ਸੁਲਤਾਨਪੁਰ ਲੋਧੀ ਪੱਤਰਕਾਰ ਮਾਮਲਾ: ਜੇ ਕਾਰਵਾਈ ਨਾ ਹੋਈ ਤਾਂ ਪੱਤਰਕਾਰ ਉਲੀਕਣਗੇ ਵੱਡਾ ਐਕਸ਼ਨ: ਬਲਵਿੰਦਰ ਸਿੰਘ ਜੰਮੂ

By  Amritpal Singh November 27th 2023 06:47 PM

Punjab News: ਪੰਜਾਬ ਪੁਲਿਸ ਵੱਲੋਂ ਸੁਲਤਾਨਪੁਰ ਲੋਧੀ  ‘ਤੇ ਪੱਤਰਕਾਰਾਂ ‘ਤੇ ਕੀਤੇ ਹਮਲੇ ਨਾਲ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਨਾਲ ਗਰਮਾ ਗਈ ਹੈ। ਇਸ ਘਟਨਾ ਨੇ ਪੁਲਿਸ ਦੇ ਵਤੀਰੇ ਨਾਲ ਸਮੁੱਚੇ ਪੰਜਾਬ ਦੀ ਬਦਨਾਮੀ ਦੁਨੀਆਂ ਭਰ ਵਿੱਚ ਕਰਵਾਈ ਹੈ। ਪੰਜਾਬ ਪ੍ਰੈਸ ਕਲੱਬ ਦੇ ਪ੍ਰਧਾਨ ਸਤਨਾਮ ਮਾਣਕ ਨੇ ਕਿਹਾ ਕਿ ਪੁਲਿਸ ਦੇ ਵਤੀਰੇ ਅੱਤਵਾਦ ਦੇ ਦਿਨਾਂ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅੱਤਵਾਦ ਦੇ ਕਾਲੇ ਦੌਰ ਵਿੱਚ ਪੁਲਿਸ ਨੂੰ ਕਾਨੂੰਨ ਦਾ ਕੋਈ ਡਰ ਭੈਅ ਨਹੀਂ ਸੀ, ਇਹ ਸਾਰਾ ਕੁਝ ਸੁਲਤਾਨਪੁਰ ਲੋਧੀ ਵਿੱਚ ਦੇਖਣ ਨੂੰ ਮਿਲਿਆ ਜਦੋਂ ਪੀਟੀਸੀ ਦੇ ਪੱਤਰਕਾਰ ਚਰਨਜੀਤ ਢਿੱਲੋ ਦਾ ਪੁਲੀਸ ਦੇ ਤੱਸ਼ਦਦ ਨੇ ਕੰਨ ਦਾ ਪਰਦਾ ਪਾੜ ਗਿਆ ਤੇ ਕੈਮਰਾ ਮੈਨ ਦੇ ਹੱਥ ਦੀਆਂ ਦੋ ਉਂਗਲਾਂ ਤੋੜ ਦਿੱਤੀਆਂ ਗਈਆ। ਸਤਨਾਮ ਮਾਣਕ ਨੇ ਕਿਹਾ ਕਿ ਅੱਤਵਾਦ ਦੇ ਦਿਨਾਂ ਵਿੱਚ ਪੱਤਰਕਾਰਾਂ ਨਾਲ ਮਾੜਾ ਸਲੂਕ ਨਹੀਂ ਸੀ ਹੋਇਆ। ਉਨ੍ਹਾਂ ਕਿਹਾ ਕਿ ਦੋਵੇਂ ਪੱਤਰਕਾਰਾਂ ਦੇ ਲਈ ਇਨਸਾਫ਼ ਦੀ ਲੜਾਈ ਪੰਜਾਬ ਦਾ ਸਮੁੱਚਾ ਪੱਤਰਕਾਰ ਭਾਈਚਾਰਾ ਇੱਕਜੁਟਤਾ ਨਾਲ ਲੜਾਈ ਲੜੇਗਾ।

ਆਲ ਇੰਡੀਆ ਪੱਤਰਕਾਰ ਯੂਨੀਅਨ ਦੇ ਸਕੱਤਰ ਜਨਰਲ ਬਲਵਿੰਦਰ ਸਿੰਘ ਜੰਮੂ ਨੇ ਕਿਹਾ ਕਿ ਪੰਜਾਬ ਪੁਲਿਸ ਏਨੀ ਜ਼ਿਆਦਾ ਗੈਰ ਸੰਵੇਦਨਸ਼ੀਲ ਹੋਵੇਗੀ ਇਸ ਦਾ ਅੰਦਾਜ਼ਾ ਨਹੀਂ ਸੀ ਲਾਇਆ। ਉਨ੍ਹਾਂ ਕਿਹਾ ਕਿ ਇਸ ਮਸਲੇ ਨੂੰ ਪ੍ਰੈਸ ਕੌਂਸਲ ਆਫ਼ ਇੰਡੀਆ ਦੇ ਧਿਆਨ ਵਿੱਚ ਲਿਆਂਦਾ ਜਾ ਚੁੱਕਾ ਹੈ ਤੇ ਇਸ ਮਾਮਲੇ ਵਿੱਚ ਦੋਸ਼ੀ ਪੁਲੀਸ ਮੁਲਾਜ਼ਮ ਵਿਰੁੱਧ ਕਾਰਵਾਈ ਕਰਵਾਉਣ ਲਈ ਜੱਥੇਬੰਦੀ ਪੂਰੀ ਵਾਹ ਲਾਵੇਗੀ ਤੇ ਇਨਸਾਫ਼ ਲੈਣ ਤੱਕ ਲੜਾਈ ਜਾਰੀ ਰਹੇਗੀ, ਪੰਜਾਬ ਦਾ ਸਮੁੱਚਾ ਭਾਈਚਾਰਾ ਦੋਵੇਂ ਪੱਤਰਕਾਰਾਂ ਦੀ ਪਿੱਠ ‘ਤੇ ਖੜਾਂ ਹੈ।

Related Post