੀ ਗਈ ਅਪੀਲ ਤਹਿਤ ਆਉਣ ਵਾਲੀ 28 ਤਾਰੀਖ਼ ਨੂੰ ਹਰ ਸਥਾਨ ਅਤੇ ਗੁਰਦੁਆਰਾ ਸਾਹਿਬਾਨਾਂ ਵਿੱਚ ਵਿਛੜੀਆਂ ਰੂਹਾਂ ਅਤੇ ਸ਼ਹੀਦਾਂ ਪ੍ਰਤੀ ਅਰਦਾਸ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ, ਤਾਂ ਜੋ ਸਮੁੱਚੀ ਕੌਮ ਮਿਲ ਕੇ ਗੁਰੂ ਚਰਨਾਂ ਵਿੱਚ ਅਰਦਾਸ ਕਰ ਸਕੇ।

ਦੱਸ ਦੇਈਏ ਕਿ ਗੁਰੂ ਨਗਰੀ ਅੰਮ੍ਰਿਤਸਰ ਦੇ ਬਾਨੀ ਸ੍ਰੀ ਗੁਰੂ ਰਾਮਦਾਸ ਜੀ ਦਾ 492ਵਾਂ ਪ੍ਰਕਾਸ਼ ਪੁਰਬ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੇਤ ਦੇਸ਼ ਵਿਦੇਸ਼ ਵਿਚ ਸ਼ਰਧਾ ਤੇ ਉਤਸ਼ਾਹ ਸਹਿਤ ਮਨਾਇਆ ਜਾ ਰਿਹਾ ਹੈ। ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ਵਿਚ ਸੰਗਤਾਂ ਪ੍ਰਕਾਸ਼ ਪੁਰਬ ਸਮਾਗਮਾਂ ਵਿਚ ਸ਼ਿਰਕਤ ਕਰਨ ਲਈ ਪੁੱਜ ਰਹੀਆਂ ਹਨ। ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਰੰਗ ਬਿਰੰਗੇ ਦੇਸੀ ਵਿਦੇਸ਼ੀ ਫੁੱਲਾਂ ਨਾਲ ਕੀਤੀ ਗਈ ਸਜਾਵਟ ਸ਼ਰਧਾਲੂਆਂ ਦਾ ਮਨ ਮੋਹ ਰਹੀ ਹੈ।

ਅੱਜ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਗੁਰਦੁਆਰਾ ਬਾਬਾ ਅਟੱਲ ਰਾਏ ਜੀ ਵਿਖੇ ਸੁੰਦਰ ਜਲੌਅ ਸਜਾਏ ਜਾ ਰਹੇ ਹਨ ਤੇ ਸ਼ਾਮ ਨੂੰ ਦੀਪਮਾਲਾ ਹੋਵੇਗੀ ਅਤੇ ਆਤਿਸ਼ਬਾਜ਼ੀ ਚਲਾਈ ਜਾਵੇਗੀ। ਇਸ ਤਰ੍ਹਾਂ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਰਾਤ ਸਜਾਏ ਜਾ ਰਹੇ ਗੁਰਮਤਿ ਸਮਾਗਮ ਦੌਰਾਨ ਪ੍ਰਸਿੱਧ ਕਥਾਵਾਚਕ ਗਿਆਨੀ ਪਿੰਦਰਪਾਲ ਸਿੰਘ ਅਤੇ ਕੀਰਤਨੀਏ ਭਾਈ ਦਵਿੰਦਰ ਸਿੰਘ ਸੋਹਾਣਾ ਵਾਲੇ ਕਥਾ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ।


Related Post