PTC News
Search
🔍 Search

ਹੁਸ਼ਿਆਰਪੁਰ ਦੇ ਪਿੰਡ ਸਤੌਰ ਚ ਚੱਲੀਆਂ ਗੋਲੀਆਂ, ਕਾਂਗਰਸੀ ਸਰਪੰਚ ਦਾ ਮੁੰਡਾ ਗ੍ਰਿਫ਼ਤਾਰ

Hoshiapur Firing : ਸਰਪੰਚ ਪਰਿਵਾਰ ਮੁਤਾਬਕ, ਜਦੋਂ ਉਨ੍ਹਾਂ ਦੇ ਪੁੱਤਰ ਨੇ ਬਚਾਅ ਲਈ ਰਿਵਾਲਵਰ ਖੋਹਣ ਦੀ ਕੋਸ਼ਿਸ਼ ਕੀਤੀ, ਤਾਂ ਇਸ ਦੌਰਾਨ ਇੱਕ ਗੋਲੀ ਚੱਲ ਗਈ, ਜੋ ਨਾਲ ਦੇ ਗੁਆਂਢੀਆਂ ਦੇ ਘਰ ਦੀ ਪਾਣੀ ਵਾਲੀ ਟੈਂਕੀ ਵਿੱਚ ਜਾ ਲੱਗੀ। ਇਸ ਤੋਂ ਬਾਅਦ ਜਦੋਂ ਮੁੜ ਰਿਵਾਲਵਰ ਤਾਣੀ ਗਈ ਤਾਂ ਇੱਕ ਹਵਾਈ ਫ਼ਾਇਰ ਹੋਇਆ।

By  KRISHAN KUMAR SHARMA October 31st 2026 01:51 PM

Hoshiapur News : ਹੁਸ਼ਿਆਰਪੁਰ ਦੇ ਪਿੰਡ ਸਤੌਰ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਮੌਜੂਦਾ ਸਰਪੰਚ ਦੇ ਘਰ ਦੇ ਗੇਟ ਨਾਲ ਪੁਲਿਸ ਮੁਲਾਜ਼ਮ ਦੀ ਗੱਡੀ ਟਕਰਾਉਣ ਤੋਂ ਬਾਅਦ ਮਾਮਲਾ ਕਾਫ਼ੀ ਗੰਭੀਰ ਰੂਪ ਧਾਰਨ ਕਰ ਗਿਆ। ਘਟਨਾ ਦੌਰਾਨ ਗੋਲੀਆਂ ਚੱਲਣ ਦੀ ਵੀ ਜਾਣਕਾਰੀ ਮਿਲੀ ਹੈ, ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਸਰਪੰਚ ਦੇ ਪੁੱਤਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਸਰਪੰਚ ਦਾ ਪਤੀ ਮੌਕੇ ਤੋਂ ਫ਼ਰਾਰ ਦੱਸਿਆ ਜਾ ਰਿਹਾ ਹੈ।

​​ਪ੍ਰਾਪਤ ਜਾਣਕਾਰੀ ਅਨੁਸਾਰ, ਪਿੰਡ ਦੀ ਮੌਜੂਦਾ ਸਰਪੰਚ ਕੁਲਦੀਪ ਕੌਰ ਦੇ ਘਰ ਦੇ ਮੁੱਖ ਗੇਟ ਵਿੱਚ ਇੱਕ ਪੁਲਿਸ ਮੁਲਾਜ਼ਮ ਵੱਲੋਂ ਗੱਡੀ ਲਿਆ ਕੇ ਮਾਰੀ ਗਈ। ਇਸ ਤੋਂ ਬਾਅਦ ਸਰਪੰਚ ਦਾ ਪਤੀ ਅਤੇ ਉਸ ਦਾ ਪੁੱਤਰ ਘਟਨਾ ਬਾਰੇ ਪੁੱਛਗਿੱਛ ਕਰਨ ਲਈ ਉਕਤ ਪੁਲਿਸ ਮੁਲਾਜ਼ਮ ਦੇ ਘਰ ਪਹੁੰਚੇ। ਸਰਪੰਚ ਪਰਿਵਾਰ ਦਾ ਦੋਸ਼ ਹੈ ਕਿ ਜਦੋਂ ਉਹ ਵਜ੍ਹਾ ਪੁੱਛਣ ਗਏ ਤਾਂ ਪੁਲਿਸ ਮੁਲਾਜ਼ਮ ਨੇ ਆਪਣੀ ਸਰਕਾਰੀ ਰਿਵਾਲਵਰ ਉਨ੍ਹਾਂ 'ਤੇ ਤਾਣ ਦਿੱਤੀ।

ਸਰਪੰਚ ਪਰਿਵਾਰ ਮੁਤਾਬਕ, ਜਦੋਂ ਉਨ੍ਹਾਂ ਦੇ ਪੁੱਤਰ ਨੇ ਬਚਾਅ ਲਈ ਰਿਵਾਲਵਰ ਖੋਹਣ ਦੀ ਕੋਸ਼ਿਸ਼ ਕੀਤੀ, ਤਾਂ ਇਸ ਦੌਰਾਨ ਇੱਕ ਗੋਲੀ ਚੱਲ ਗਈ, ਜੋ ਨਾਲ ਦੇ ਗੁਆਂਢੀਆਂ ਦੇ ਘਰ ਦੀ ਪਾਣੀ ਵਾਲੀ ਟੈਂਕੀ ਵਿੱਚ ਜਾ ਲੱਗੀ। ਇਸ ਤੋਂ ਬਾਅਦ ਜਦੋਂ ਮੁੜ ਰਿਵਾਲਵਰ ਤਾਣੀ ਗਈ ਤਾਂ ਇੱਕ ਹਵਾਈ ਫ਼ਾਇਰ ਹੋਇਆ। ਆਖ਼ਰਕਾਰ, ਸਰਪੰਚ ਦੇ ਪੁੱਤਰ ਨੇ ਪੁਲਿਸ ਮੁਲਾਜ਼ਮ ਤੋਂ ਸਰਕਾਰੀ ਰਿਵਾਲਵਰ ਖੋਹ ਲਈ ਅਤੇ ਉਹ ਘਰ ਵਾਪਸ ਆ ਗਏ।

​ਘਟਨਾ ਤੋਂ ਤੁਰੰਤ ਬਾਅਦ ਪੁਲਿਸ ਮੁਲਾਜ਼ਮ ਨੇ ਆਪਣੇ ਮਹਿਕਮੇ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਭਾਰੀ ਪੁਲਿਸ ਫੋਰਸ ਮੌਕੇ 'ਤੇ ਪਹੁੰਚੀ। ਮੌਕੇ 'ਤੇ ਪਹੁੰਚੀ ਪੁਲਿਸ ਅਤੇ ਸਰਪੰਚ ਪਰਿਵਾਰ ਵਿਚਾਲੇ ਕਾਫ਼ੀ ਤਿੱਖੀ ਬਹਿਸ ਹੋਈ। ਸਰਪੰਚ ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਮੁਲਾਜ਼ਮ ਵੱਲੋਂ ਉਨ੍ਹਾਂ ਦੇ ਘਰ 'ਤੇ ਹਮਲਾ ਕੀਤਾ ਗਿਆ ਸੀ, ਪਰ ਪੁਲਿਸ ਉਨ੍ਹਾਂ 'ਤੇ ਹੀ ਰਿਵਾਲਵਰ ਖੋਹਣ ਦੇ ਦੋਸ਼ ਲਗਾ ਰਹੀ ਹੈ।

​ਮੌਕੇ 'ਤੇ ਪਹੁੰਚੀ ਪੁਲਿਸ ਟੀਮ ਨੇ ਕਾਰਵਾਈ ਕਰਦਿਆਂ ਸਰਪੰਚ ਦੇ ਪੁੱਤਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਸਰਪੰਚ ਦਾ ਪਤੀ ਮੌਕੇ ਤੋਂ ਫ਼ਰਾਰ ਹੋ ਗਿਆ।

​ਦੂਜੇ ਪਾਸੇ, ਪੁਲਿਸ ਮੁਲਾਜ਼ਮ ਦਾ ਕਹਿਣਾ ਹੈ ਕਿ ਉਸ ਦੀ ਸਰਕਾਰੀ ਰਿਵਾਲਵਰ ਜ਼ਬਰਦਸਤੀ ਖੋਹਣ ਦੀ ਕੋਸ਼ਿਸ਼ ਕੀਤੀ ਗਈ ਅਤੇ ਉਸ ਤੋਂ ਹਥਿਆਰ ਖੋਹ ਲਿਆ ਗਿਆ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਵੱਖ-ਵੱਖ ਪਹਿਲੂਆਂ ਤੋਂ ਡੂੰਘਾਈ ਨਾਲ ਤਫ਼ਤੀਸ਼ ਕੀਤੀ ਜਾ ਰਹੀ ਹੈ।

Related Post