ਮੁਹਾਲੀ ਰੇਡ ਤੋਂ ਬਾਅਦ ਆਪ ਦੀ ਸਿਖਰਲੀ ਲੀਡਰਸ਼ਿਪ ਚ ਫੁੱਟ ਉਜਾਗਰ ਹੋਈ ; ਸੁਨੀਲ ਜਾਖੜ ਬੋਲੇ - 4 ਸਾਲਾਂ ਦੀ ਲੁੱਟ ਦਾ ਹੋਵੇਗਾ ਹਿਸਾਬ

Sunil Jakhar Slams AAP : ਸੁਨੀਲ ਜਾਖੜ ਨੇ ਕਿਹਾ ਕਿ ਆਪ ਵਾਲੇ, ਜਿੰਨਾ ਮਰਜ਼ੀ ਇਹ ਦਾਅਵਾ ਕਰ ਲੈਣ ਕਿ ਕੱਲ ਦੀ ਰੇਡ ਦੇ ਲੋਕਾਂ ਨਾਲ ਕੋਈ ਸਬੰਧ ਨਹੀਂ ਪਰ ਹੁਣ ਤੱਕ ਜੋ ਤੱਥ ਜਨਤਕ ਹੋ ਚੁੱਕੇ ਹਨ ਉਹ ਆਪ ਆਗੂਆਂ ਦੀ ਅਤੇ ਇੱਥੋਂ ਤੱਕ ਕਿ ਮੁੱਖ ਮੰਤਰੀ ਦਫਤਰ ਦੀ ਵੀ ਉਨਾ ਲੋਕਾਂ ਨਾਲ ਸਾਂਝ ਨੂੰ ਬਾਖੂਬੀ ਬਿਆਨ ਕਰਦੇ ਹਨ।

By  KRISHAN KUMAR SHARMA May 8th 2026 07:03 PM -- Updated: May 8th 2026 07:06 PM

Sunil Jakhar Slams AAP : ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਆਖਿਆ ਹੈ ਕਿ ਮੁਹਾਲੀ ਵਿਖੇ ਈਡੀ ਦੀ ਕਾਰਵਾਈ ਤੋਂ ਬਾਅਦ ਆਪ ਪਾਰਟੀ ਵਿੱਚ ਤਰੇੜਾਂ ਸਪਸ਼ਟ ਹੋ ਗਈਆਂ ਹਨ। ਉਨ੍ਹਾਂ ਨੇ ਤੰਜ ਕਸਦਿਆਂ ਕਿਹਾ ਹੈ ਕਿ ਪਾਰਟੀ ਦੀ ਫੁੱਟ ਅੰਦਰੂਨੀ ਹੈ ਅਤੇ ਫਿਰ ਜਦ ਕੋਈ ਪਾਰਟੀ ਛੱਡ ਜਾਂਦਾ ਹੈ ਤਾਂ ਇਸ ਲਈ ਭਾਜਪਾ ਨੂੰ ਜਿੰਮੇਵਾਰ ਦੱਸਿਆ ਜਾਂਦਾ ਹੈ। (BJP vs AAP)

ਇਸ ਸਬੰਧੀ ਸੋਸ਼ਲ ਮੀਡੀਆ ਤੇ ਸਾਂਝੇ ਕੀਤੇ ਸੁਨੇਹੇ ਵਿੱਚ ਸੁਨੀਲ ਜਾਖੜ ਨੇ ਲਿਖਿਆ ਹੈ, "ਈਡੀ (ED) ਦੀ ਜਾਂਚ ਤਾਂ ਜਾਰੀ ਹੈ, ਤੇ ਪੜਤਾਲ ਮੁਕੰਮਲ ਹੋਣ ਤੇ ਹੀ ਕੋਈ ਅੰਤਮ ਨਿਰਣਾ ਹੋਵੇਗਾ, ਪਰ ਜਿਸ ਤਰਾਂ ਮੋਹਾਲੀ ਵਿਚ ਈਡੀ (Mohali Raid) ਦੇ ਛਾਪਿਆਂ ਦੀ ਖ਼ਬਰ ਸਾਹਮਣੇ ਆਉਣ ਸਾਰ ਹੀ ਕੱਲ ਕਾਹਲੀ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਸੀ ਕਿ ਸਾਡਾ ਇਸ ਨਾਲ ਕੋਈ ਸਬੰਧ ਨਹੀਂ, ਇਸ ਨੇ ਮੁੱਖ ਮੰਤਰੀ ਤੇ ਉਨ੍ਹਾਂ ਦੇ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਦੇ ਆਪਸੀ ਸਬੰਧਾਂ ਨੂੰ ਜਰੂਰ ਉਜਾਗਰ ਕਰ ਦਿੱਤਾ ਹੈ। ਵੈਸੇ ਮੁੱਖ ਮੰਤਰੀ ਤੇ ਪਾਰਟੀ ਪ੍ਰਧਾਨ ਦੇ "ਗੂੜੇ ਸਬੰਧਾਂ" ਦਾ ਰੂਪ 1 ਮਈ ਦੀ ਕੈਬਨਿਟ ਮੀਟਿੰਗ ਵਿਚ ਵੀ ਵੇਖਣ ਨੂੰ ਮਿਲਿਆ ਸੀ। ਫਿਰ ਬਾਅਦ ਵਿਚ ਮੁੱਖ ਮੰਤਰੀ ਪਾਰਟੀ ਛੱਡਣ ਵਾਲਿਆਂ ਲਈ ਬੀਜੇਪੀ ਨੂੰ ਉਲਾਂਭਾ ਦਿੰਦੇ ਹਨ।"

ਭਾਜਪਾ ਪ੍ਰਧਾਨ ਨੇ ਆਖਿਆ ਕਿ ਮੁੱਖ ਮੰਤਰੀ ਦੇ ਕੱਲ ਦੇ ਬਿਆਨ ਨੇ ਬੜਾ ਕੁਝ ਸਪਸ਼ਟ ਕਰ ਦਿੱਤਾ ਸੀ ਕਿ ਆਪ ਪਾਰਟੀ ਦੇ ਅੰਦਰ ਮਤਭੇਦ ਕਿਸ ਹੱਦ ਤੱਕ ਵਧ ਚੁੱਕੇ ਹਨ। ਉਹਨਾਂ ਨੇ ਕਿਹਾ ਕਿ ਸ਼ਾਇਦ ਮੁੱਖ ਮੰਤਰੀ ਪਾਰਟੀ ਵਿੱਚ ਅਜਿਹਾ ਕੋਈ ਚਿਹਰਾ ਰਹਿਣ ਹੀ ਨਹੀਂ ਦੇਣਾ ਚਾਹੁੰਦੇ ਜੋ ਕੱਲ ਨੂੰ ਉਹਨਾਂ ਲਈ ਖਤਰਾ ਬਣ ਸਕਦਾ ਹੋਵੇ। 

ਉਨਾਂ ਨੇ 1 ਮਈ ਦੀ ਕੈਬਨਟ ਮੀਟਿੰਗ ਦਾ ਵੀ ਜ਼ਿਕਰ ਕਰਦਿਆਂ ਕਿਹਾ ਕਿ ਉਕਤ ਬੈਠਕ ਵਿੱਚ ਵੀ ਮੁੱਖ ਮੰਤਰੀ ਵੱਲੋਂ ਅਮਨ ਅਰੋੜਾ ਅਤੇ ਸੰਜੀਵ ਅਰੋੜਾ ਨੂੰ ਵਿਸ਼ੇਸ਼ ਤੌਰ ਤੇ ਜਲੀਲ ਕੀਤਾ ਗਿਆ ਸੀ। 

ਸੁਨੀਲ ਜਾਖੜ ਨੇ ਕਿਹਾ ਕਿ ਆਪ ਪਾਰਟੀ ਦੇ ਆਗੂ ਜਿੰਨਾ ਮਰਜ਼ੀ ਇਹ ਦਾਅਵਾ ਕਰ ਲੈਣ ਕਿ ਉਹਨਾਂ ਦਾ ਕੱਲ ਦੀ ਰੇਡ ਦੇ ਲੋਕਾਂ ਨਾਲ ਕੋਈ ਸਬੰਧ ਨਹੀਂ ਪਰ ਹੁਣ ਤੱਕ ਜੋ ਤੱਥ ਜਨਤਕ ਹੋ ਚੁੱਕੇ ਹਨ ਉਹ ਆਪ ਆਗੂਆਂ ਦੀ ਅਤੇ ਇੱਥੋਂ ਤੱਕ ਕਿ ਮੁੱਖ ਮੰਤਰੀ ਦਫਤਰ ਦੀ ਵੀ ਉਨਾ ਲੋਕਾਂ ਨਾਲ ਸਾਂਝ ਨੂੰ ਬਾਖੂਬੀ ਬਿਆਨ ਕਰਦੇ ਹਨ। ਉਨ੍ਹਾਂ ਨੇ ਆਖਿਆ ਕਿ ਪੰਜਾਬ ਦੀ ਪਿਛਲੇ ਚਾਰ ਸਾਲਾਂ ਵਿੱਚ ਕੀਤੀ ਗਈ ਲੁੱਟ ਦਾ ਹੁਣ ਪੰਜਾਬ ਹਿਸਾਬ ਮੰਗਦਾ ਹੈ।

Related Post